(੪੮)
ਜੌਹਰ ਖਾਲਸਾ
ਕੁਝ ਕੱਟ ਕਰਕੇ ਜੰਗਲ ਸਾਫ ਕੀਤਾ ਕੁਝ ਅੱਗ ਦਾ ਜ਼ੋਰ ਵਧਾਉਨ ਲੱਗਾ
ਸਿੰਘ ਹੋਇ ਲਾਚਾਰ ਕਰਤਾਰ ਸਿੰਘਾ ਹਰਇਕ ਬਹਿ ਫਿਕਰ ਦੁੜਾਉਨ ਲੱਗਾ
ਸਿੰਘਾਂ ਨੇ ਗੁਰਮਤਾ ਕਰਨਾ
ਜਥੇਦਾਰਾਂ ਨੇ ਬੈਠ ਵਿਚਾਰ ਕੀਤੀ ਕਿਵੇਂ ਆਪਣਾ ਆਪ ਬਚਾਵੀਏ ਜੀ
ਉਠ ਮਗਰ ਪਈ ਸਾਰੀ ਮੁਸਲਮਾਨੀ ਕਿਵੇਂ ਵੈਰੀ ਤੋਂ ਪੱਲਾ ਛੁਡਾਵੀਏ ਜੀ
ਲੱਗੀ ਝੱਲ ਨੂੰ ਅੱਗ ਚੁਫੇਰਿਓ ਹੈ ਹੁਣ ਕਿਸ ਤਰਾਂ ਝਟ ਲੰਘਾਵੀਏ ਜੀ
ਖਾਣ ਪੀਣ ਨੂੰ ਵੀ ਪੱਲੇ ਕੁਛ ਨਾਹੀਂ ਭੁੱਖਾਂ ਕੱਟ ਕਿਮ ਜੰਗ ਮਚਾਵੀਏ ਜੀ
ਆਉਣ ਮੱਦਤਾਂ ਚੱਲੀਆਂ ਵੈਰੀਆਂ ਨੂੰ ਅਸੀਂ ਕਿਸ ਨੂੰ ਪਿਛੋਂ ਬੁਲਾਵੀਏ ਜੀ
ਵੇਲਾ ਸਖਤ ਬਣਿਆਂ ਸਿਰ ਤੇ ਖਾਲਸਾਜੀ ਏਨੂੰ ਕਿਸਤਰਾਂ ਸਿਰੋਂ ਟਪਾਵੀਏ ਜੀ
ਅੰਤ ਹੋਈ ਸਲਾਹ ਸਿਆਣਿਆਂ ਦੀ ਏਥੋਂ ਨਿਕਲ ਪਹਾੜਾਂ ਨੂੰ ਜਾਵੀਏ ਜੀ
ਵੈਰੀ ਦਸ ਗੁਣਾਂ ਨੇ ਸਾਡੇ ਮਗਰ ਲੱਗੇ ਰਾਜਨੀਤ ਦਾ ਫੰਧ ਚਲਾਵੀਏ ਜੀ
ਲਾਂਭੇ ਹੋ ਕੇ ਵੈਰੀ ਦੀ ਮਾਰ ਪਾਸੋਂ ਸੰਭਲ ਪੈਰਾਂ ਨੂੰ ਜ਼ੋਰ ਵਧਾਵੀਏ ਜੀ
ਵੇਲਾ ਤਾੜ ਕੇ ਫੇਰ ਕਰਤਾਰ ਸਿੰਘਾ ਪੱਕੋ ਜ਼ਾਲਮਾਂ ਨੂੰ ਹੱਥ ਲਾਵੀਏ ਜੀ
ਸਿੰਘਾਂ ਨੇ ਛੰਭ ਵਿਚੋਂ ਨਿਕਲਣਾ
ਔਖੀ ਬਣੀ ਚੁਫੇਰਿਓਂ ਆਣ ਜਦੋਂ ਸਿੰਘ ਜੰਗਲੋਂ ਧਰਕੇ ਧੀਰ ਨਿਕਲੇ
ਇਕੋ ਵਾਰ ਹੀ ਦੇ ਕੇ ਜ਼ੋਰ ਸਾਰਾ ਗੁੱਠ ਚੜ੍ਹਦੇ ਪਹਾੜ ਦੀ ਚੀਰ ਨਿਕਲੇ
ਫੌਜਾਂ ਹੋ ਗਈਆਂ ਅਗੋਂ ਤੁਰਤ ਲਾਂਭੇ ਸਿੰਘ ਗਜ਼ਬ ਦੀ ਫੜ ਸ਼ਮਸ਼ੀਰ ਨਿਕਲੇ
ਮੂੰਹ ਵਲ ਪਠਾਨ ਦੇ ਕੋਟ ਕਰਕੇ ਮੀਂਹ ਵਾਂਗ ਵਰਸਾਂਵਦੇ ਤੀਰ ਨਿਕਲੇ
ਰੋਕ ਰਹੇ ਨ ਵੈਰੀਆਂ ਭਾਰਿਆਂ ਤੋਂ ਸਿੰਘ ਵਲ ਪਹਾੜਾਂ ਅਖੀਰ ਨਿਕਲੇ
ਹੋਯਾ ਥੋੜ੍ਹਾ ਨੁਕਸਾਨ ਕਰਤਾਰ ਸਿੰਘਾ ਕਰ ਵੈਰੀਆਂ ਨੂੰ ਲੀਰ ਲੀਰ ਨਿਕਲੇ
ਲੱਖੂ ਨੇ ਪਿੱਛਾ ਕਰਨਾ
ਚੱਲੇ ਸਿੰਘ ਪਠਾਨ ਦੇ ਕੋਟ ਵੱਲੇ ਪਿਛੇ ਲੱਖੂ ਨੇ ਭੀ ਫੌਜਾਂ ਲਾਈਆਂ ਸਨ
ਤੇਰਾਂ ਚੌਦਾਂ ਹਜ਼ਾਰ ਕਰੀਬ ਸਮਝੋ ਸਿੰਘ ਸੂਰਮੇ ਕਰ ਗਏ ਧਾਈਆਂ ਸਨ
ਅੱਸੀ ਨੱਬੇ ਹਜ਼ਾਰ ਸੀ ਮਗਰ ਵੈਰੀ ਵਿਚ ਰਾਹਾਂ ਦੇ ਧੂੜਾਂ ਧੁਮਾਈਆਂ ਸਨ
ਵੈਰੀ ਚਾਹੁੰਦੇ ਸਿੰਘਾਂ ਨੂੰ ਘੇਰ ਲੈਣਾ ਸਿੰਘਾਂ ਤਲੀ ਤੇ ਜਿੰਦਾਂ ਟਿਕਾਈਆਂ ਸਨ
ਅਗੇ ਪਿਛੇ ਦੋਵੇਂ ਦਲ ਚਲੇ ਜਾਂਦੇ ਕਰਦੇ ਥਾਉ ਥਾਂ ਦਾਉ ਤਕਾਈਆਂ ਸਨ
ਕਈਆਂ ਥਾਵਾਂ ਤੇ ਟਾਕਰੇ ਹੋਏ ਚੰਗੇ ਸਿੰਘਾਂ ਚੁੱਪ ਕਰਕੇ ਤੇਗਾਂ ਵਾਹੀਆਂ ਸਨ
ਘੇਰੇ ਵਿਚ ਨ ਵੈਰੀ ਤੋਂ ਸਿੰਘ ਆਏ ਹੋਈਆਂ ਛੋਟੀਆਂ ਕਈ ਲੜਾਈਆਂ ਸਨ