ਜੌਹਰ ਖਾਲਸਾ
(੫੧)
ਇਨ੍ਹਾਂ ਵੈਰੀਆਂ ਨੇ ਪਿੱਛਾ ਛੱਡਣਾ ਨਹੀਂ ਹੁਣ ਇਕਦੂੰ ਇਕ ਕਰਾਇ ਬਾਝੋਂ
ਸਿੱਧੇ ਮੱਥੇ ਸ਼ਹੀਦੀਆਂ ਪਾਓ ਸਾਰੇ ਲਾਜ ਰਹੇ ਨ ਖੂਨ ਬਹਾਇ ਬਾਝੋਂ
ਪਰਤੋ ਪਿਛ੍ਹਾਂ ਨੂੰ ਸਾਰੇ ਕਰਤਾਰ ਸਿੰਘਾ ਝੇੜਾ ਮੁੱਕੇ ਨ ਜੰਗ ਮਚਾਇ ਬਾਝੋਂ
ਨਵਾਬ ਕਪੂਰ ਸਿੰਘ ਜੀ
ਅੱਗੇ ਹੋ ਨਵਾਬ ਕਪੂਰ ਸਿੰਘ ਨੇ ਕਹਿਆ ਅੱਜ ਸ਼ਹੀਦੀਆਂ ਪਾਓ ਸਿੰਘੋ
ਸਿੱਧੇ ਮੱਥੇ ਹੋ ਟਾਕਰਾ ਕਰੋ ਚੰਗਾ ਹੱਥ ਵੈਰੀਆਂ ਦੇ ਤਾਈਂ ਲਾਓ ਸਿੰਘੋ
ਫਤਹ ਪਾਓ ਤੇ ਰਾਜ ਤੇ ਭਾਗ ਸਾਂਭੋ ਜ਼ੁਲਮ ਦੇਸ ਦੇ ਸਿਰੋਂ ਮਿਟਾਓ ਸਿੰਘੋ
ਅੱਜ ਟਾਕਰਾ ਮੌਤ ਤੇ ਜ਼ਿੰਦਗੀ ਦਾ ਕਰ ਇਕ ਤੋਂ ਇਕ ਮੁਕਾਓ ਸਿੰਘੋ
ਮੂੰਹ ਦੇਇ ਪਹਾੜੀਂ ਹੈ ਮਰਨ ਭੈੜਾ ਸਿਧੇ ਮੱਥੇ ਹੋ ਜੰਗ ਮਚਾਓ ਸਿੰਘੋ
ਪਤਾ ਲੱਗ ਜਾਵੇ ਅੱਜ ਵੈਰੀਆਂ ਨੂੰ ਤੇਗ ਵਿਚ ਮੈਦਾਨ ਖੜਕਾਓ ਸਿੰਘੋ
ਭਾਵੇਂ ਦਸ ਗੁਣਾਂ ਵੈਰੀ ਹੈਨ ਬਹੁਤੇ ਅੱਜ ਅੰਮ੍ਰਿਤ ਸ਼ਕਤੀ ਦਿਖਾਓ ਸਿੰਘੋ
ਦਿਓ ਕਰ ਧਾਵਾ ਕਰਤਾਰ ਸਿੰਘ ਸਤਿਗੁਰਾਂ ਦੀ ਆਸ ਰਖਾਓ ਸਿੰਘੋ
ਸਿੰਘਾਂ ਨੇ ਪਿਛਾਂਹ ਮੁੜਨਾ ਤੇ ਤੇਗ ਦਾ ਜੰਗ
ਸਿੰਘ ਮੁੜੇ ਪਿਛਾਂਹ ਨੂੰ ਹੋ ਕੱਠੇ ਇਕੋ ਵਾਰ ਹੀ ਹੱਲਾ ਮਚਾ ਦਿਤਾ
ਸਤਿ ਸ੍ਰੀ ਅਕਾਲ ਗਜਾ ਕਰਕੇ ਤੇਗਾਂ ਸੂਤ ਕੇ ਜੰਗ ਭਖਾ ਦਿਤਾ
ਅਗੇ ਹੋ ਸਰਦਾਰਾਂ ਨੇ ਭੇੜ ਪਾਇਆ ਖੌਫ ਮਰਨ ਦਾ ਉੱਕਾ ਚੁਕਾ ਦਿਤਾ
ਇਕੋ ਵਾਰ ਪਏ ਟੁਟ ਵੈਰੀਆਂ ਤੇ ਵਿਚ ਲਸ਼ਕਰਾਂ ਦੇ ਰੌਲਾ ਪਾ ਦਿਤਾ
ਥਾਉਂ ਥਾਂ ਤਲਵਾਰ ਦੀ ਮਾਰ ਮੱਚੀ ਪੈਰੋਂ ਲਸ਼ਕਰਾਂ ਤਾਈਂ ਹਿਲਾ ਦਿਤਾ
ਅੱਗੋਂ ਲੱਖੂ ਨੇ ਭੀ ਫੌਜ ਘੇਰ ਸਾਰੀ ਹੱਲਾ ਸਿੰਘਾਂ ਉਤੇ ਕਰਵਾ ਦਿਤਾ
ਛੁਟੇ ਤੋਪਖਾਨੇ ਕਾਲੀ ਕੜਕ ਪਈ ਸਾਰੇ ਪਰਬਤਾਂ ਤਾਈਂ ਗੁੰਜਾ ਦਿਤਾ
ਸਾਰੀ ਫੌਜ ਅੱਗੇ ਪਿਛੇ ਹਿੰਦੂ ਰਾਜੇ ਵਿਚ ਸਿੰਘ ਲਏ, ਘੇਰਾ ਵਧਾ ਦਿਤਾ
ਕਿਸੇ ਪਾਸਿਓਂ ਰਾਹ ਨ ਮੂਲ ਲੱਭੇ ਡਾਢਾ ਸਿੰਘਾਂ ਨੂੰ ਭਾਵੀ ਫਸਾ ਦਿਤਾ
ਮੀਂਹ ਅੱਗ ਦਾ ਵਰ੍ਹੇ ਚੁਫੇਰਿਓਂ ਜੀ ਮਾਰ ਸੈਇਆਂ ਦੇ ਤਈਂ ਖਪਾ ਦਿਤਾ
ਸਿੰਘ ਹੋ ਛਿੱਥੇ ਹਲੇ ਕਰ ਰਹੇ ਲਹੂ ਮਿਝ ਦਾ ਘਾਣ ਬਣਾ ਦਿਤਾ
ਭੇੜ ਮੱਚਿਆ ਭਾਰਾ ਕਰਤਾਰ ਸਿੰਘਾ ਮੌਤ ਚੰਦਰੀ ਡੌਰੂ ਵਜਾ ਦਿਤਾ
ਤਥਾ
ਭਾਰਾ ਮੱਚਿਆ ਭੇੜ ਦੁਪਾਸਿਆਂ ਤੋਂ ਤੇਗਾਂ ਸੂਤ ਜਵਾਨ ਮੈਦਾਨ ਲੱਥੇ
ਨੇਜ਼ੇ ਬਰਛੀਆਂ ਚਮਕ ਡਰਾਇਰਹੀਆਂ ਖੰਡੇ ਬਿਜਲੀਆਂ ਦੇ ਵਾਂਗ ਆਨ ਲੱਥੇ