ਸਮੱਗਰੀ 'ਤੇ ਜਾਓ

ਪੰਨਾ:Johar khalsa.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੪)

ਜੌਹਰ ਖਾਲਸਾ


ਵੈਰ ਪਿਓ ਦਾ ਲੈਣ ਉਹ ਚੜ੍ਹ ਆਇਆ ਵਿਚ ਦਿਲ ਦੇ ਰੱਖ ਕੇ ਖਾਰ ਭਾਈ
ਪੁਤ੍ਰ ਸੂਬੇ ਦਾ ਲਾਹੌਰ ਦਾ ਨਾਹਰਖਾਂ ਸੀ ਅਗੇ ਫੋਜ ਟੁਰਿਆ ਫੌਜਦਾਰ ਭਾਈ
ਨਾਲ ਖਾਨ ਫੈਜ਼ੁਲਾ ਭੀ ਚੜ੍ਹ ਪਿਆ ਵਿਚ ਦਿਲ ਦੇ ਰੱਖ ਹੰਕਾਰ ਭਾਈ
ਸੈਫ ਅਲੀ ਖਾਂ ਖਿਚ ਕੇ ਸੈਫ ਚੜ੍ਹਿਆ ਹਿੰਮਤ ਬੇਗ ਭੀ ਕਰ ਸੁਮਾਰ ਭਾਈ
ਚੜੇ ਹੋਰ ਅਮੀਰ ਤੇ ਖਾਨ ਬਹੁਤੇ ਮਾਰੋ ਮਾਰ ਕਰਦੇ ਬੁਰਿਆਰ ਭਾਈ
ਸ਼ਾਹਲਾ ਮਾਰ ਤੋਂ ਫੌਜ ਅਗਾਂਹ ਲੰਘੀ ਪਈ ਦੇਸ਼ ਦੇ ਵਿਚ ਪੁਕਾਰ ਭਾਈ
ਲੁੱਟ ਮਾਰ ਫੌਜਾਂ ਸ਼ੁਰੂ ਕਰ ਦਿਤੀ ਲੋਕ ਛੱਡ ਨੱਠੇ ਘਰ ਬਾਰ ਭਾਈ
ਪਿੰਡ ਸਿੰਘਾਂ ਦੇ ਮਾਰ ਉਜਾੜ ਕੀਤੇ ਗੁਰੂ ਥਾਨ ਕੀਤੇ ਮਿਸਮਾਰ ਭਾਈ
ਜਿਥੇ ਪੋਥੀ ਗ੍ਰੰਥ ਕੋਈ ਨਜ਼ਰ ਆਯਾ ਸਾੜ ਫੂਕ ਉਹ ਲੰਘੇ ਗਵਾਰ ਭਾਈ
ਧਰਮਸਾਲਾ ਤੇ ਮੰਦਰਾਂ ਢਾਹ ਲੰਘੇ ਵੜੇ ਜੰਗਲੀ ਜਾ ਨਰ ਨਾਰ ਭਾਈ
ਕੇਸਾਂ ਵਾਲਾ ਜਿਹੜਾ ਕਿਤੇ ਨਜ਼ਰ ਆਯਾ ਕੀਤਾ ਬਿਨਾਂ ਪੁਛੇ ਫੜ ਪਾਰ ਭਾਈ
ਹਰਲ ਹਰਲ ਕਰਦੇ ਫਿਰਦੇ ਵਿਚ ਪਿੰਡਾ ਖਲਕਤ ਕੰਬ ਰਹੀ ਡਰ ਧਾਰ ਭਾਈ
ਕਿਤੇ ਬੱਕਰਾ ਛੱਤਰਾ ਛਡਿਆ ਨ ਪੈਸਾ ਨਕਦੀ ਜ਼ਰ ਜਵਾਹਰ ਭਾਈ
ਦੇਸ ਹੋਯਾ ਬਰਬਾਦ ਕਰਤਾਰ ਸਿੰਘਾ ਭਾਰਾ ਵਰਤਿਆ ਕਹਿਰ ਕਹਾਰ ਭਾਈ

ਛੰਭ ਦੇ ਗਿਰਦ ਫੌਜਾਂ ਦਾ ਘੇਰਾ

ਕੱਠੇ ਵੈਰੀ ਹੋਕੇ ਗਿਰਦੇ ਛੰਭ ਦੇ ਜੀ ਦੂਰ ਦੂਰ ਤੋੜੀ ਘੇਰਾ ਪਾਇ ਬੈਠੇ
ਬੇਸ਼ੁਮਾਰ ਲੱਥੀ ਆਣ ਮੁਸਲਮਾਨੀ ਸ਼ਾਇਮਾਨ ਤੇ ਤੰਬੂ ਲਗਾਇ ਬੈਠੇ
ਬਾਂਗਾਂ ਦੇਂਵਦੇ ਬੋਲਦੇ ਐਲੀ ਐਲੀ ਡੇਰੇ ਚਾਰ ਚੁਫੇਰੇ ਜਮਾਇ ਬੈਠੇ
ਜਿਵੇਂ ਉੱਤਰੇ ਆਣ ਬਰਾਤੀ ਕੋਈ ਸ਼ਾਨ ਸ਼ੌਕਤਾਂ ਖੂਬ ਬਨਾਇ ਬੈਠੇ
ਕਿਤੇ ਭੁੱਜਦੇ ਪਏ ਕਬਾਬ ਦੇਖੋ ਕਿਤੇ ਜ਼ਰਦੇ ਪਲਾਉ ਪਕਾਇ ਬੈਠੇ
ਖਾਂਦੇ ਨਾਨ ਕੁਲਚੇ ਗੱਪਾਂ ਮਾਰਦੇ ਜੀ ਹੁੱਕੇ ਘੜਿਆਂ ਜੇਡ ਗੁੜਘਾਇ ਬੈਠੇ
ਜਿਵੇਂ ਆਉਂਦੇ ਘਰ ਮਹਿਮਾਨ ਕਿਸੇ ਫਾਕੇ ਫਿਕਰ ਸਭ ਸਿਰੋਂ ਭੁਲਾਇ ਬੈਠੇ
ਪਏ ਖਾਨ ਅਮੀਰ ਸ਼ਰਾਬ ਪੀ ਕੇ ਥਾਉਂ ਥਾਂ ਹੀ ਮਜਲਸਾਂ ਲਾਇ ਬੈਠੇ
ਪਾਉਣ ਜੱਲੀਆਂ ਗਾਉਂਦੇ ਗੀਤ ਕਈ ਸਿਰੋਂ ਸਿੰਘਾ ਦਾ ਖੌਫ ਚੁਕਾਇ ਬੈਠੇ
ਗੱਪਾਂ ਮਾਰਦੇ ਰਲ ਕੇ ਯਾਰ ਸਾਰੇ ਥੱਕੇ ਹੋਇ ਸਨ ਪੈਰ ਫੈਲਾਇ ਬੈਠੇ
ਸਿੰਘ ਹੈਨ ਸਾਡੇ ਅਗੇ ਗਲ ਕਿਹੜੀ ਥੋਹੜੇ ਸਮਝ ਕੇ ਫਿਰ ਚੁਕਾਇ ਬੈਠੇ
ਸਿੰਘ ਤੱਕਦੇ ਸ਼ੇਰ ਕਰਤਾਰ ਸਿੰਘਾ ਬਾਹਰ ਬਲੀ ਦੇ ਬੱਕਰੇ ਆਇ ਬੈਠੇ