(੫੬)
ਜੌਹਰ ਖਾਲਸਾ
ਵੱਡਾ ਸ਼ੋਰ ਪਿਆ ਵਿਚ ਲਸ਼ਕਰਾਂ ਦੇ ਮੁਸਲਮਾਨ ਡਾਢੇ ਘਬਰਾਂਵਦੇ ਨੇ
ਸਿੰਘਾਂ ਹੋਸ਼ ਨਾ ਵੈਰੀ ਨੂੰ ਲੈਣ ਦਿਤੀ ਕਸਰ ਦਿਨ ਦੀ ਸਾਰੀ ਕਢਾਂਵਦੇ ਨੇ
ਤੋਬਾ ਤੋਬਾ ਵੈਰੀ ਕਰ ਉਠ ਨੱਠੇ ਕਿਸੇ ਤਾਈਂ ਨਾ ਪੁਛ ਪੁਛਾਂਵਦੇ ਨੇ
ਸਿੰਘਾਂ ਲਏ ਘੋੜੇ ਹਥਿਆਰ ਬਹੁਤੇ ਚੁੱਕੀ ਗਈ ਜੋ ਰਸਦ ਉਠਾਂਵਦੇ ਨੇ
ਜਿੰਨੇ ਚਿਰ ਨੂੰ ਵੈਰੀਆਂ ਹੋਸ਼ ਪਕੜੀ ਓਨੇ ਚਿਰ ਤਾਈਂ ਖੱਪੇ ਲਾਂਵਦੇ ਨੇ
ਦਿਨ ਚੜ੍ਹਦਿਆਂ ਹੀ ਪਹਿਲਾਂ ਨਿਕਲ ਗਏ ਡੇਰਾ ਸਾਂਭ ਕੇ ਕੂਚ ਬੁਲਾਂਵਦੇ ਨੇ
ਰੋਂਦੇ ਲਸ਼ਕਰ ਰਹੇ ਕਰਤਾਰ ਸਿੰਘਾ ਸਿੰਘ ਵੈਰੀਆਂ ਹੱਥ ਨ ਆਂਵਦੇ ਨੇ
ਵਾਕ ਕਵੀ
ਲੱਖੂ ਚੰਦਰੇ ਦੀ ਵੇਖੋ ਮੱਤ ਮਾਰੀ ਮੁਫਤ ਵਿਚ ਅਧਮੂਲ ਮਚਾਇਆ ਸੀ
ਜੰਗ ਛੇੜਿਆ ਖਾਲਸੇ ਨਾਲ ਐਵੇਂ ਬੇ-ਹਿਸਾਬ ਨੁਕਸਾਨ ਉਠਾਇਆ ਸੀ
ਤੀਹ ਚਾਲੀ ਹਜ਼ਾਰ ਜਵਾਨ ਮਰਿਆ ਵਿਚ ਦੇਸ ਦੇ ਪਿੱਟਣਾ ਪਾਇਆ ਸੀ
ਅਗੇ ਰੋਂਦਾ ਭਰਾ ਦੇ ਦੁਖ ਨੂੰ ਜੀ ਹਥੋਂ ਸਗੋਂ ਭਤੀਜਾ ਗਵਾਇਆ ਸੀ
ਨਾਲੇ ਲੱਖਾਂ ਰੁਪਿਆਂ ਦੇ ਖਰਚ ਹੋ ਗਏ ਸਾਰਾ ਦੇਸ ਬਰਬਾਦ ਕਰਾਇਆ ਸੀ
ਮੋਏ ਖਾਨ ਅਮੀਰ ਸ੍ਰਦਾਰ ਬਹੁਤੇ ਸ਼ਾਹੀ ਤਾਈਂ ਕੰਗਾਲ ਕਰਾਇਆ ਸੀ
ਵਿਚ ਡੇਰਿਆਂ ਦੇ ਹਾਹਾਕਾਰ ਮੱਚੀ ਮੌਤ ਲਸ਼ਕਰਾਂ ਤਾਈਂ ਖਪਾਇਆ ਸੀ
ਰੋਂਦੇ ਜੀਊਂਦੇ ਦੁਖ ਸਬੰਧੀਆਂ ਦੇ ਕਈਆਂ ਘਰਾਂ ਦਾ ਨਾਮ ਮਿਟਾਇਆ ਸੀ
ਪੁਛੋ ਖਟਿਆ ਕੀਹ ਲੱਖੂ ਚੰਦਰੇ ਨੇ ਸਿੰਘਾਂ ਨਾਲ ਫਸਾਦ ਵਧਾਇਆ ਸੀ
ਆਪ ਛਿਪ ਪਿਛੇ ਬਚ ਰਿਹਾ ਮਰਨੋ ਚੁੱਕ ਲੋਕਾਂ ਤਾਈਂ ਮਰਵਾਇਆ ਸੀ
ਹੋਇਆ ਸਿੰਘਾਂ ਦਾ ਭੀ ਨੁਕਸਾਨ ਭਾਰਾ ਗਿਣ ਸੱਤ ਹਜ਼ਾਰ ਸੁਣਾਇਆ ਸੀ
ਚਾਰ ਪੰਜ ਹਿਸੇ ਮਾਰੇ ਤੁਰਕ ਬਹੁਤੇ ਸਿੰਘਾਂ ਜੰਗ ਦਾ ਮਜ਼ਾ ਚਖਾਇਆ ਸੀ
ਸੁਖੀ ਲਸ਼ਕਰਾਂ ਵਿਚ ਨ ਕੋਈ ਦਿਸੇ ਮਾਰ ਦੁਖਾਂ ਨੇ ਸਭ ਨੂੰ ਢਾਇਆ ਸੀ
ਏਸ ਜੰਗ ਦਾ ਨਾਮ ਕਰਤਾਰ ਸਿੰਘਾ ਛੋਟਾ ਘੱਲੂਘਾਰਾ ਹੈ ਸੁਣਾਇਆ ਸੀ
ਸਿੰਘਾਂ ਨੇ ਪਿਛਾਹ ਨੂੰ ਮੁੜਨਾ
ਸਿੰਘ ਹੱਟ ਪਿਛ੍ਹਾਂ ਵੜੇ ਜੰਗਲੀ ਆ ਡੇਰਾ ਲਸ਼ਕਰਾਂ ਤੋਂ ਦੂਰ ਲਾਂਵਦੇ ਨੇ
ਰਸਦ ਬਸਦ ਜੋ ਲੁਟ ਲਿਆਏ ਹੈਸਨ ਸਾਂਝੀ ਦੇਗ ਦੇ ਤਾਈਂ ਪਕਾਂਵਦੇ ਨੇ
ਵਿਚ ਘਾਸ ਦੇ ਛਡਿਆ ਘੋੜਿਆਂ ਨੂੰ ਕਮਰ ਕਸਿਆਂ ਤਾਈਂ ਖੁਲ੍ਹਾਂਵਦੇ ਨੇ
ਧੋਤੇ ਜ਼ਖਮ ਤੇ ਸਿੰਘਾਂ ਅਸ਼ਨਾਨ ਕੀਤੇ ਸੱਚੇ ਗੁਰੂ ਦਾ ਸ਼ੁਕਰ ਮਨਾਂਵਦੇ ਨੇ
ਕਈਆਂ ਦਿਨਾਂ ਪਿਛੋਂ ਰੱਜ ਅੰਨ ਖਾਧਾ ਅਤੇ ਬੈਠ ਥਕੇਵੇਂ ਨੂੰ ਲਹਾਂਵਦੇ ਨੇ