ਸਮੱਗਰੀ 'ਤੇ ਜਾਓ

ਪੰਨਾ:Johar khalsa.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੨)

ਜੌਹਰ ਖਾਲਸਾ


ਇਨ੍ਹਾਂ ਸਿੰਘਾਂ ਨੇ ਦੀਨ ਨੂੰ ਤੰਗ ਕੀਤਾ ਮੁਸਲਮਾਨ ਕੱਠੇ ਹੋ ਕੇ ਆਓ ਸਾਰੇ
ਤੁਰਨੇ ਸਿਰ ਜੇ ਵਿਚ ਪੰਜਾਬ ਦੇ ਹੋ ਲੈਕੇ ਪੁਜਦੀਆਂ ਮੱਦਦਾਂ ਧਾਓ ਸਾਰੇ
ਲੱਖਪਤ ਦੀਵਾਨ ਦੇ ਨਾਲ ਮਿਲਕੇ ਜੰਗ ਸਿੰਘਾਂ ਦੇ ਨਾਲ ਮਚਾਓ ਸਾਰੇ
ਜਿਵੇਂ ਖੋਜ ਖੁਰਾ ਦੂਰ ਹੋਇ ਇਹਨਾਂ ਰਲ ਏਸ ਵਾਰੀ ਜ਼ੋਰ ਲਾਓ ਸਾਰੇ
ਛਿਪਣ ਲਈ ਨ ਇਹਨਾਂ ਨੂੰ ਥਾਂ ਲਭੇ ਐਸੇ ਆਪਣੇ ਹੱਥ ਦਿਖਾਓ ਸਾਰੇ
ਫੌਜਾਂ ਚੜ੍ਹਨ ਲਾਹੌਰ ਤੋਂ ਭਾਰੀਆਂ ਜੀ ਵਾਹਰਾਂ ਕੱਠੀਆਂ ਕਰ ਲਿਆਓ ਸਾਰੇ
ਵੈਰੀ ਦੀਨ ਦੇ ਮਾਰੋ ਕਰਤਾਰ ਸਿੰਘਾ ਕੱਠੇ ਹੋ ਕੇ ਜ਼ੋਰ ਅਜ਼ਮਾਓ ਸਾਰੇ

ਲਾਹੌਰ ਵਿਚ ਇਕੱਠ

ਏਸ ਹੁਕਮ ਨੂੰ ਸੁਣ ਰੱਈਸ ਸਾਰੇ ਕੱਠੇ ਵਿਚ ਲਾਹੌਰ ਦੇ ਆਨ ਹੋਏ
ਨੰਬਰਦਾਰ ਤੇ ਚੌਧਰੀ ਪੈਂਚ ਮੁਖੀਏ ਕਾਜ਼ੀ ਮੁਲਾਂ ਅਮੀਰ ਤੇ ਖਾਨ ਹੋਏ
ਦਿਲੀ ਜਿਨ੍ਹਾਂ ਦੀ ਈਰਖਾ ਮਜ਼੍ਹਬੀ ਸੀ ਕੱਠੇ ਮੌਲਵੀ ਕਾਜ਼ੀ ਪਛਾਨ ਹੋਏ
ਹੋਏ ਮੁਖਬਰ ਭੀ ਆਣ ਸਾਰੇ ਰਾਜਪੂਤ ਰੰਘੜ ਭੂਹੇ ਜਾਨ ਹੋਏ
ਕੱਠੇ ਕੰਮੀ ਕਮੀਨ ਕਰ ਲੈ ਆਏ ਜਮ੍ਹਾਂ ਬਹੁਤ ਸਾਰੇ ਮੁਸਲਮਾਨ ਹੋਏ
ਹੋਏ ਜੰਗ ਦੇ ਲਈ ਤਿਆਰ ਸਾਰੇ ਮੋਹਰੇ ਲੱਖੂ ਦੇ ਜਹੇ ਸ਼ੈਤਾਨ ਹੋਏ
ਏਧਰ ਸੂਬੇ ਭੀ ਕੀਤੀਆਂ ਤਿਆਰ ਫੌਜਾਂ ਜਮ੍ਹਾਂ ਬੇਸ਼ੁਮਾਰ ਸਾਮਾਨ ਹੋਏ
ਭੇੜ ਮੱਚਣਾ ਫੇਰ ਕਰਤਾਰ ਸਿੰਘਾ ਦੋਹਾਂ ਧਿਰਾਂ ਦਾ ਬੜਾ ਨੁਕਸਾਨ ਹੋਏ

ਹਾੜ ੧੮੦੪ ਬਿ: ਲਾਹੌਰ ਤੋਂ ਫੌਜ ਦੀ ਚੜ੍ਹਾਈ

ਲੱਖੂ ਖੱਤਰੀ ਭੂਤ ਹੋ ਗਿਆ ਭੁਹੇ ਨਾਲ ਸਿੰਘਾਂ ਦੇ ਜੰਗ ਮਚਾਨ ਚੜ੍ਹਿਆ
ਕਰਕੇ ਦੇਸ ਦੇ ਖਾਨ ਅਮੀਰ ਸਾਥੀ ਫੌਜਾਂ ਭਾਰੀਆਂ ਨਾਲ ਗੁਮਾਨ ਚੜ੍ਹਿਆ
ਬਹਾਵਲਪੁਰ ਮੁਲਤਾਨ ਮਨਕੇਰੀਏ ਭੀ ਤੇ ਕਸੂਰ ਵਾਲੇ ਲੈ ਪਠਾਨ ਚੜ੍ਹਿਆ
ਰਲੇ ਆਣ ਪਠਾਣ ਜਾਲੰਧਰੀ ਭੀ ਬੱਸੀ ਵਾਲਿਆਂ ਨੂੰ ਲੈ ਸ਼ੈਤਾਨ ਚੜ੍ਹਿਆ
ਜੰਗੀ ਸਾਜ ਸਮਾਨ ਲੈ ਬਹੁਤ ਭਾਰੇ ਧੌਂਸਾ ਮਾਰ ਕੇ ਜ਼ੋਰ ਜਤਾਨ ਚੜ੍ਹਿਆ
ਲੈਣਾ ਵੈਰ ਭਰਾ ਦਾ ਖਾਲਸੇ ਤੋਂ ਲੈ ਕੇ ਕਈ ਹਜ਼ਾਰ ਜਵਾਨ ਚੜ੍ਹਿਆ
ਧਰ ਰੂਪ ਚੰਡਾਲ ਦਾ ਉਹ ਜ਼ਾਲਮ ਰਹਿੰਦਾ ਦੇਸ ਭੀ ਕਰਨ ਵੈਰਾਨ ਚੜ੍ਹਿਆ
ਅਗੇ ਪਿਆ ਪੰਜਾਬ ਦੇ ਵਿਚ ਕੀਹਸੀ ਰਹਿੰਦੀ ਖੂੰਹਦੀ ਭੀ ਮਿੱਟੀ ਉਡਾਨ ਚੜ੍ਹਿਆ
ਦੂਰ ਦੇਸ ਦੇ ਕਰਨ ਅਰਾਮ ਖਾਤਰ ਕੱਠਾ ਹੋ ਲਾਹੌਰੋਂ ਤਫਾਨ ਚੜ੍ਹਿਆ
ਫੌਜਾਂ ਲੈ ਕੇ ਖਾਨ ਅਮੀਰ ਚਲੇ ਲੱਖੂ ਦਲਾਂ ਦੀ ਫੜ ਕਮਾਨ ਚੜ੍ਹਿਆ
ਵਿਚ ਦੇਸ ਦੇ ਪੈ ਗਿਆ ਸ਼ੋਰ ਆਕੇ ਘੱਟਾ ਉੱਡ ਭਾਰਾ ਅਸਮਾਨ ਚੜ੍ਹਿਆ