(੨੦)
ਜੌਹਰ ਖਾਲਸਾ
ਮੁਸਲਮਾਨ ਨਹੀਂ ਹੋਣਾ ਕਰਤਾਰ ਸਿੰਘਾ ਐਵੇਂ ਆਪਣਾ ਵਕਤ ਗਵਾਇੰ ਕਾਹਨੂੰ
ਸੂਬਾ
ਜੇਕਰ ਯਾਰਹਾਂ ਤਾਹੀਏਂ ਤਰਸ ਕਰਦਾ ਕਲਮਾਂ ਪੜ੍ਹਕੇ ਤੇ ਮੁਸਲਮਾਨ ਹੋ ਜਾਹ
ਫੇਰ ਦੋਇ ਕੱਠੇ ਅਸੀਂ ਰਹਾਂਗੇ ਜੀ ਔਹੁਦਾ ਲੈ ਵੱਡਾ ਫੌਜੀ ਖਾਨ ਹੋ ਜਾਹ
ਕੱਢ ਮੁਸ਼ਕਲਾਂ ਦੇ ਵਿਚੋਂ ਪੈਰ ਲੈ ਤੂੰ ਦਾਖਲ ਖੁਸ਼ੀਆਂ ਵਿਚ ਪਛਾਨ ਹੋ ਜਾਹ
ਨਾਲ ਕਾਫਰਾਂ ਦੋਜ਼ਖਾਂ ਵਿਚ ਪੈਨੈ ਹਿੱਸੇਦਾਰ ਬਹਿਸ਼ਤ ਦਾ ਆਨ ਹੋ ਜਾਹ
ਉੱਮਤ ਨਬੀ ਰਸੂਲ ਦੀ ਵਿਚ ਆਕੇ ਪੱਕਾ ਅਜ ਤੋਂ ਵਿਚ ਈਮਾਨ ਹੋ ਜਾਹ
ਕਾਫਰ ਵਿਚ ਬਹਿਸ਼ਤ ਦੇ ਵੜਨਗੇ ਨ ਹੱਕਦਾਰ ਹੂਰਾਂ ਗਿਲਮਾਨ ਹੋ ਜਾਂਹ
ਕਹਿ ਲੈਣਾ ਤੂੰ ਕਾਫਰਾਂ ਵਿਚ ਰਲਕੇ ਹੁਣ ਨਜ਼ਰ ਮਨਜ਼ੂਰ ਰਹਿਮਾਨ ਹੋ ਜਾਹ
ਕਤਲ ਹੋ ਨ ਐਵੇਂ ਕਰਤਾਰ ਸਿੰਘਾ ਬਿਨਾਂ ਸੋਚੇ ਨ ਬੇ-ਨਿਸ਼ਾਨ ਹੋ ਜਾਹ
ਸ਼ਾਹਬਾਜ਼ ਸਿੰਘ
ਮੁਸਲਮਾਨ ਭੀ ਹੋਕੇ ਅੰਤ ਮਰਨਾ ਰਹਿਣਾ ਕਿਸੇ ਨਾ ਵਿਚ ਜਹਾਨ ਸੂਬੇ
ਮੌਤ ਸਭ ਦੇ ਸਿਰ ਤੇ ਕੂਕਦੀ ਏ ਛਡੇ ਕਿਸੇ ਦਾ ਨਹੀਂ ਨਿਸ਼ਾਨ ਸੂਬੇ
ਜਿਹੜੇ ਰਾਹ ਉਸ ਟੋਰਨਾ ਹੋਰਨਾਂ ਨੂੰ ਉਸੇ ਰਾਹ ਜਾਣੇ ਮੁਸਲਮਾਨ ਸੂਬੇ
ਦੌਲਤ ਦੁਨੀਆਂ ਜਾਵਣੀ ਨਾਲ ਨਾਹੀਂ ਪਏ ਰਹਿਣਗੇ ਸਾਰੇ ਸਾਮਾਨ ਸੂਬੇ
ਅੱਜ ਧਰਮ ਛੱਡਾਂ ਡਰ ਮੌਤ ਪਾਸੋਂ ਕਲ ਮਾਰਨਾ ਓਸ ਨੇ ਆਨ ਸੂਬੇ
ਰਹਿਣਾ ਜਿੰਦਿਆਂ ਫੇਰ ਭੀ ਨਹੀਂ ਜੇਕਰ ਹੋਣਾ ਫੇਰ ਕਾਹਨੂੰ ਬੇਈਮਾਨ ਸੂਬੇ
ਅਗੇ ਰੱਬ ਨੂੰ ਮਜ਼ਹਬ ਕਬੂਲ ਕੋਈ ਨ ਓਥੇ ਅਮਲ ਦੀ ਹੋਇ ਪਛਾਨ ਸੂਬੇ
ਹਿੰਦੂ ਬਿਨਾਂ ਗੁਨਾਹ ਦੇ ਮਾਰੀਏ ਨਾ ਫੜ ਵਿਚ ਦਰਗਾਹ ਦੇ ਜਾਨ ਸੂਬੇ
ਮੁਸਲਮਾਨ ਜੇਕਰ ਗੁਨ੍ਹਾਗਾਰ ਹੋਵੇ ਕਿਵੇਂ ਕਹਿਰ ਤੋਂ ਬਚੇ ਸਿਆਨ ਸੂਬੇ
ਕਾਫਰ ਉਹ ਜੋ ਕੁਫਰ ਦੇ ਕੰਮ ਕਰਦੇ ਸਿਰੋਂ ਰੱਬ ਦਾ ਖੌਫ ਭੁਲਾਨ ਸੂਬੇ
ਪੜਦੇ ਮਜ਼ਹਬ ਦੇ ਹੇਠ ਛਪਾ ਪਾਪੀ ਰਾਤ ਦਿਨੇ ਜੋ ਪਾਪ ਕਮਾਨ ਸੂਬੇ
ਉਹ ਦੋਜ਼ਖਾਂ ਦੇ ਵਿਚ ਪੈਣ ਸਾਰੇ ਬੇਗੁਨਾਹਾਂ ਨੂੰ ਜਿਹੜੇ ਸਤਾਨ ਸੂਬੇ
ਉਨ੍ਹਾਂ ਕਾਫਰਾਂ ਨੂੰ ਢੋਈ ਕਿਤੇ ਭੀ ਨਾ ਲੈ ਕੇ ਰਿਸ਼ਵਤਾਂ ਹੱਕ ਗਵਾਨ ਸੂਬੇ
ਸ਼ਕਲ ਮੋਮਨਾਂ ਦੀ ਕੰਮ ਕਾਫਰਾਂ ਦੇ ਧੋਖੇਬਾਜ਼ ਜੋ ਲੋਕ ਸ਼ੈਤਾਨ ਸੂਬੇ
ਧੱਕੇ ਜਾਣ ਉਹ ਖਾਸ ਦਰਗਾਹ ਵਿਚੋਂ ਵੱਢੀਆਂ ਲੈਕੇ ਖਾਨ ਸੂਬੇ
ਬੇੜੇ ਅਮਲ ਦੇ ਸਭ ਦੇ ਪਾਰ ਹੋਣੇ ਬਿਨਾਂ ਅਮਲਾਂ ਸਭ ਪਛਤਾਨ ਸੂਬੇ
ਕਿਹੜੀ ਗੱਲ ਤੇ ਮੈਂ ਮੁਸਲਮਾਨ ਹੋਵਾਂ ਚਾਰ ਦਿਨ ਦੀ ਹੈ ਗੁਜ਼ਰਾਨ ਸੂਬੇ