ਜੌਹਰ ਖਾਲਸਾ
(੨੩)
ਕਰ ਸੀਸ ਕੁਰਬਾਨ ਕਰਤਾਰ ਸਿੰਘਾ ਬੇੜਾ ਜ਼ੁਲਮ ਦਾ ਅਸੀਂ ਰੁੜ੍ਹਾਨ ਆਏ
ਵਾਕ ਕਵੀ
ਦੁਧ ਸ਼ੇਰਨੀ ਦਾ ਜਿਸਨੇ ਹੋਇ ਪੀਤਾ ਓਹ ਹੌਂਸਲੇ ਨੂੰ ਕਦੇ ਢਾਹਵੰਦਾ ਨਹੀਂ
ਸਿੱਧਾ ਲੰਘਦਾ ਸ਼ੇਰ ਦਰਿਆ ਵਿਚੋਂ ਭੈ ਖਾ ਕੇ ਦਿਲ ਕੰਬਾਵੰਦਾ ਨਹੀਂ
ਬੱਚਾ ਬਾਜ਼ ਦਾ ਲਏ ਉਡਾਰੀਆਂ ਜੀ ਵੇਖ ਪੰਛੀਆਂ ਤੋਂ ਡਰ ਖਾਵੰਦਾ ਨਹੀਂ
ਅੰਦਰ ਜਿਸਦੇ ਖੂਨ ਦਾ ਜੌਹਰ ਹੋਵੇ ਪਾਜ਼ੀ ਬਣਕੇ ਸਿਰ ਝੁਕਾਵੰਦਾ ਨਹੀਂ
ਮਰਦ ਵਿਚ ਮੈਦਾਨ ਦੇ ਜਦੋਂ ਵੜਦਾ ਤੇਗਾਂ ਨੰਗੀਆਂ ਵੇਖ ਘਬਰਾਵੰਦਾ ਨਹੀਂ
ਸੱਟਾਂ ਖਾਂਵਦਾ ਸਿੱਧੀਆਂ ਮੂੰਹ ਉਤੇ ਮਰ ਜਾਵੰਦਾ ਹਾਇ ਸੁਣਾਵੰਦਾ ਨਹੀਂ
ਜਿਸ ਮਰਦ ਨੂੰ ਪੂਰਾ ਗਿਆਨ ਹੋਯਾ ਮਾਯਾ ਮੋਹ ਵਿਚ ਚਿੱਤ ਫਸਾਵੰਦਾ ਨਹੀਂ
ਲਾਲ ਜਿਸਦੀ ਜੇਬ ਦੇ ਵਿਚ ਹੋਵਣ ਸੁੱਟ ਮਣਕਿਆਂ ਨੂੰ ਝੋਲੀ ਪਾਵੰਦਾ ਨਹੀਂ
ਜਿੰਨ੍ਹ ਦਰਸ ਮਹਿਬੂਬ ਦਾ ਸਾਹਮਣੇ ਹੋਏ ਦੂਜੀ ਤਰਫ ਓਹ ਚਿੱਤ ਡੁਲਾਵੰਦਾ ਨਹੀਂ
ਵਸਲਯਾਰ ਦਾ ਜਿਸਨੂੰ ਸ਼ੌਕ ਹੋਵੇ ਵਿਚ ਨੀਂਦ ਉਹ ਅੱਖੀਆਂ ਲਾਵੰਦਾ ਨਹੀਂ
ਮਹੀਂਵਾਲ ਝਨਾਂ ਤੋਂ ਪਾਰ ਦਿਸੇ ਸੋਹਣੀ ਵਾਂਗ ਉਸ ਤੋਂ ਰਿਹਾ ਜਾਵੰਦਾ ਨਹੀਂ
ਆਸ਼ਕ ਵਾਂਗ ਮਨਸੂਰ ਦੇ ਚੜ੍ਹਨ ਸੂਲੀ ਸੂਲੀ ਸਾਰ ਦਾ ਦੁਖ ਸਤਾਵੰਦਾ ਨਹੀ
ਸੜਨ ਵਾਂਗ ਪਤੰਗੇ ਦੇ ਸ਼ਮ੍ਹਾਂ ਉਤੇ ਰੋਕ ਰਖਿਆਂ ਦਿਲ ਰੁਕਾਵੰਦਾ ਨਹੀਂ
ਸਿੱਖੀ ਸਿਦਕ ਤੇ ਸਿੱਖ ਕੁਰਬਾਨ ਹੋਵਣ ਕੋਈ ਉਨ੍ਹਾਂ ਨੂੰ ਦੁਖ ਡਰਾਵੰਦਾ ਨਹੀਂ
ਸਿੰਘਾਂ ਵਿਚ ਇਹ ਜੋਤ ਕਰਤਾਰ ਦੀ ਏ ਹੋਰ ਕਿਸੇ ਪਾਸੋਂ ਹੋਇ ਆਵੰਦਾ ਨਹੀਂ
ਦੁਨੀਆਂ ਦਾਰੀ ਦਾ ਲੋਭ ਕਰਤਾਰ ਸਿੰਘਾ ਧਰਮੋਂ ਸਿੰਘਾਂ ਦੇ ਤਾਈਂ ਗਿਰਾਵੰਦਾ ਨਹੀਂ
ਸੂਬੇ ਨੇ ਸੁਬੇਗ ਸਿੰਘ ਨੂੰ ਬੁਲਾਉਣਾ
ਸੁਣਿਆਂ ਸੂਬੇ ਸ਼ਾਹਬਾਜ਼ ਸਿੰਘ ਮੰਨਦਾ ਨਹੀਂ ਕਈ ਆਂ ਜਾ ਉਹਨੂੰ ਸਮਝਾਯਾ ਜੀ
ਜੇਹਲਖਾਨੇ ਦੇ ਵਿਚੋਂ ਸੁਬੇਗ ਸਿੰਘ ਨੂੰ ਸੂਬੇ ਦੇ ਕੇ ਹੁਕਮ ਬੁਲਾਯਾ ਜੀ
ਸੂਬਾ ਆਖਦਾ ਸੁਣ ਸੁਬੇਗ ਸਿੰਘਾ ਤੇਰੇ ਪੁਤ ਨੇ ਜ਼ੁਲਮ ਕਮਾਯਾ ਜੀ
ਛੇੜ ਦੀਨ ਇਮਾਨ ਦੇ ਮਸਲੇ ਨੂੰ ਕਾਜ਼ੀ ਸਾਹਿਬ ਦਾ ਦਿਲ ਦੁਖਾਯਾ ਜੀ
ਸ਼ਰ੍ਹਾ ਵਾਲਿਆਂ ਨੇ ਓਸ ਜੁਰਮ ਬਦਲੇ ਇਹ ਫਤਵਾ ਓਸ ਨੂੰ ਲਾਯਾ ਜੀ
ਮੁਸਲਮਾਨ ਹੋ ਜਾਏ ਯਾ ਕਤਲ ਹੋਵੇ ਇਹ ਕਾਜ਼ੀਆਂ ਹੁਕਮ ਸੁਣਾਯਾ ਜੀ
ਨਹੀਂ ਮੰਨਿਆਂ ਮੂਲੋਂ ਸ਼ਾਹਬਾਜ਼ ਸਿੰਘ ਨੇ ਮੈਂ ਓਸਨੂੰ ਬਹੁਤ ਸਮਝਾਯਾ ਜੀ
ਜਾਹ ਓਸਦੇ ਤਾਈਂ ਸਮਝਾ ਜਾ ਕੇ ਐਵੇਂ ਕਾਸਨੂੰ ਹਠ ਵਧਾਯਾ ਜੀ
ਪਿਓ ਪੁੱਤ ਜੇਚਰ ਮੁਸਲਮਾਨ ਹੋਵੋ ਕਸਮ ਖਾਂ ਮੈਂ ਸੱਚ ਜਤਾਯਾ ਜੀ