ਪੰਨਾ:Johar khalsa.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)

ਜੌਹਰ ਖਾਲਸਾ


ਹੈਸੀ ਸੋਚਿਆ ਕੁਝ ਕਰਤਾਰ ਸਿੰਘਾ ਲੱਗਾ ਹੋਰ ਕੁਢੱਬ ਸੁਣਾਇ ਅੱਗੋਂ

ਤਥਾ

ਦੋਨੋਂ ਤਰਫ ਵੈਰੀ ਆਣ ਜ਼ੋਰ ਪਾਇਆ ਫਸੇ ਸਿੰਘ ਦਸੋ ਹੁਣ ਜਾਨ ਕਿੱਧਰ
ਤੀਜੀ ਤਰਫ ਪਹਾੜ ਸੀ ਬਹੁਤ ਉਚਾ ਸਿੰਘ ਨਿਕਲ ਕੇ ਜਾਨ ਛਪਾਨ ਕਿੱਧਰ
ਚੌਥੀ ਤਰਫ ਬਿਆਸ ਦਰਿਆ ਵਗੇ ਪਾਰ ਓਸ ਤੋਂ ਸਾਥ ਲੰਘਾਨ ਕਿੱਧਰ
ਅਗੋਂ ਪਿਛੋਂ ਸੀ ਅੱਗ ਦਾ ਮੀਂਹ ਵਰ੍ਹਦਾ ਸਿੰਘ ਆਪਣਾ ਆਪ ਬਚਾਨ ਕਿੱਧਰ
ਪੇਸ਼ ਜਾਇ ਨ ਫਸ ਕੁਥਾਂ ਗਏ ਹੁਣ ਠਹਿਰ ਕੇ ਕਰਨ ਗੁਜ਼ਰਾਨ ਕਿੱਧਰ
ਔਖੀ ਘੜੀ ਬਣ ਗਈ ਕਰਤਾਰ ਸਿੰਘਾ ਕੌਣ ਮਦਦੀ ਖਬਰ ਪੁਚਾਨ ਕਿੱਧਰ

ਤਥਾ

ਅਗ੍ਹਾਂ ਜਾਣ ਤਾਂ ਰਾਜੇ ਨ ਜਾਣ ਦੇਂਦੇ ਉਚੇ ਪਰਬਤਾਂ ਉਤੇ ਚੜ੍ਹਾਈ ਔਖੀ
ਓਧਰ ਵਿਚ ਦਰਿਆ ਦੇ ਬਹੁਤ ਪਾਣੀ ਬਣੀ ਪੰਥ ਦੇ ਭਾ ਔਖਿਆਈ ਔਖੀ
ਬਹੁਤੇ ਡਿੱਗਕੇ ਮਰ ਗਏ ਪਰਬਤਾਂ ਤੋਂ ਘੜੀ ਸਿੰਘਾਂ ਉਤੇ ਹੈਸੀ ਆਈ ਔਖੀ
ਪਿਛਾਂਹ ਹਟਣ ਤਾਂ ਵੈਰੀ ਬੇਅੰਤ ਅਗੇ ਹੋ ਗਈ ਆ ਜਿੰਦ ਬਚਾਈ ਔਖੀ
ਸਿੰਘ ਹੋ ਗਏ ਬਹੁਤ ਸ਼ਹੀਦ ਓਥੇ ਪੈ ਗਈ ਆ ਸਿਰ ਕਰੜਾਈ ਔਖੀ
ਬਣ ਗਿਆ ਕੁਪੇਚ ਕਰਤਾਰ ਸਿੰਘਾ ਹੁਣ ਹੋਵੇਗੀ ਏਥੋਂ ਰਿਹਾਈ ਔਖੀ

ਤਥਾ

  • ਡਲੇ ਵਾਲੀਏ ਸਿੰਘ ਸਰਦਾਰ ਯੋਧੇ ਘੋੜੇ ਵਿਚ ਦਰਿਆ ਟਪਾਂਵਦੇ ਨੇ

ਕੁਝ ਲੰਘ ਬਿਆਸਾ ਤੋਂ ਪਾਰ ਹੋਏ ਬਹੁਤੇ ਹੜ੍ਹ ਅਗੇ ਰੁੜ੍ਹ ਜਾਂਵਦੇ ਨੇ
ਪਿਆ ਦੁਸ਼ਮਣਾਂ ਦਾ ਆਕੇ ਜ਼ੋਰ ਭਾਰਾ ਸਿੰਘ ਫਸੇ ਕੁਥਾਂ ਘਬਰਾਂਵਦੇ ਨੇ
ਸ਼ੇਰ ਪਿੰਜਰੇ ਦੇ ਵਿਚ ਆਣ ਪਏ ਨਿਕਲ ਜਾਣ ਦਾ ਰਾਹ ਤਕਾਂਵਦੇ ਨੇ
ਹੁੰਦਾ ਵੇਖਿਆ ਜਦੋਂ ਨੁਕਸਾਨ ਭਾਰਾ ਜਥੇਦਾਰ ਰਲ ਸੋਚ ਦੁੜਾਂਵਦੇ ਨੇ
ਬਿਨਾਂ ਆਈ ਮੌਤੋਂ ਮਰੋ ਖਾਲਸਾ ਨ ਹਟੋ ਪਿਛਾਂ ਸਾਰੇ ਸਮਝਾਂਵਦੇ ਨੇ
ਕਾਹਨੂੰ ਪਾਜ਼ੀਆਂ ਦੀ ਮੌਤ ਮਰਨ ਲੱਗੇ ਬਣੋ ਮਰਦ ਮੈਦਾਨ ਜਤਾਂਵਦੇ ਨੇ
ਹਟੋ ਪਿਛਾਂਹ ਨੂੰ ਹੁਣ ਕਰਤਾਰ ਸਿੰਘਾ ਵੱਡਾ ਕਰੋ ਘਮਸਾਨ ਸੁਣਾਂਵਦੇ ਨੇ

ਗੁਰਮਤਾ

ਫਸ ਗਏ ਕੁਥਾਂ ਹਾਂ ਖਾਲਸਾ ਜੀ ਆ ਗਏ ਘੇਰੇ ਪਤਾ ਲਾਇ ਬਾਝੋਂ
ਹੁਣ ਨਿਕਲਣਾ ਹੋ ਗਿਆ ਬਹੁਤ ਔਖਾ ਜਾਨ ਛੁਟੇ ਨ ਤੇਗ ਖੜਕਾਇ ਬਾਝੋਂ
ਨਹੀਂ ਲੋੜ ਘਬਰਾਣ ਦੀ ਹੁਣ ਕੋਈ ਰਾਹ ਮਿਲੇ ਨ ਹੱਥ ਦਿਖਾਇ ਬਾਝੋਂ


  • ਸਰਦਾਰ ਦਿਆਲ ਸਿੰਘ ਤੇ ਗੁਰਦਿਆਲ ਸਿੰਘ ॥