ਪੰਨਾ:Johar khalsa.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੨)

ਜੌਹਰ ਖ਼ਾਲਸਾ

ਪੜ੍ਹੇ ਕਲਮਾਂ ਤੇ ਮੁਸਲਮਾਨ ਹੋਵੇ ਮੈਂ ਛਡ ਦੇਵਾਂ ਜਤ ਲਾਓ ਜਾਕੇ
ਮੁਸਲਮਾਨ ਹੋਯਾਂ ਬਿਨਾਂ ਬਚੇਗਾ ਨ ਮੇਰਾ ਹੁਕਮ ਉਸ ਤਾਈਂ ਸੁਣਾਓ ਜਾਕੇ
ਮੁੜੇ ਫਤਵਾ ਨਹੀਂ ਕਰਤਾਰ ਸਿੰਘਾ ਮੋੜ ਓਸ ਨੂੰ ਦੀਨ ਮਨਾਓ ਜਾਕੇ

ਚੌਧਰੀਆਂ ਨੇ ਸ਼ਾਹਬਾਜ਼ ਸਿੰਘ ਨੂੰ ਸਮਝਾਉਣਾ


ਸਾਰੇ ਰਲਕੇ ਪਾਸ ਸ਼ਾਹਬਾਜ਼ ਸਿੰਘ ਦੇ ਜਾ ਕੇ ਰੱਖਦੇ ਛੁਪ ਛੁਪਾ ਨਾਹੀਂ
ਮੁਸਲਮਾਨ ਹੋ ਜਾਹ ਛੁਟੇ ਜਾਨ ਤੇਰੀ ਹੋਰ ਸੁਝਦਾ ਕੋਈ ਉਪਾ ਨਾਹੀਂ
ਅਸਾਂ ਜ਼ੋਰ ਲਾਇਆ ਜਾਕੇ ਪਾਸ ਸੂਬੇ ਉਹ ਮੰਨਿਆਂ ਬੇਹੱਯਾ ਨਾਹੀਂ
ਤੂੰ ਵੇਖਿਆ ਅਜੇ ਜਹਾਨ ਦਾ ਕੀਹ ਲੱਤ ਮੌਤ ਦੇ ਮੂੰਹ ਫਸਾ ਨਾਹੀਂ
ਜਿੰਦ ਰਹੀ ਤੇ ਰਿਹਾ ਜਹਾਨ ਸਾਰਾ ਹਠ ਕਰਕੇ ਜਾਨ ਗਵਾ ਨਾਹੀਂ
ਰੋਜ਼ ਵੇਖਦਾ ਤੂੰ ਸਿੰਘ ਕਤਲ ਹੁੰਦੇ ਤਰਸ ਜ਼ਾਲਮਾਂ ਦੇ ਤਾਈਂ ਕਾ ਨਾਹੀਂ
ਜਾਵੇਂ ਮਾਰਿਆ ਬਿਨਾਂ ਕਸੂਰ ਦੇ ਤੂੰ ਕਲਮਾ ਪੜੇ ਦੇ ਬਿਨਾਂ ਬਚਾ ਨਾਹੀਂ
ਮੁਸਲਮਾਨ ਹੋ ਜਾਹ ਕਰਤਾਰ ਸਿੰਘਾ ਦੁਖ ਜ਼ਾਲਮਾਂ ਹੱਥੋਂ ਉਠਾ ਨਾਹੀਂ

ਸ਼ਾਹਬਾਜ਼ ਸਿੰਘ


ਇਹਦੇ ਵਿਚ ਸਫਾਰਸ਼ ਤੁਸਾਂ ਦੀ ਕੀਹ ਚੰਗੀ ਮੇਰੇ ਨਾਲ ਹਿਤ ਵੰਡਾਨ ਆਏ
ਮੈਨੂੰ ਕੱਢ ਕੇ ਵਿਚੋਂ ਸਵਰਗ ਦਿਓਂ ਭਾਰੇ ਦੋਜ਼ਖਾਂ ਵਿਚ ਸੁਟਾਨ ਆਏ
ਸੱਚ ਖੋਹ ਕੇ ਨਾਲ ਪਿਆਰ ਮੈਥੋਂ ਕੱਚ ਝੋਲੀ ਮੇਰੀ ਵਿਚ ਪਾਨ ਆਏ
ਬਾਲ ਜਾਣ ਕੇ ਅੰਮ੍ਰਿਤ ਖੋਹ ਮੈਥੋਂ ਹੱਥੀ ਘੋਲਕੇ ਜ਼ਹਿਰ ਪਿਆਨ ਆਏ
ਸੱਚ ਖੰਡ ਨੂੰ ਤਿਆਰੀਆਂ ਕੀਤੀਆਂ ਮੈਂ ਤੁਸੀਂ ਦੋਜ਼ਖਾਂ ਵਲ ਧਕਾਨ ਆਏ
ਲੈਂਦਾ ਫੁੱਲਾਂ ਦੀ ਵਾਸ਼ਨਾਂ ਭੌਰ ਬੈਠਾ ਤੁਸੀਂ ਗੰਦਗੀ ਉਤੇ ਬੈਠਾਨ ਆਏ
ਹੰਸ ਮੋਤੀਆਂ ਦੀ ਚੋਗ ਚੁਗ ਰਿਹਾ ਓਹਨੂੰ ਡੱਡੀਆਂ ਤੁਸੀਂ ਖਵਾਨ ਆਏ
ਪੰਛੀ ਹੈ ਅਜ਼ਾਦ ਉਡਾਰੀਆਂ ਲਈ ਮੋਹ ਜਾਲ ਦੇ ਵਿਚ ਫਸਾਨ ਆਏ
ਦਸਵੇਂ ਪਾਤਿਸ਼ਾਹ ਦੇ ਚਰਨਾਂ ਵਿਚ ਬੈਠਾ ਤੁਸੀਂ ਰਲਕੇ ਓਥੋਂ ਉਠਾਨ ਆਏ
ਸਿੱਖੀ ਧਰਮ ਉੱਚਾ ਸਾਰੇ ਜਗ ਵਿਚੋਂ ਮੈਨੂੰ ਪੜ੍ਹੇ ਨੂੰ ਤੁਸੀਂ ਪੜ੍ਹਾਨ ਆਏ
ਅਗੇ ਕਿੰਨੇ ਕੁ ਸਿੰਘ ਹੋ ਗਏ ਮੋਮਨ ਜਾਣ ਬੁਝ ਕੇ ਮੈਨੂੰ ਅਜ਼ਮਾਨ ਆਏ
ਧਰਮ ਵੇਚਕੇ ਜਿੰਦ ਬਚਾਵਣੀ ਨਹੀਂ ਲੋਭ ਪਾ ਕੇ ਤੁਸੀਂ ਥਿੜਕਾਨ ਆਏ
ਸਿੱਖੀ ਸਿਦਕ ਮੈਨੂੰ ਪਿਆਰਾ ਜਿੰਦ ਨਾਲੋਂ ਸਮਝੇ ਹੋਏ ਨੂੰ ਕੀ ਸਮਝਾਨ ਆਏ
ਮੈਨੂੰ ਜਿੰਦ ਜਹਾਨ ਤੋਂ ਧਰਮ ਚੰਗਾ ਮੁਢੋਂ ਸਿਖਿਆ ਕੀਹ ਸਿਖਲਾਨ ਆਏ
ਜਾਵੇ ਜਿੰਦ ਜਹਾਨ ਤੋਂ ਜਾਨ ਦੇਵਾਂ ਛੱਡਾਂ ਧਰਮ ਨ ਚੱਲ ਜਹਾਨ ਆਏ