ਜੌਹਰ ਖਾਲਸਾ
(੪੯)
ਦੇਸ ਹੋਯਾ ਬਰਬਾਦ ਕਰਤਾਰ ਸਿੰਘਾ ਫੌਜਾਂ ਰੱਈਯਤਾਂ ਮਾਰ ਖਪਾਈਆਂ ਸਨ
ਵਾਕ ਕਵੀ
ਸਿੰਘ ਫਿਰਨ ਅਗੇ ਵੈਰੀ ਮਗਰ ਲਗੇ ਤੰਗ ਪੈ ਰਹੀ ਦੋਹਾਂ ਦੀ ਜਾਨ ਸਮਝੋ
ਸ਼ਾਹੀ ਸੈਨਾ ਨੂੰ ਪਹੁੰਚਦੀ ਬਹੁਤ ਮੱਦਦ ਹੋਰ ਜੰਗ ਦਾ ਬਹੁਤ ਸਾਮਾਨ ਸਮਝੋ
ਰਸਦ ਬਸਦ ਪਿੰਡਾਂ ਵਿਚੋਂ ਚਲੀ ਆਵੇ ਸਾਰੇ ਖਾਨ ਅਮੀਰ ਪਹੁੰਚਾਨ ਸਮਝੋ
ਹੁਕਮ ਨਾਲ ਲੈਂਦਾ ਲੱਖੂ ਸਭ ਚੀਜ਼ਾਂ ਥੁੜ ਕੋਈ ਨ ਪਈ ਮਹਾਨ ਸਮਝੋ
ਪਰ ਸਿੰਘਾਂ ਦੇ ਭਾ ਦੀ ਬਣੀ ਔਖੀ ਚੀਜ਼ਾਂ ਥੁੜੀਆਂ ਸਾਰੀਆਂ ਆਨ ਸਮਝੋ
ਰਸਦ ਦਾਣੇ ਦਾ ਤਾਂ ਲਵੋ ਨਾਮ ਹੀ ਨਾ ਦਿਨ ਫਾਕਿਆਂ ਵਿਚ ਲੰਘਾਨ ਸਮਝੋ
ਕਦੇ ਕਦੇ ਛਾਪੇ ਮਾਰ ਲੈ ਜਾਂਦੇ ਮੁਠ ਮੁਠ ਲੈ ਚਲੇ ਚਬਾਨ ਸਮਝੋ
ਅੰਨ ਬਾਝ ਸਾਤੇ ਕਈ ਗੁਜ਼ਰ ਗਏ ਭੁਖੇ ਤੰਗ ਹੋ ਦਿਨ ਲੰਘਾਨ ਸਮਝੋ
ਰਾਤ ਦਿਨੇ ਨਾ ਲੈਣਾ ਆਰਾਮ ਮਿਲਦਾ ਵੈਰੀ ਦੇਂਵਦੇ ਨ ਅੱਖ ਲਾਨ ਸਮਝੋ
ਟੁੱਟ ਗਏ ਹਥਿਆਰ ਸਾਮਾਨ ਜੰਗੀ ਕਿਥੋਂ ਨਵੇਂ ਲੈ ਝਟ ਟਪਾਨ ਸਮਝੋ
ਪਰ ਸਿੰਘ ਝਾਲੂ ਹੋਏ ਦੁਖਾਂ ਦੇ ਸਨ ਨਾ ਮੁਸੀਬਤਾਂ ਵਿਚ ਘਬਰਾਨ ਸਮਝੋ
ਦੂਜੀ ਤਰਫ ਸਨ ਖਾਨ ਅਮੀਰ ਜਿਹੜੇ ਦੁਖੀ ਹੋਇ ਡਾਢੇ ਪਛੁਤਾਨ ਸਮਝੋ
ਰਾਤ ਦਿਨੇ ਖੜੀ ਮੌਤ ਸਾਹਮਣੇ ਸੀ ਸਿੰਘ ਅੜ ਤੇਗਾਂ ਖੜਕਾਨ ਸਮਝੋ
ਜਿਥੇ ਪੈ ਜਾਂਦਾ ਕਦੇ ਟਾਕਰਾ ਆ ਓਥੇ ਲਹਿ ਜਾਂਦੇ ਬੁਰੇ ਘਾਨ ਸਮਝੋ
ਏਸੇ ਤਰਾਂ ਲੜਦੇ ਭਿੜਦੇ ਜਾਇ ਰਹੇ ਅਗੇ ਸਿੰਘ ਪਿਛੇ ਮੁਸਲਮਾਨ ਸਮਝੋ
ਗਏ ਵੱਲ ਬਸੌਲ੍ਹੀ ਕਰਤਾਰ ਸਿੰਘਾ ਸਾਰਾ ਦੇਸ ਹੋ ਗਿਆ ਵੈਰਾਨ ਸਮਝੋ
- ਸਿੰਘਾਂ ਨੂੰ ਬਿਪਤਾ
ਜਦੋਂ ਸਿੰਘਾਂ ਪਹਾੜਾਂ ਦਾ ਰੁਖ ਕੀਤਾ ਲੱਖੂ ਹੋਰ ਹੀ ਫੰਧ ਚਲਾਇ ਅਗੋਂ
ਚਾੜ੍ਹ ਭੇਜਿਆ ਤੁਰਤ ਹਲਕਾਰਿਆਂ ਨੂੰ ਰਾਜੇ ਮੱਦਦੀ ਸਭ ਬੁਲਾਇ ਅਗੋਂ
ਸਿੰਘ ਗਏ ਕਠੂਹੇ ਦੇ ਪਾਸ ਜਦੋਂ ਰਾਜੇ ਆ ਪਏ ਢੋਲ ਵਜਾਇ ਅਗੋਂ
ਪਿਛੇ ਫੌਜਾਂ ਦਾ ਚੜ੍ਹ ਤੂਫਾਨ ਰਿਹਾ ਕੱਠੇ ਹੋ ਪਹਾੜੀਏ ਆਇ ਅਗੋਂ
ਦੋਨੋਂ ਤਰਫ ਪਹਾੜ ਸਨ ਬਹੁਤ ਉਚੇ ਵੈਰੀ ਬੈਠ ਗਏ ਰਾਹ ਰੁਕਾਇ ਅਗੋਂ
ਪਿਛੋਂ ਮੁਸਲਮਾਨਾਂ ਪਾਯਾ ਜ਼ੋਰ ਭਾਰਾ ਹਿੰਦੂ ਪਿਆਰ ਵੰਡਾਣ ਨੂੰ ਧਾਇ ਅਗੋਂ
ਨ ਪਿਛਾਂਹ ਹੀ ਮੁੜਨ ਦਾ ਰਾਹ ਲੱਭੇ ਨਾ ਦਿਸਦਾ ਰਾਹ ਸਫਾਇ ਅਗੋਂ
- ਖੁਸ਼ਬਖਤ ਰਾਏ ਨੇ ਬੜੇ ਦਰਦ ਭਰੇ ਤਰੀਕੇ ਅਨੁਸਾਰ ਬਿਪਤਾ ਦਾ ਸਾਰਾ ਹਾਲ ਹੀ ਵਰਨਣ ਕੀਤਾ ਹੈ ।
(ਹ: ਰ: ਗੁ: ਸਫਾ ੨੧)