ਪੰਨਾ:Johar khalsa.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)

ਜੌਹਰ ਖਾਲਸਾ


ਕੁੱਟ ਗਿੱਦੜਾਂ ਦੇ ਵਾਂਗ ਲਏ ਬਹੁਤੇ ਸਿੰਘਾਂ ਮਾਰਕੇ ਸੁੱਧ ਭੁਲਾ ਦਿੱਤੀ
ਪਤਾ ਰਿਹਾ ਗੁਲਾਮ ਸਰਦਾਰ ਦਾ ਨਾ ਫੌਜ ਝੂਣ ਕੇ ਸਾਰੀ ਹਿਲਾ ਦਿੱਤੀ
ਨੱਠੇ ਫਿਰਨ ਸ੍ਰਦਾਰ ਤੇ ਹੋਰ ਅਫਸਰ ਸੋਝੀ ਸਿੰਘਾਂ ਨੇ ਲੈਣ ਨਾ ਕਾ ਦਿੱਤੀ
ਬਹੁਤੇ ਕੱਟ ਆਪੋ ਵਿਚ ਮਰ ਗਏ ਫੌਜ ਆਪਣੀ ਆਪ ਖਪਾ ਦਿੱਤੀ
ਜਿੰਨੇ ਚਿਰ ਨੂੰ ਵੈਰੀਆਂ ਹੋਸ਼ ਕੀਤੀ ਸਿੰਘਾਂ ਵੱਢ ਜਵਾਰ ਵਿਛਾ ਦਿੱਤੀ
ਪੈਰ ਸੰਭਲੇ ਜਦੋਂ ਆ ਦੁਸ਼ਮਨਾਂ ਨੇ ਸਿੰਘਾਂ ਪਿਛ੍ਹਾਂ ਨੂੰ ਵਾਗ ਭਵਾ ਦਿੱਤੀ
ਵੜੇ ਛੰਭ ਦੇ ਵਿਚ ਕਰਤਾਰ ਸਿੰਘਾ ਪਹਿਲੀ ਰਾਤ ਕਿਆਮਤ ਬਣਾ ਦਿੱਤੀ

ਵਾਕ ਕਵੀ

ਪਹਿਲੀ ਰਾਤ ਹੀ ਹੋਯਾ ਨੁਕਸਾਨ ਭਾਰਾ ਹੱਥ ਵੇਖ ਹਾਕਮ ਪਛਤਾਇ ਰਹੇ
ਕਈ ਸੈਂਕੜੇ ਸਿੰਘਾਂ ਦੀ ਤੇਗ ਖਾਧੇ ਪਏ ਜ਼ਖਮੀ ਵਿਲਕ ਵਿਲਕਾਇ ਰਹੇ
ਵਾਹਰਾਂ ਪਿੰਡਾਂ ਨੂੰ ਪੱਤਰਾ ਵਾਚ ਗਈਆਂ ਜਿਹੜੇ ਬਚੇ ਉਹ ਫਸੇ ਫਸਾਇ ਰਹੇ
ਵੇਖ ਸਾਹਮਣੇ ਮੋਇਆਂ ਸਬੰਧੀਆਂ ਨੂੰ ਰੋਇ ਰੋਇ ਕੇ ਨੀਰ ਵਹਾਇ ਰਹੇ
ਜਿਧਰ ਵੇਖਦੇ ਮੁਰਦੇ ਹੀ ਪਏ ਰੁਲਦੇ ਤੜਫ ਤੜਫ ਕੇ ਜਿੰਦਾਂ ਗਵਾਇ ਰਹੇ
ਤੇਗ ਸਿੰਘਾਂ ਦੀ ਵੇਖ ਕੇ ਲੋਕ ਪੇਂਡੂ ਮੂੰਹੋ ਤੌਬਾ ਹੀ ਤੌਬ ਸੁਣਾਇ ਰਹੇ
ਸਿੰਘ ਬੁਰੀ ਬਲਾ ਨੇ ਠੀਕ ਭਾਈ ਇਕ ਦੂਸਰੇ ਨੂੰ ਜਤਲਾਇ ਰਹੇ
ਲੱਖੂ ਜਹੇ ਬੇਦਰਦ ਚੰਡਾਲ ਪਾਪੀ ਉਹ ਬੇਸ਼ਰਮੀ ਤਾਈਂ ਛੁਪਾਇ ਰਹੇ
ਅੱਜ ਮਾਰੇ ਭੁਲੇਖੇ ਦੇ ਵਿਚ ਗਏ ਕੱਲ ਵੇਖਿਓ ਗੱਲ੍ਹਾਂ ਫੁਲਾਇ ਰਹੇ
ਸਿੰਘ ਹੈਨ ਸਾਡੇ ਅਗੇ ਚੀਜ਼ ਕੇਹੜੀ ਢੱਠੇ ਹੌਂਸਲੇ ਇਉਂ ਵਧਾਇ ਰਹੇ
ਪਹਿਲੇ ਹੱਲੇ ਹੀ ਲਵਾਂਗੇ ਮਾਰ ਸਾਰੇ ਤੁਸੀਂ ਦੇਖਣਾ ਪਾਜ ਬਨਾਇ ਰਹੇ
ਲੁੱਟ ਸਿੰਘ ਲੈ ਗਏ ਸਮਾਨ ਬਹੁਤਾ ਚੰਗੇ ਲੜਨਗੇ ਫਿਕਰ ਦੁੜਾਇ ਰਹੇ
ਹੱਥ ਸਿਰ ਮੁਨਾਯਾ ਹੁਣ ਆਂਵਦਾ ਨਹੀਂ ਐਵੇਂ ਝੂਠੇ ਹੀ ਹੱਸ ਹਸਾਇ ਰਹੇ
ਵਿਚੋਂ ਰੋਂਵਦੇ ਸਾਰੇ ਕਰਤਾਰ ਸਿੰਘਾ ਉਤੋਂ ਦੰਦੀਆਂ ਐਵੇਂ ਕਢਾਇ ਰਹੇ

ਲੰਮਾ ਘੇਰਾ

ਪਹਿਲੇ ਦਿਨ ਠਪਾ ਕੇ ਖੁੰਬ ਬੈਠੇ ਫੇਰ ਕਰ ਲਈ ਤਕੜਾਈ ਚੰਗੀ
ਰਸਦ ਬਸਦ ਪਿਛਾਂਹ ਰੱਖ ਲਸ਼ਕਰਾਂ ਤੋਂ ਸੋਚ ਸਮਝ ਵਿਉਂਤ ਬਣਾਈ ਚੰਗੀ
ਅੰਦਰ ਛੰਭ ਦੇ ਚੀਜ਼ ਨ ਕੋਈ ਜਾਵੇ ਫੌਜਾਂ ਤਾਈਂ ਤਾਕੀਦ ਕਰਾਈ ਚੰਗੀ
ਬਾਹਰੋਂ ਰਸਦਾਂ ਆਉਂਦੀਆਂ ਹਾਕਮਾਂ ਨੂੰ ਲੱਗੀ ਮੱਦਦਾਂ ਦੀ ਆਵਾਜਾਈ ਚੰਗੀ
ਹੋਰ ਮੱਦਦੀ ਲੱਖੂ ਬੁਲਾਇ ਰਿਹਾ ਤਾਕਤ ਓਸ ਨੇ ਆਣ ਵਧਾਈ ਚੰਗੀ