ਜੌਹਰ ਖਾਲਸਾ
(੨੫)
ਨਹੀਂ ਤਾਂ ਜ਼ਬਤ ਕਰਕੇ ਘਰ ਬਾਰ ਸਾਰਾ ਸੂਲੀ ਦੋਹਾਂ ਦੇ ਤਾਈਂ ਟੰਗਾ ਦੇਵਾਂ
ਜਿਵੇਂ ਅਗਲਿਆਂ ਦੇ ਨਾਲ ਗੁਜ਼ਾਰੀਆਂ ਨੇ ਓਦੂੰ ਦੂਣੀਆਂ ਹੁਣ ਗੁਜ਼ਰਾ ਦੇਵਾ
ਬੇੜਾ ਡੁਬ ਜਾਏ ਭਾਵੇਂ ਕਰਤਾਰ ਸਿੰਘਾ ਇਕ ਵਾਰ ਤਾਂ ਧਮੇਂ ਬੈਠਾ ਦੇਵਾਂ
ਭਾਈ ਸੁਬੇਗ ਸਿੰਘ ਨੇ ਸ਼ਾਹਬਾਜ਼ ਸਿੰਘ ਦੇ ਪਾਸ ਜਾਣਾ
ਗੱਲਾਂ ਕਰਦਿਆਂ ਸੋਚ ਦਾਨਾ ਕੀਤੀ ਏਸ ਗੱਲ ਤੋਂ ਲਾਭ ਉਠਾਂ ਜਲਦੀ
ਟੋਹਵਾਂ ਜਾਕੇ ਦਿਲ ਸ਼ਾਹਬਾਜ਼ ਸਿੰਘ ਦਾ ਓਹਦੇ ਨਿਸਚੇ ਦਾ ਭੇਦ ਪਾਂ ਜਲਦੀ
ਜੇਕਰ ਡੋਲ ਗਿਆ ਹੋਵੇ ਡਰ ਕਰ ਕੇ ਓਹਦੇ ਹੌਸਲੇ ਤਾਈਂ ਵਧਾਂ ਜਲਦੀ
ਭਲਾ ਬੱਚਾ ਹੈ ਮੱਤਾਂ ਘਬਰਾ ਜਾਵੇ ਸਿੱਖੀ ਸਿਦਕ ਦਾ ਸਬਕ ਪੜ੍ਹਾਂ ਜਲਦੀ
ਅਗੇ ਹੈ ਸ਼ਾਹਬਾਜ਼ ਹੁਸ਼ਿਆਰ ਚੰਗਾ ਠੋਕਰ ਹੋਰ ਓਹਦੇ ਦਿਲ ਲਾਂ ਜਲਦੀ
ਗਿਆ ਮੰਨਕੇ ਹੁਕਮ ਕਰਤਾਰ ਸਿੰਘਾ ਜੋ ਕੁਝ ਕਹਯੋ ਸੂ ਉਹਭੀ ਸੁਨਾਂ ਜਲਦੀ
ਭਾਈ ਸੁਬੇਗ ਸਿੰਘ ਜੀ ਨੇ ਸ਼ਾਹਬਾਜ਼ ਸਿੰਘ ਨੂੰ ਸਮਝਾਉਣਾ
ਗਲੇ ਲਾ ਸ਼ਾਹਬਾਜ਼ ਨੂੰ ਮੱਤ ਦੇਂਦਾ ਕਹਿੰਦਾ ਘੜੀ ਔਖੀ ਬਣੀ ਆਨ ਬੱਚਾ
ਵਸ ਪੈ ਗਏ ਅਸੀਂ ਕਸਾਈਆਂ ਦੇ ਹੁਣ ਛੁਟਣੀ ਹੈ ਔਖੀ ਜਾਨ ਬੱਚਾ
ਇਕ ਤਰਫ ਸ੍ਰਦਾਰੀਆਂ ਸੁਖ ਹੈਨੀ ਦੂਜੀ ਤਰਫ ਹੈ ਧਰਮ ਦੀ ਸ਼ਾਨ ਬੱਚਾ
ਵੇਖੀਂ ਡੋਲ ਜਾਵੀਂ ਕਿਤੇ ਡਰ ਕੇ ਨਾ ਮਤਾਂ ਹੋ ਜਾਵੇਂ ਮੁਸਲਮਾਨ ਬੱਚਾ
ਰਹਿਣਾ ਏਸ ਸਰੀਰ ਨੇ ਫੇਰ ਭੀ ਨਹੀਂ ਹੈ ਖਾਵਣਾ ਕਾਲ ਨੇ ਆਨ ਬੱਚਾ
ਫੇਰ ਧਰਮ ਨੂੰ ਛੱਡਕੇ ਸਮਝ ਲੈ ਤੂੰ ਮਰਨਾ ਕਿਉਂ ਹੋਕੇ ਬੇਈਮਾਨ ਬੱਚਾ
ਵੇਖ ਧਰਮ ਬਦਲੇ ਸਾਡੇ ਸਤਿਗੁਰਾਂ ਨੇ ਝੱਲੇ ਜਿਸਮ ਤੇ ਦੁਖ ਮਹਾਨ ਬੱਚਾ
ਪੰਜਵੇਂ ਪਾਤਿਸ਼ਾਹ ਏਸੇ ਲਾਹੌਰ ਅੰਦਰ ਝੱਲੇ ਕਸ਼ਟ ਤੂੰ ਸੁਣੇ ਸੁਜਾਨ ਬੱਚਾ
ਸ੍ਰੀ ਤੇਗ ਬਹਾਦਰ ਜੀ ਵਿਚ ਦਿੱਲੀ ਕੀਤਾ ਧਰਮ ਤੇ ਸੀਸ ਕੁਰਬਾਨ ਬੱਚਾ
ਫੇਰ ਦਸਵੇਂ ਪਾਤਿਸ਼ਾਹ ਧਰਮ ਬਦਲੇ ਕੁਰਬਾਨੀਆਂ ਕਰ ਦਿਖਾਨ ਬੱਚਾ
ਛਡੇ ਅਨੰਦਪੁਰ ਦੇ ਸੁਖ ਸਾਰੇ ਸਿੰਘ ਹੋਇ ਸ਼ਹੀਦ ਮੈਦਾਨ ਬੱਚਾ
[1]ਦੋਵੇਂ ਸਾਹਿਬਜ਼ਾਦੇ ਚਮਕੌਰ ਅੰਦਰ ਧਰਮ ਵਾਸਤੇ ਤੇਗ ਉਠਾਨ ਬੱਚਾ
ਪੁਰਜ਼ਾ ਪੁਰਜ਼ਾ ਹੋ ਕੇ ਓਥੇ ਕਟ ਗਏ ਹੈ ਜਾਣਦਾ ਸਾਰਾ ਜਹਾਨ ਬੱਚਾ
- ↑ ()ਦੋਹਾਂ ਵਡੇ ਸਾਹਿਬਜ਼ਾਦਿਆਂ ਦਾ ਚਮਕੌਰ ਵਿਚ ਜੰਗ ਤੇ ਦੋਹਾਂ ਛੋਟੇ ਸਾਹਿਬਜ਼ਾਦਿਆਂ ਦੀ ਸਰਹਿੰਦ ਵਿਚ ਸ਼ਹੀਦੀ ਦਾਸ ਨੇ ਨਵੇਂ ਸਿਰੇ ਬੜੀ ਹੀ ਸੁਰੀਲੀ ਰੰਗਤ ਵਾਲੇ ਬੈਂਤਾਂ ਵਿਚ ਤਿਆਰ ਕੀਤੀ ਹੈ ਤੇ ਬਹੁਤ ਸਾਰੀ ਇਤਿਹਾਸਕ ਖੋਜ ਕਰਕੇ ਪ੍ਰਸੰਗਾਂ ਨੂੰ ਠੀਕ ਕੀਤਾ ਗਿਆ ਹੈ, ਹੁਣ ਇਸ ਗਰੰਥ ਦਾ ਨਾਮ 'ਦਸਮੇਸ਼ ਦੁਲਾਰੇ' ਹੈ। ਮੋਖ|-) ਦਾਸ- ਕਰਤਾ