ਜੌਹਰ ਖਾਲਸਾ
(੩੧)
ਅਕਾਲ ਵਾਲਿਆਂ ਦੀ ਅਕਲ ਗੁੰਮ ਹੁੰਦੀ ਜਿਥੇ ਇਸ਼ਕ ਨੇ ਗੱਡੇ ਨਿਸ਼ਾਨ ਸੂਬੇ
ਓਥੇ ਅਕਲ ਨ ਅਪੜੇ ਕਿਸੇ ਦੇ ਭੀ ਪਹੁੰਚੇ ਆਸ਼ਕਾਂ ਜਿਥੇ ਧਿਆਨ ਸੂਬੇ
ਅਕਲਵੰਦ ਕੰਢੇ ਬੈਠ ਕਰਨ ਸੋਚਾਂ ਆਸ਼ਕ ਠਿੱਲ੍ਹਦੇ ਵਿਚ ਤੂਫਾਨ ਸੂਬੇ
ਬੇੜਾ ਆਸ਼ਕਾਂ ਦਾ ਬੰਨੇ ਲੱਗ ਜਾਂਦਾ ਅਕਲਵੰਦ ਵਿਚਕਾਰ ਡੁਬਾਨ ਸੂਬੇ
ਚਾਲ ਆਸ਼ਕਾਂ ਦੀ ਤੇਜ਼ ਮਨ ਨਾਲੋਂ ਦਾਨੇ ਸੋਚ ਕੇ ਪੈਰ ਉਠਾਨ ਸੂਬੇ
ਆਸ਼ਕ ਵਿਚ ਮਹਿਬੂਬ ਦੇ ਹੁਕਮ ਚੱਲਣ ਦਾਨੇ ਨੁਕਸ ਹਮੇਸ਼ ਕਢਾਨ ਸੂਬੇ
ਦਾਨੇ ਸੋਚਦੇ ਪਿਛੇ ਹੀ ਰਹਿ ਜਾਂਦੇ ਆਸ਼ਕ ਗਲ ਮਹਿਬੂਬ ਲਗਾਨ ਸੂਬੇ
ਅਸ਼ਕ ਵਿਚ ਰਜ਼ਾ ਦੇ ਰਹਿਣ ਰਾਜੀ ਦਾੱਨੇ ਫਿਕਰ ਦੇ ਘੋੜੇ ਦੁੜਾਨ ਸੂਬੇ
ਸੋਹਣੀ ਪਾਰ ਝਨਾਂ ਤੋਂ ਲੰਘ ਜਾਂਦੀ ਜਿਥੋਂ ਅਕਲ ਵਾਲੇ ਡਰ ਖਾਨ ਸੂਬੇ
ਦਾਨੇ ਮੌਤ ਤੋਂ ਰਹਿਣ ਹਮੇਸ਼ ਡਰਦੇ ਆਸ਼ਕ ਮੌਤ ਨੂੰ ਜੱਫੀਆਂ ਪਾਨ ਸੂਬੇ
ਅਕਲ ਵਾਲਿਆਂ ਦੀ ਓਥੇ ਜਾ ਨਾਹੀਂ ਜਿਥੇ ਇਸ਼ਕ ਦਾ ਹੈ ਮਕਾਨ ਸੂਬੇ
ਅਸੀਂ ਸੋਚਣਾ ਕੀਹ ਕਰਤਾਰ ਸਿੰਘਾ ਹੋਣਾ ਧਰਮ ਉਤੋਂ ਕੁਰਬਾਨ ਸੂਬੇ
ਸ਼ਾਹਬਾਜ਼ ਸਿੰਘ ਨੂੰ ਸੂਬੇ ਨੇ ਬੈਂਤ ਮਰਵਾਉਣੇ
ਸੂਬੇ ਸਮਝਿਆ ਇਨ੍ਹਾਂ ਨੇ ਮੰਨਣਾ ਨਹੀਂ ਇਹ ਮਜ਼੍ਹਬ ਦੇ ਜਾਨਣਹਾਰ ਭਾਈ
ਇਹਨਾਂ ਪੜ੍ਹੀਆਂ ਸਭ ਨਸੀਹਤਾਂ ਨੇ ਜੋ ਲਿਖ ਗਏ ਗੁਰੂ ਵਿਚਾਰ ਭਾਈ
ਅੱਜ ਤਕ ਨ ਮੰਨਿਆਂ ਦੀਨ ਕਿਸੇ ਫੜੇ ਆਏ ਨੇ ਬੇਸ਼ੁਮਾਰ ਭਾਈ
ਸਿਧੇ ਸਾਦੇ ਭੀ ਨਿਕਲੇ ਹਠੀ ਭਾਰੇ ਜਿਹੜੇ ਦਿਸਦੇ ਮੂੜ੍ਹ ਗਵਾਰ ਭਾਈ
ਹੱਸ ਹੱਸ ਹੁੰਦੇ ਰਹੇ ਕਤਲ ਸਾਰੇ ਪੱਕੇ ਮਜ਼ਹਬ ਦੇ ਇਹ ਹੁਸ਼ਿਆਰ ਭਾਈ
ਗੁਸਾ ਖਾਕੇ ਸੱਦ ਜਲਾਦ ਤਾਈਂ ਕਹਿੰਦਾ ਬੈਂਤ ਸ਼ਾਹਬਾਜ਼ ਨੂੰ ਮਾਰ ਭਾਈ
ਨਹੀਂ ਦੀਨ ਇਸਲਾਮ ਕਬੂਲਦਾ ਇਹ ਮਾਰ ਏਸ ਦੀ ਖੱਲ ਉਤਾਰ ਭਾਈ
ਨਾਲ ਥੰਮ੍ਹ ਦੇ ਬੰਨ ਕਰਤਾਰ ਸਿੰਘਾ ਹੋਇਆ ਮਾਰਨੇ ਲਈ ਤਿਆਰ ਭਾਈ
ਤਥਾ
ਮਾਰ ਕਮਚੀਆਂ ਖੱਲ ਉਧੇੜ ਦਿੱਤੀ ਵਡਾ ਜ਼ਾਲਮਾਂ ਕਹਿਰ ਗੁਜ਼ਾਰਿਆ ਜੀ
ਨ ਗੁਨਾਹ ਨ ਕੋਈ ਕਸੂਰ ਦੇਖੋ ਸਾਰਾ ਮਾਰਕੇ ਚੰਮ ਉਤਾਰਿਆ ਜੀ
ਵਾਂਗ ਫੁੱਲ ਗੁਲਾਬ ਦੇ ਨਰਮ ਜੁੱਸਾ ਲੀਰ ਲੀਰ ਓਹਨਾਂ ਕਰ ਡਾਰਿਆ ਜੀ
ਸੂਬਾ ਵੇਖਦਾ ਪਾਸ ਕਰਤਾਰ ਸਿੰਘਾ ਜਿਸ ਰੂਪ ਕਸਾਈ ਦਾ ਧਾਰਿਆ ਜੀ
ਤਥਾ
ਕਰ ਦੀਨ ਕਬੂਲ ਸ਼ਾਹਬਾਜ਼ ਸਿੰਘਾ ਐਵੇਂ ਆਪਣਾ ਆਪ ਗਵਾ ਨਾਹੀਂ