ਸਮੱਗਰੀ 'ਤੇ ਜਾਓ

ਪੰਨਾ:Johar khalsa.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੩੫)

ਸਿੰਘ ਆਪਣਾ ਸਿਦਕ ਨਿਭਾ ਗਏ ਵੇਖ ਸ਼ਹਿਰ ਸਾਰਾ ਹਾਹਾਕਾਰ ਕਰਦਾ
ਆਫਤਾਬ ਭੀ ਵੇਖ ਕਰਤਾਰ ਸਿੰਘਾ ਉਨ੍ਹਾਂ ਜ਼ਾਲਮਾਂ ਤਾਈਂ ਫਿਟਕਾਰ ਕਰਦਾ

ਵਾਕ ਕਵੀ


ਏਸੇ ਤਰ੍ਹਾਂ ਲਾਹੌਰ ਦੇ ਕਿਲੇ ਅੰਦਰ ਸਿਖੀ ਸਿਦਕ ਦੇ ਰੋਜ਼ ਇਮਤਿਹਾਨ ਹੁੰਦੇ
ਜਿੰਨੇ ਆਉਂਦੇ ਸਿੰਘ ਤਿਆਰ ਹੋ ਕੇ ਉਹ ਸਾਰੇ ਹੀ ਪਾਸ ਪਛਾਨ ਹੁੰਦੇ
ਫੇਹਲ ਕਰਨ ਨੂੰ ਪਾਉਂਦੇ ਸਖਤ ਪਰਚੇ ਵੇਖ ਆਲਮ ਆਪ ਹੈਰਾਨ ਹੁੰਦੇ
ਸਾਰੇ ਹੱਲ ਸਵਾਲ ਕਰ ਸਿੰਘ ਦੇਂਦੇ ਪਰਚੇ ਕਰੜੇ ਸਭ ਆਸਾਨ ਹੁੰਦੇ
ਸਬਕ ਪੜ੍ਹਿਆ ਸਿੰਘਾਂ ਨੇ ਜਿਸ ਪਾਸੋਂ ਉਹਦੀ ਅਕਲ ਉਤੇ ਪਰੇਸ਼ਾਨ ਹੁੰਦੇ
ਅੱਜ ਤੱਕ ਨ ਇਕ ਭੀ ਫੇਹਲ ਹੋਯਾ ਜ਼ਾਲਮ ਸ਼ਰਮ ਦੇ ਵਿਚ ਗਲਤਾਨ ਹੁੰਦੇ
ਕਿਸੇ ਇਕ ਨਾ ਮਰਨ ਤੋਂ ਆਰ ਕੀਤੀ ਹੈਰਾਨ ਅਮੀਰ ਤੇ ਖਾਨ ਹੁੰਦੇ
ਖੰਡੇ ਅੰਮ੍ਰਿਤ ਦਾ ਅਸਰ ਕਰਤਾਰ ਸਿੰਘਾ ਕਿਉਂ ਨ ਧਰਮ ਤੋਂ ਸਿੰਘ ਕੁਰਬਾਨ ਹੁੰਦੇ

ਤਥਾ


ਯਾਹਯੇ ਖਾਂ ਨੇ ਬੈਠਕੇ ਤਖਤ ਉਪਰ ਪਹਿਲਾਂ ਯਾਰ ਦੀ ਯਾਰੀ ਨਿਬਾਹੀ ਚੰਗੀ
ਜਿਦੇ ਨਾਲ ਛੋਟਾ ਹੁੰਦਾ ਖੇਡਦਾ ਸੀ ਪ੍ਰੀਤ ਓਸ ਨਾਲ ਕਰ ਦਿਖਾਈ ਚੰਗੀ
ਵਧ ਨਿਕਲਿਆ ਖਾਨ ਬਹਾਦਰੋਂ ਇਹ ਤੇਗ ਸ਼ਰ੍ਹਾ ਦੀ ਤੇਜ਼ ਉਠਾਈ ਚੰਗੀ
ਵਿਚ ਥੋਹੜਿਆਂ ਦਿਨਾਂ ਕਰਤਾਰ ਸਿੰਘਾ ਕੀਤੀ ਦੇਸ ਦੀ ਹੈਸੀ ਤਬਾਹੀ ਚੰਗੀ

ਸਿੰਘਾਂ ਨਾਲ ਛੇੜਖਾਨੀ


ਹੋ ਗਿਆ ਸ਼ਹੀਦ ਸੁਬੇਗ ਸਿੰਘ ਜਾਂ ਤੇ ਸ਼ਾਹਬਾਜ਼ ਸ਼ਹੀਦੀ ਨੂੰ ਪਾਇ ਗਿਆ
ਤਾਰੂ ਸਿੰਘ ਮਤਾਬ ਸਿੰਘ ਗਏ ਮਾਰੇ ਗੁਸਾ ਸਿੰਘਾਂ ਦੀ ਦਿਲੀਂ ਸਮਾਇ ਗਿਆ
ਨੇੜੇ ਤੇੜੇ ਲਾਹੌਰ ਦੇ ਫਿਰਨ ਲਗੇ ਲਿਆ ਲੁੱਟ ਜਿਹੜਾ ਹੱਥ ਆਇ ਗਿਆ
ਯਾਹਯੇਖਾਂ ਨੂੰ ਖਬਰਾਂ ਪਹੁੰਚੀਆਂਜਾਂ ਆਉਣਾ ਸਿੰਘਾਂਦਾ ਸੁਣ ਘਬਰਾਇ ਗਿਆ
ਗਸ਼ਤੀ ਫੌਜ ਲਾਹੌਰਤੋਂ ਓਸ *ਚਾੜ੍ਹੀ ਜਥਾ ਸਿੰਘਾਂ ਦਾ ਪੈਰ ਖਿਸਕਾਇ ਗਿਆ
ਗੁਜਰਾਂਵਾਲੇ ਨੂੰ ਢਲ ਕਰਤਾਰ ਸਿੰਘਾ ਰੋੜੀ ਸਾਹਿਬ ਦਾ ਮੇਲਾ ਤਕਾਇ ਗਿਆ

ਸਿੰਘਾਂ ਨੇ (ਰੋੜੀ ਸਾਹਿਬ) ਇਮਨਾਬਾਦ ਪਹੁੰਚਣਾ


ਠਾਰਾਂਸੌ ਦਾ ਸੀ [1]ਚੌਥਾ ਸਾਲ ਚੜ੍ਹਯਾ ਮੇਲਾ ਲੱਗਾ ਵਸਾਖੀ ਦਾ ਆਇ ਭਾਈ
ਜਥਾ ਫਿਰਦਾ ਸਿੰਘਾਂਦਾ ਬਾਰਵਿਚਦੀ ਰੋੜੀ ਸਾਹਿਬ ਗਿਆ ਮੋੜਾ ਪਾਇ ਭਾਈ


  1. *ਸੱਯਦ ਮੁਹੰਮਦ ਲਤੀਫ ਲਿਖਦਾ ਹੈ ਕਿ ਸਿੰਘਾਂ ਨੇ ਲਾਹੌਰ ਦੇ ਨੇੜੇ ਆਕੇ ਸ਼ਾਹੀ ਧੋਬੀਆਂ ਤੋਂ ਕਪੜਾ ਲੀੜਾ ਖੋਹ ਲਿਆ ਸੀ, ਇਸ ਤੋਂ ਗੁਸਾ ਖਾਕੇ ਯਾਹਯੇ ਖਾਂ ਨੇ ਲੱਖੂ ਦੇ ਭਰਾ ਜੱਸੂ ਨੂੰ ਓਹਨਾਂ ਪਿਛੇ ਭਾਰੀ ਫੌਜ ਦੇਕੇ ਚੜ੍ਹਾ ਦਿਤਾ ਸੀ। ()੧੮੦੪ ਬਿਕ੍ਰਮੀ।