(੪੦)
ਜੌਹਰ ਖਾਲਸਾ
ਇਹ ਕੰਗਾਲ ਗਰੀਬ ਮਜ਼ਦੂਰ ਸਾਰੇ ਉਤੇ ਇਨ੍ਹਾਂ ਦੇ ਜ਼ੁਲਮ ਕਮਾਓ ਨਾਹੀਂ
ਦੱਸੋ ਇਨਾਂ ਨੇ ਕੀਹ ਵਿਗਾੜਿਆ ਏ ਬੇਦੋਸਿਆਂ ਤਾਈਂ ਸਤਾਓ ਨਾਹੀਂ
ਰੋਂਦੇ ਬਾਲਬੱਚੇ ਗਲੀਆਂ ਵਿਚ ਫਿਰਦੇ ਛੁਰੀ ਗਊਆਂ ਦੇ ਗਲ ਫਿਰਾਓ ਨਾਹੀਂ
ਬੇਗੁਨਾਹਾਂ ਦੀ ‘ਆਹ’ ਨ ਜਾਇ ਖਾਲੀ ਐਵੇਂ ਖਲਕ ਖੁਦਾ ਦੁਖਾਓ ਨਾਹੀਂ
ਚਾਰ ਦਿਨ ਦਾ ਜ਼ੋਰ ਕਰਤਾਰ ਸਿੰਘਾ ਕਰ ਮੱਥੇ ਕਲੰਕ ਲਵਾਓ ਨਾਹੀਂ
ਲੱਖੂ
ਅਗੋਂ ਬੋਲਿਆ ਉਹ ਚੰਡਾਲ ਪਾਪੀ ਮੈਂ ਇੱਕੋ ਹੀ ਗੱਲ ਸੁਣਾ ਛੱਡਾਂ
ਨਹੀਂ ਮੰਨਣਾ ਕਿਸੇ ਦਾ ਮੂਲ ਆਖਾ ਇਹਨਾਂ ਤਾਈਂ ਜ਼ਰੂਰ ਮਰਵਾ ਛੱਡਾਂ
ਮੇਰੀ ਛਾਤੀ ਉਤੇ ਕੰਡੇ ਰੜਕਦੇ ਨੇ ਸਾਰੇ ਜੜ੍ਹਾਂ ਤੋਂ ਫੜ ਪੁਟਾ ਛੱਡਾਂ
ਲਖਪਤ ਮੈਨੂੰ ਕਿਸ ਆਖਣਾ ਏਂ ਜੇ ਮੈਂ ਸਿੱਖ ਨਾ ਮਾਰ ਮੁਕਾ ਛੱਡਾਂ
ਛੱਡ ਦਿਆਂਗਾ ਜ਼ੁਲਮ ਹਨੇਰੀਆਂ ਨੂੰ ਸਿੱਖ ਬੱਦਲਾਂ ਵਾਂਗ ਉਡਾ ਛੱਡਾਂ
ਇਮਨਾਬਾਦ ਦਾ ਨਾਮ ਕਰਤਾਰ ਸਿੰਘਾ ਸਦਾ ਲਈ ਬਦਨਾਮ ਕਰਵਾ ਛੱਡਾਂ
ਪੈਂਚਾਂ ਦੀ ਅਵਾਜ਼
ਕੌੜੇ ਮੱਲ ਜੈਸੇ ਧਰਮੀ ਬੋਲ ਉਠੇ ਅੱਤ ਕਰਕੇ ਨਹੀਂ ਦਿਖਾਣੀ ਚਾਹੀਏ
ਖਾਲਕ ਖਲਕ ਦਾ ਕਰੇ ਕ੍ਰੋਧ ਵਡਾ ਖਲਕ ਓਸਦੀ ਨਹੀਂ ਦੁਖਾਣੀ ਚਾਹੀਏ
ਜ਼ੁਲਮ ਰੱਬ ਨੂੰ ਮੂਲ ਨ ਭਾਂਵਦਾ ਏ ਛੁਰੀ ਰਈਯਤਾਂ ਤੇ ਨ ਚਲਾਣੀ ਚਾਹੀਏ
ਪਾਸ ਬੈਠਕੇ ਵਕਤ ਦੇ ਹਾਕਮਾਂ ਦੇ ਨਹੀਂ ਭੈੜੀ ਸਲਾਹ ਬਤਾਣੀ ਚਾਹੀਏ
ਚਾਰ ਦਿਨ ਦੀਆਂ ਇਹ ਹਕੂਮਤਾਂ ਨੇ ਨੇਕੀ ਜੱਗ ਦੇ ਵਿਚ ਕਮਾਣੀ ਚਾਹੀਏ
ਭਲਾ ਬੀਜੀਏ ਬੀਜ ਕਰਤਾਰ ਸਿੰਘਾ ਬਦੀ ਕਰ ਨ ਉਮਰ ਗਵਾਣੀ ਚਾਹੀਏ
ਤਥਾ
ਅੱਵਲ ਛੱਡ ਗ੍ਰੀਬਾਂ ਵਿਚਾਰਿਆਂ ਨੂੰ ਜ਼ੁਲਮ ਇਨ੍ਹਾਂ ਦੇ ਉਤੇ ਕਮਾ ਨਾਹੀਂ
ਜੇ ਜਰੂਰ ਤੂੰ ਕਤਲ ਕਰਾਵਣੇ ਨੇ ਤਦ ਅੱਜ ਕਰ ਜ਼ੁਲਮ ਦਿਖਾ ਨਾਹੀਂ
ਹੈ ਸੋਮਾਵਤੀ ਅੱਜ ਮੱਸਿਆ ਦੀ ਥਾਂ ਪੁੰਨ ਦੇ ਪਾਪ ਕਰਾ ਨਾਹੀਂ
ਕਲ ਕਤਲ ਕਰ ਦਈ ਕਰਤਾਰ ਸਿੰਘਾ ਅੱਜ ਜ਼ੁਲਮ ਦੀ ਛੁਰੀ ਉਠਾ ਨਾਹੀਂ
ਜ਼ਾਲਮ ਲੱਖੂ ਨੇ ਜ਼ੁਲਮ ਕਮਾਉਣਾ
ਬੁਰੇ ਕਦੇ ਬੁਰਿਆਈ ਤੋਂ ਨਹੀਂ ਟਲਦੇ ਕਹਿਣ ਗੱਲ ਦਾਨਾ ਉਚਾਰ ਸੱਭੇ
ਮੰਨੀ ਇਕ ਦੀ ਨ ਜ਼ਾਲਮ ਹੈਂਸਿਆਰੇ ਆਖ ਆਖ ਗਏ ਥੱਕ ਹਾਰ ਸੱਭੇ
ਸਗੋਂ ਪੈਂਚਾਂ ਦੇ ਸਾਹਮਣੇ ਓਸ ਪਾਪੀ ਸਿਖ ਹੁਕਮ ਦੇਇ ਲਏ ਹਕਾਰ ਸੱਭੇ