(੩੨)
ਜੌਹਰ ਖਾਲਸਾ
ਪੜ੍ਹ ਕਲਮਾਂ ਅਗੇ ਭੀ ਹਈ ਵੇਲਾ ਬਣ ਮੂਰਖ ਦੁਖ ਉਨਾ ਨਾਹੀਂ
ਆਖੇ ਬਾਪ ਦੇ ਲਗਕੇ ਮੂਰਖਾ ਓਇ ਖੱਲ ਆਪਣੀ ਮੁਫਤ ਲੁਹਾ ਨਾਹੀਂ
ਉਹ ਤਾਂ ਬੁਢਾ ਈ ਖਾ ਹੰਢਾ ਬੈਠਾ ਤੂੰ ਦੇਖਿਆ ਜਗ ਦਾ ਕਾ ਨਾਹੀਂ
ਕਲਮਾ ਪੜੇ ਦੇ ਬਿਨਾਂ ਸ਼ਾਹਬਾਜ਼ ਸਿੰਘਾ ਤੇਰਾ ਹੋਵਣਾ ਹੁਣ ਬਚਾ ਨਾਹੀਂ
ਐਵੇਂ ਮਾਰਿਆ ਜਾਇੰ ਕਰਤਾਰ ਸਿੰਘਾ ਤੈਨੂੰ ਸਕਦਾ ਕੋਈ ਛੁਡਾ ਨਾਹੀਂ
ਸ਼ਾਹਬਾਜ਼ ਸਿੰਘ
ਸਤੀ ਚਿਖਾ ਤੋਂ ਮੁੜੇ ਜੇ ਖੌਫ ਖਾ ਕੇ ਪਵੇ ਜਗ ਦੀ ਫੇਰ ਫਿਟਕਾਰ ਉਹਨੂੰ
ਭੱਜੇ ਸੂਰਮਾ ਛਡ ਮੈਦਾਨ ਤਾਈਂ ਮਿਲੇ ਸਭਾ ਦੇ ਵਿਚ ਧਿਰਕਾਰ ਉਹਨੂੰ
ਆਸ਼ਕ ਹੁਜਤਾਂ ਪੜੇ ਜੇ ਇਸ਼ਕ ਅੰਦਰ ਹੁੰਦਾ ਨਹੀਂ ਮਾਸ਼ੂਕ ਦੀਦਾਰ ਉਹਨੂੰ
ਸੋਹਣੀ ਵੇਖ ਕੱਚਾ ਘੜਾ ਹਟ ਜਾਂਦੀ ਲੋਕ ਆਖਦੇ ਫੇਰ ਬਦਕਾਰ ਉਹਨੂੰ
ਸੱਸੀ ਥਲਾਂ ਦੀ ਧੁਪ ਤੋਂ ਡਰ ਮੁੜਦੀ ਮਿਲਦਾ ਕਦੇ ਭੀ ਨ ਪੁਨੂੰ ਯਾਰ ਉਹਨੂੰ
ਮਹੀਂਵਾਲ ਨ ਚੀਰ ਸਰੀਰ ਦੇਂਦਾ ਸੋਹਣੀ ਕਿਵੇਂ ਮਿਲਦੀ ਜਾਕੇ ਪਾਰ ਉਹਨੂੰ
ਛਾਤੀ ਵਿਚ ਨ ਛੇਕ ਪਵਾਇ ਮੋਤੀ ਕੌਣ ਲਾਉਂਦਾ ਵਿਚ ਸ਼ਿੰਗਾਰ ਉਹਨੂੰ
ਕੰਘੀ ਹੱਡ ਚਰਾਇ ਨ ਨਾਲ ਆਰੀ ਕਰੇ ਸਿਰ ਤੇ ਕੌਣ ਅਸਵਾਰ ਉਹਨੂੰ
ਤਿਲ ਘਾਣੀ ਦੀ ਪੀੜ ਤੋਂ ਡਰੇ ਜੇਕਰ ਪੁਛੇ ਕੌਣ ਫਿਰ ਵਿਚ ਬਾਜ਼ਾਰ ਉਹਨੂੰ
ਨੱਟ ਨਾੜ੍ਹੇ ਤੇ ਅੱਖ ਜੇ ਝਮਕ ਜਾਵੇ ਮੌਤ ਮਾਰਦੀ ਸਿਰ ਦੇ ਭਾਰ ਉਹਨੂੰ
ਭੌਰਾ ਫੁਲ ਦੀ ਵਾਸ਼ਨਾਂ ਲਵੇ ਕੀਕੁਰ ਡਰ ਦੇਵਣ ਜੇ ਤਿੱਖੇ ਖਾਰ ਉਹਨੂੰ
ਸਿਧੇ ਜਾਨ ਤੋਂ ਸ਼ੇਰ ਜੇ ਰੁਕ ਜਾਵੇ ਕੌਣ ਕਹੇ ਦਲੇਰ ਉਚਾਰ ਉਹਨੂੰ
ਸਿਖ ਹੋ ਕੇ ਧਰਮ ਤੋਂ ਫਿਰ ਜਾਵੇ ਮੂੰਹ ਲਾਵੇ ਨ ਗੁਰੂ ਕਰਤਾਰ ਉਹਨੂੰ
ਸਿੰਘ ਮੌਤ ਤੋਂ ਡਰੇ ਕਰਤਾਰ ਸਿੰਘਾ ਪਵੇ ਲਾਹਨਤ ਵਿਚ ਸੰਸਾਰ ਉਹਨੂੰ
ਤਥਾ
ਮਾਰ ਕਮਚੀਆਂ ਚੰਮ ਉਧੇੜ ਲਿਆ ਲਹੂ ਲੁਹਾਨ ਹੋ ਗਿਆ ਸਰੀਰ ਮੇਰਾ
ਹੋਰ ਪੁਜਦੀ ਜਿਹੜੀ ਤੂੰ ਕਰ ਸੂਬੇ ਰੱਖ ਆਰੀ ਅਗੇ ਬਦਨ ਚੀਰ ਮੇਰਾ
ਹੋ ਰਹੇਗਾ ਉਹ ਜੋ ਵਿਚ ਮਥੇ ਲੇਖ ਲਿਖਿਆ ਹੈ ਤਕਦੀਰ ਮੇਰਾ
ਜਿਸ ਮਜ਼ਹਬ ਦਾ ਜ਼ੁਲਮ ਅਸੂਲ ਹੋਵੇ ਉਹਨੂੰ ਮੰਨਦਾ ਨਹੀਂ ਜ਼ਮੀਰ ਮੇਰਾ
ਜ਼ੋਰ ਜ਼ੁਲਮ ਕਰਨਾ ਰਵਾ ਕਿਤੇ ਨਾਹੀਂ ਤੈਨੂੰ ਪੁਛੇਗਾ ਰਬ ਕਬੀਰ ਮੇਰਾ
ਮੈਂ ਬੜਾ ਹਾਂ ਖੁਸ਼ ਕਰਤਾਰ ਸਿੰਘਾ ਲਗੇ ਧਰਮ ਤੇ ਸੀਸ ਅਖੀਰ ਮੇਰਾ