ਜੌਹਰ ਖਾਲਸਾ
(੧੭)
ਗੁਰਦ੍ਵਾਰੇ ਜਿਹੜੇ ਢਾਹੇ ਜ਼ਾਲਮਾਂ ਸਨ ਫੇਰ ਵਿਤਅਨੁਸਾਰ ਬਣਵਾਇ ਇਸਨੇ
ਮੁਰਦੇ ਸਿੰਘਾਂ ਦੇ ਕੱਢਕੇ ਖੂਹਾਂ ਵਿਚੋਂ ਕੱਠੇ ਕਰ ਸਸਕਾਰ ਕਰਵਾਇ ਇਸਨੇ
ਕਈ ਬੱਧੇ ਆਇ ਸਿੰਘ ਵੱਢੀਆਂ ਦੇਇ ਉਹ ਮੁਖਬਰਾਂ ਹਥੋਂ ਛੁਡਾਇ ਇਸਨੇ
ਪਾ ਹੁਕਮ ਹਾਸਲ ਕਰਤਾਰ ਸਿੰਘਾ ਚੰਗੇ ਫਰਜ਼ ਸਨ ਤਦੋਂ ਨਿਬਾਹਿ ਇਸਨੇ
ਸੁਬੇਗ ਸਿੰਘ ਤੇ ਚੁਗਲੀਆਂ
ਇਹ ਗੱਲ ਦੋਖੀਆਂ ਨੂੰ ਕਦੋਂ ਭਾਂਵਦੀ ਸੀ ਕਰਦੇ ਈਰਖਾ ਰਹੇ ਗਵਾਰ ਬਹੁਤੇ
ਲੱਖੂ ਜਹੇ ਵਡੇ ਬੇਈਮਾਨ ਭਾਰੇ ਕਾਜ਼ੀ ਮੁਲਾਂ ਤੇ ਹੋਰ ਮੱਕਾਰ ਬਹੁਤੇ
ਵੇਖ ਸਿੰਘ ਜੀ ਦੇ ਇਕਬਾਲ ਤਾਈਂ ਗੁੱਝੀ ਨਿਤ ਕਰਦੇ ਰਹੇ ਖਾਰ ਬਹੁਤੇ
ਪੇਸ਼ ਗਈ ਨ ਖਾਨ ਬਹਾਦਰ ਅਗੇ ਓਹਦੇ ਦਿਤੇ ਸਨ ਕੰਮ ਸਵਾਰ ਬਹੁਤੇ
ਸੂਬੇ ਮਰੇ ਪਿਛੋਂ ਦਾਉ ਦੋਖੀਆਂ ਦਾ ਗਿਆ ਲੱਗ ਤੇ ਹੋਇ ਹੁਸ਼ਿਆਰ ਬਹੁਤੇ
ਯਾਹਯਾ ਖਾਂਨ ਤਜਰਬਾਕਾਰ ਹੈਸੀ ਓਹਦੇ ਗਿਰਦ ਹੋਏ ਜਾਲ ਡਾਰ ਬਹੁਤੇ
ਲੱਗੇ ਚੁਗਲੀਆਂ ਕਰਨ ਸੁਬੇਗ ਸਿੰਘ ਤੇ ਨਿਤ ਰਲਕੇ ਚੰਦਰੇ ਯਾਰ ਬਹੁਤੇ
ਇਹ ਸਿੰਘਾਂ ਨੂੰ ਦੇਂਵਦਾ ਭੇਤ ਸਾਰੇ ਵੈਰੀ ਦੀਨ ਦਾ ਕਰਨ ਉਚਾਰ ਬਹੁਤੇ
ਕਈਆਂ ਝੂਠੀਆਂ ਤੋਹਮਤਾਂ ਆਣ ਲਾਈਆਂ ਵੈਰੀ ਬਣ ਗਏ ਬੁਰਯਾਰ ਬਹੁਤੇ
ਸੂਬੇ ਤਾਈਂ ਭੜਕਾ ਕਰਤਾਰ ਸਿੰਘਾ ਲਾਇ ਸਿੰਘ ਤੇ ਜੁਰਮ ਵਿਚਾਰ ਬਹੁਤੇ
ਭਾਈ ਸੁਬੇਗ ਸਿੰਘ ਜੀ ਦੀ ਨਜਰਬੰਦੀ
ਚੁਗਲ ਪਾੜ ਕੇ ਪੱਥਰਾਂ ਰਖ ਦੇਂਦੇ ਸੂਬਾ ਚੁਗਲੀਆਂ ਕਰ ਭਖਾਯਾ ਜੀ
ਚੁਗਲ ਚੰਦਰੇ ਸੱਪ ਤੋਂ ਹੋਣ ਜ਼ਹਿਰੀ ਡੰਗ ਸਿੰਘ ਦੇ ਉਤੇ ਚਲਾਯਾ ਜੀ
ਬਦਜ਼ਨ ਹੋਯਾ ਸੂਬਾ ਆਣ ਭਾਰਾ ਰੁਖ ਦਿਨਾਂ ਦੇ ਵਿਚ ਪਲਟਾਯਾ ਜੀ
ਕਈ ਲਾ ਝੂਠੇ ਜੁਰਮ ਸਿੰਘ ਉਤੇ ਜੇਹਲਖਾਨੇ ਦੇ ਵਿਚ ਸੁਟਾਯਾ ਜੀ
ਨਜ਼ਰਬੰਦ ਸੁਬੇਗ ਸਿੰਘ ਕਰ ਦਿਤਾ ਕੀਤਾ ਸਭ ਅਹਿਸਾਨ ਭੁਲਾਯਾ ਜੀ
ਜਿਥੇ ਈਰਖਾ ਹੋਇ ਕਰਤਾਰ ਸਿੰਘਾ ਓਥੋਂ ਕਿਸੇ ਨਾ ਲਾਭ ਉਠਾਯਾ ਜੀ
ਸ਼ਾਹਬਾਜ਼ ਸਿੰਘ ਦੀ ਮੁਲਾਂ ਨਾਲ ਬਹਿਸ
ਇਕੋ ਸਿੰਘ ਦਾ ਪੁੱਤ ਸ਼ਾਹਬਾਜ਼ ਸਿੰਘ ਜੀ ਠਾਰਾਂ ਸਾਲ ਦਾ ਤੇ ਹੋਣਹਾਰ ਸੀ ਜੀ
ਅਰਬੀ ਫਾਰਸੀ ਬਾਪ ਦੇ ਵਾਂਗ ਪੜ੍ਹਿਆ ਸੁੰਦ੍ਰ ਸੋਹਣਾ ਬੜਾ ਹੁਸ਼ਿਆਰ ਸੀ ਜੀ
ਹਾਣੀ ਸੂਬੇ ਦਾ ਤੇ ਕੱਠੇ ਰਹੇ ਪੜ੍ਹਦੇ ਬਣਿਆਂ ਮੁੱਢ ਦਾ ਕੁਝ ਪਿਆਰ ਸੀ ਜੀ
ਇੱਜ਼ਤ ਓਸਦੀ ਭੀ ਚੰਗੀ ਬਣੀ ਹੋਈ ਸੀ ਖੁਲ੍ਹ ਔਣ ਦੀ ਵਿਚ ਦਰਬਾਰ ਸੀ ਜੀ
ਇਕ ਦਿਨ ਕਾਜੀ ਨਾਲ ਝਗੜ ਪਿਆ ਕੋਈ ਮਸਲਾ ਰੱਖ ਵਿਚਕਾਰ ਸੀ ਜੀ