ਜੌਹਰ ਖਾਲਸਾ
(੫੫)
ਸੌਦਾ ਪਿਆ ਇਹ ਲੱਖੂ ਨੂੰ ਬਹੁਤ ਮਹਿੰਗਾ ਰੋਵੇ ਹਰਭਜ ਨੂੰ ਜ਼ਾਰੋ ਜ਼ਾਰ ਭਾਈ
ਬੰਦ ਹੋਈ ਲੜਾਈ ਕਰਤਾਰ ਸਿੰਘਾ ਵੇਖੋ ਅਜੇ ਕੀਹ ਕਰੇ ਕਰਤਾਰ ਭਾਈ
ਸਿੰਘਾਂ ਵਾ ਡੇਰਾ
ਸਿੰਘ ਵੈਰੀਆਂ ਤੋਂ ਟਿਕੇ ਦੂਰ ਜਾ ਕੇ ਡੇਰਾ ਸੰਘਣੀਂ ਜੰਗਲੀ ਲਾਂਵਦੇ ਨੇ
ਪਾਸ ਕੀਹ ਸੀ ਜਿਸਨੂੰ ਖਾਣ ਬਹਿਕੇ ਸਬਰ ਸ਼ੁਕਰ ਦੇ ਗੱਫੇ ਲਗਾਂਵਦੇ ਨੇ
ਥੱਕੇ ਟੁਟੇ ਥਕੇਵੇਂ ਨੇ ਚੂਰ ਕੀਤੇ ਬੈਠ ਰੱਬ ਦਾ ਸ਼ੁਕਰ ਬਜਾਂਵਦੇ ਨੇ
ਕਾਰੀ ਜ਼ਖਮੀਆਂ ਦੀ ਲਗੇ ਕਰਨ ਬਹਿਕੇ ਮਰ੍ਹਮ ਪੱਟੀਆਂ ਕਰ ਕਰਾਂਵਦੇ ਨੇ
ਜੇਹੜੇ ਵੀਰ ਸ਼ਹੀਦੀਆਂ ਪਾਇ ਗਏ ਸਾਰੇ ਉਨ੍ਹਾਂ ਦੇ ਤਈਂ ਸਲਾਂਹਵਦੇ ਨੇ
ਇਕ ਦੂਜੇ ਨੂੰ ਮੁੱਠੀਆਂ ਭਰਨ ਲਗੇ ਹਿਤ ਵੀਰਾਂ ਦੇ ਨਾਲ ਵੰਡਾਂਵਦੇ ਨੇ
ਏਨੇ ਚਿਰ ਤਾਈਂ ਸੁੱਖਾ ਸਿੰਘ ਆਇਆ ਹਾਲ ਓਸਦਾ ਪੁਛ ਪੁਛਾਂਵਦੇ ਨੇ
ਟੁੱਟ ਗੋਡਿਓਂ ਗਈ ਸੀ ਲੱਤ ਓਹਦੀ ਸਾਰੇ ਵੇਖ ਹੈਰਾਨ ਹੋ ਜਾਂਵਦੇ ਨੇ
ਬੰਨ੍ਹ ਨਾਲ ਹੰਨੇ ਜੰਗ ਰਿਹਾ ਕਰਦਾ ਵੇਖ ਹਿੰਮਤ ਸਿਫਤ ਸੁਣਾਂਵਦੇ ਨੇ
ਧੰਨ ਸਿੰਘ ਸਨ ਉਹ ਕਰਤਾਰ ਸਿੰਘਾ ਤਾਹੀਏਂ ਲੋਕ ਪਏ ਜਸ ਗਾਂਵਦੇ ਨੇ
ਭਾਈ ਸੁੱਖਾ ਸਿੰਘ ਦਾ ਗੁਰਮਤਾ
ਸੁਖਾ ਸਿੰਘ ਨੇ ਆਖਿਆ ਖਾਲਸਾ ਜੀ ਐਵੇਂ ਬੈਠਕੇ ਸਮਾਂ ਗਵਾਓ ਰਾਤੀਂ
ਫੱਟ ਹੋਣ ਠੰਢੇ ਜਾਵੇ ਹਿਲਿਆ ਨ ਥਕੇ ਹੋਇਓ ਦੁਖ ਉਠਾਓ ਰਾਤੀਂ
ਤੱਤੇ ਫੱਟ ਅਜੇ ਪੀੜਾਂ ਘੱਟ ਦਿਸਣ ਧਾਰੋ ਹੌਂਸਲਾ ਕਮਰ ਕਸਾਓ ਰਾਤੀਂ
ਵੈਰੀ ਵੇਸਲੇ ਹੋ ਕੇ ਅੱਜ ਬੈਠਣ ਹੱਥ ਉਨ੍ਹਾਂ ਨੂੰ ਤੁਸੀਂ ਦਿਖਾਓ ਰਾਤੀਂ
ਛਾਪਾ ਮਾਰਕੇ ਵੈਰੀ ਦਾ ਮਾਨ ਤੋੜੋ ਰਸਦ ਬਸਦ ਨੂੰ ਲੁਟ ਲਿਆਓ ਰਾਤੀਂ
ਅੱਜ ਉਨਾਂ ਬੇਖਬਰ ਹੋ ਸੌਂ ਜਾਣਾ ਧਾਵਾ ਕਰਕੇ ਮਾਰ ਮੁਕਾਓ ਰਾਤੀਂ
ਦਿੱਤਾ ਲੱਖੂ ਨੇ ਦੁਖ ਹੈ ਪੰਥ ਤਾਈਂ ਮਜ਼ਾ ਓਸਦੇ ਤਾਈਂ ਚਖਾਓ ਰਾਤੀਂ
ਦੂਰ ਚਲੇ ਜਾਓ ਦਿਨੇ ਕਰਤਾਰ ਸਿੰਘਾ ਤੇਗ ਵੈਰੀਆਂ ਤੇ ਖੜਕਾਓ ਰਾਤੀਂ
ਸਿੰਘਾਂ ਨੇ ਵੈਰੀਆਂ ਦੇ ਦਲ ਤੇ ਛਾਪਾ ਮਾਰਨਾ
ਆਈ ਗੱਲ ਪਸੰਦ ਇਹ ਸਾਰਿਆਂ ਨੂੰ ਓਸੇ ਵੇਲੇ ਹੀ ਫਤਹ ਗਜਾਂਵਦੇ ਨੇ
ਪਿਛੇ ਛੱਡਕੇ ਜ਼ਖਮੀਆਂ ਮਾਂਦਿਆਂ ਨੂੰ ਸਾਰੇ ਕਮਰਾਂ ਉਠ ਕਸਾਂਵਦੇ ਨੇ
ਭੁਖੇ ਆਪ ਤੇ ਘੋੜੇ ਭੀ ਅੱਤ ਭੁਖੇ ਪਰ ਹੌਂਸਲੇ ਫੇਰ ਨ ਢਾਂਹਵਦੇ ਨੇ
ਰਾਤੋ ਰਾਤ ਧਾਵਾ ਕਰ ਗਏ ਯੋਧੇ ਅੱਧੀ ਰਾਤ ਜਾ ਤੇਗ ਖੜਕਾਂਵਦੇ ਨੇ
ਦਿੱਤੀ ਮਾਰ ਮਚਾ ਵਿਚ ਲਸ਼ਕਰਾਂ ਦੇ ਭੇਡਾਂ ਵਾਂਗ ਵੈਰੀ ਅੱਗੇ ਲਾਂਵਦੇ ਨੇ