(੫੪)
ਜੌਹਰ ਖਾਲਸਾ
ਸਿੰਘਾਂ ਹੱਲੇ ਉਤੇ ਹੱਲੇ ਜਦੋਂ ਕੀਤੇ ਪੈਰੋਂ ਆਣ ਹਿਲੇ ਮੁਸਲਮਾਨ ਸਮਝੋ
ਵਿਚ ਕੋਹਾਂ ਦੇ ਲਹਿ ਸੱਥਾਰ ਗਏ ਹੋਯਾ ਜੰਗ ਇਹ ਬਾਹਰ ਬਿਆਨ ਸਮਝੋ
ਬਾਹਵਾਂ ਥੱਕੀਆਂ ਟੁਟ ਹਥਿਆਰ ਗਏ ਪਏ ਸੂਰਮੇ ਲੰਮੀਆਂ ਤਾਨ ਸਮਝੋ
ਖੇਡ ਹੋਲੀਆਂ ਦੀ ਖੇਡੀ ਖਾਲਸੇ ਨੇ ਹੋ ਗਏ ਸੀ ਲਹੂ ਲੁਹਾਨ ਸਮਝੋ
ਤੇਗ ਸਿੰਘਾਂ ਦੀ ਨੇ ਕਹਿਰ ਢਾਹਿ ਦਿਤਾ ਘਬਰਾਇ ਗਏ ਸਾਰੇ ਖਾਨ ਸਮਝੋ
ਘੱਲੂਘਾਰਾ ਹੋਇਆ ਕਰਤਾਰ ਸਿੰਘਾ ਡਿਗੇ ਸੂਰਮੇ ਦੇਇ ਪਰਾਨ ਸਮਝੋ
ਸਿੰਘਾਂ ਨੇ ਘੇਰਿਓਂ ਨਿਕਲ ਜਾਣਾ
ਕਹਿਰ ਵਰਤਿਆ ਦੇਖ ਜਹਾਨ ਉਤੇ ਘੇਰ ਵਿਚ ਅਸਮਾਨ ਦੇ ਛਾਇ ਗਏ
ਸੂਰਜ ਦੇਵਤਾ ਹੋਰੀਂ ਭੀ ਥੱਕ ਕੇ ਜੀ ਲੱਜਾਵਾਨ ਹੋ ਮੂੰਹ ਛੁਪਾਇ ਗਏ
ਪੈ ਗਿਆ ਹਨੇਰ ਚੁਫੇਰਿਓਂ ਆ ਵੈਰੀ ਤੇਗ ਦੀ ਮਾਰੋਂ ਘਬਰਾਇ ਗਏ
ਪਿਛਾਂ ਦਾਉ ਬਚਾਕੇ ਹਟਣ ਲਗੇ ਹੌਲੀ ਹੌਲੀ ਆ ਪੈਰ ਖਿਸਕਾਇ ਗਏ
ਸਿੰਘਾਂ ਵੇਖਿਆ ਵੈਰੀ ਹੁਣ ਹਟਣ ਲਗੇ ਸ਼ੇਰ ਬਣ ਕੇ ਕਦਮ ਵਧਾਏ ਗਏ
ਰਸਤਾ ਛਡ ਖਾਲੀ ਵੈਰੀ ਹੋਏ ਲਾਂਭੇ ਨਿਕਲ ਘੇਰਿਓਂ ਘੋੜੇ ਦੁੜਾਇ ਗਏ
ਇਕ ਤਰਫ ਨੂੰ ਚੀਰ ਕੇ ਨਿਕਲ ਗਏ ਘਰ ਵੈਰੀਆਂ ਪਿੱਟਣਾ ਪਾਇ ਗਏ
ਡੇਰਾ ਦੂਰ ਜਾ ਕੀਤਾ ਕਰਤਾਰ ਸਿੰਘਾ ਪੱਲਾ ਦੁਸ਼ਮਣਾ ਪਾਸੋਂ ਛੁਡਾਇ ਗਏ
ਵਾਕ ਕਵੀ (ਨੁਕਸਾਨ)
ਕਹਿਰ ਵਰਤਿਆ ਸਿੰਘਾਂ ਤੇ ਬੜਾ ਭਾਰਾ ਚਲੀ ਗਜ਼ਬ ਦੀ ਏਥੇ ਤਲਵਾਰ ਭਾਈ
ਬਹੁਤ ਸਿੰਘ ਸ਼ਹੀਦੀਆਂ ਪਾ ਗਏ ਕੀਤੀ ਗਿਣਤੀ ਸੱਤ ਹਜ਼ਾਰ ਭਾਈ
ਬਾਕੀ ਜ਼ਖਮ ਤੋਂ ਬਿਨਾਂ ਨ ਕੋਈ ਖਾਲੀ ਜੂਝ ਗਏ ਪੈਦਲ ਅਸਵਾਰ ਭਾਈ
ਘੇਰੇ ਵੈਰੀਆਂ ਦੇ ਵਿਚੋਂ ਨਿਕਲ ਗਏ ਸਿੰਘ ਆਸਰਾ ਤੇਗ ਦਾ ਧਾਰ ਭਾਈ
ਓਧਰ ਲੱਖੂ ਦੀ ਫੌਜ ਨੂੰ ਪਿਆ ਰੋਣਾ ਸਿੰਘ ਕਰ ਗਏ ਮਾਰ ਸੱਥਾਰ ਭਾਈ
ਤੀਹ ਚਾਲੀ ਹਜ਼ਾਰ ਜਵਾਨ ਮੋਯਾ ਮੋਏ ਚੋਣਵੇਂ ਕਈ ਸਰਦਾਰ ਭਾਈ
ਹਰਭਜ ਭਤੀਜੜਾ ਲੱਖੂ ਦਾ ਸੀ ਲਿਆ ਮੌਤ ਨੇ ਓਥੇ ਹੀ ਮਾਰ ਭਾਈ
ਹਿੰਮਤ ਬੇਗ ਭੀ ਹਿੰਮਤਾਂ ਹਾਰ ਨੱਠਾ ਛਡ ਗਿਆ ਰੋਂਦਾ ਪਰਵਾਰ ਭਾਈ
ਬੇਟਾ ਸੂਬੇ ਦਾ ਭੀ ਨਾਹਰ ਖਾਂ ਮੋਯਾ ਸੈਫ ਅਲੀ ਮੋਇਆ ਫੌਜਦਾਰ ਭਾਈ
ਏਸੇ ਤਰਾਂ ਅਮੀਰ ਤੇ ਖਾਨ ਮੁਕੇ ਪਿਆ ਦਲਾਂ ਅੰਦਰ ਹਾਹਾਕਾਰ ਭਾਈ
ਲੱਖੂ ਖਾਲਸੇ ਦੇ ਹੱਥ ਆਇਆ ਨ ਪਿਛੇ ਛਿਪਿਆ ਰਿਹਾ ਮੁਰਦਾਰ ਭਾਈ
ਹੋਰ ਮਾਵਾਂ ਦੇ ਪੁੱਤ ਮਰਵਾ ਦਿਤੇ ਭੈੜੇ ਖੱਤਰੀ ਮੂੜ੍ਹ ਗਵਾਰ ਭਾਈ