ਸਮੱਗਰੀ 'ਤੇ ਜਾਓ

ਪੰਨਾ:Johar khalsa.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੫੭)


ਕਾਰੀ ਜ਼ਖਮੀਆਂ ਦੀ ਕੀਤੀ ਜਥੇਦਾਰਾਂ ਦੁਖ ਦੁਖੀਆਂ ਰਲ ਵੰਡਾਂਵਦੇ ਨੇ
ਲੱਭਾ ਸਮਾਂ ਅਰਾਮ ਦਾ ਚਿਰਾਂ ਪਿਛੋਂ ਦਿਨ ਸੁਖ ਦੇ ਨਾਲ ਲੰਘਾਂਵਦੇ ਨੇ
ਭਾਣਾ ਰਬ ਦਾ ਵੇਖ ਕਰਤਾਰ ਸਿੰਘਾ ਦੁਖ ਖਾਲਸੇ ਦੇ ਹਿੱਸੇ ਆਂਵਦੇ ਨੇ

ਲੱਖੂ ਨੇ ਸਿੰਘਾਂ ਦਾ ਪਿੱਛਾ ਕਰਨਾ

ਪਤਾ ਲੱਖੂ ਨੂੰ ਸਿੰਘਾਂ ਦਾ ਜਦੋਂ ਲੱਗਾ ਖੋਜ ਉਠ ਕੇ ਤੁਰਤ ਦਬਾਇ ਪਾਪੀ
ਲੈਕੇ ਲਸ਼ਕਰਾਂ ਨੂੰ ਪਿਛੇ ਕਰ ਧਾਵਾ ਜੰਗਲ ਓਸ ਤਾਈਂ ਘੇਰਾ ਪਾਇ ਪਾਪੀ
ਮੁਸਲਮਾਨ ਪਹਾੜੀਏ ਡਰਨ ਸਾਰੇ ਹੁਕਮ ਦੇ ਕੇ ਫੌਜਾਂ ਝੁਕਾਇ ਪਾਪੀ
ਡਰਦਾ ਕੋਈ ਨ ਜੰਗਲਾਂ ਵਿਚ ਵੜਦਾ ਫੌਜਦਾਰਾਂ ਦੇ ਤਾਈਂ ਦਬਾਇ ਪਾਪੀ
ਅੰਤ ਪੈ ਛਿੱਥਾ ਸੋਚਾਂ ਸੋਚ ਕਰਕੇ ਅੱਗ ਝੱਲ ਦੇ ਤਈਂ ਲਵਾਇ ਪਾਪੀ
ਬਾਹਰੋਂ ਤੋਪਾਂ ਜੰਜੈਲ ਜੰਬੂਲ ਧਰਕੇ ਗੋਲੇ ਗੋਲੀਆਂ ਮੀਂਹ ਬਰਸਾਇ ਪਾਪੀ
ਲੱਗੀ ਝੱਲ ਨੂੰ ਅੱਗ ਚੁਫੇਰਿਓਂ ਆ ਜ਼ਿਦ ਕਰੜਾ ਹੋ ਨਿਬਾਹਿ ਪਾਪੀ
ਦੇਸ਼ ਘਾਤੀ ਉਹ ਭਾਰੀ ਕਰਤਾਰ ਸਿੰਘਾ ਮਰੇ ਨਰਕ ਅੰਦਰ ਕੁਰਲਾਇ ਪਾਪੀ

ਸਿੰਘਾਂ ਨੇ ਦੁਆਬੇ ਵਲ ਨਿਕਲਣਾ

ਸਿੰਘ ਝੱਲ ਨੂੰ ਛੱਡਕੇ ਨਿਕਲ ਚੱਲੇ ਮੂੰਹ ਵੱਲ ਦਵਾਬੇ ਰਖਾਇਆ ਸੀ
ਚੌਂਹ ਕੋਹਾਂ ਦੀ ਵਿੱਥ ਤੇ ਪੰਥ ਜਾਂਦਾ ਪਿਛੇ ਲਸ਼ਕਰਾਂ ਨੂੰ ਲੱਖੂ ਲਾਇਆ ਸੀ
ਸਿੰਘ ਲੜਦੇ ਭਿੜਦੇ ਦੇਸ ਲੰਘੇ ਮੂੰਹ ਵੱਲ ਬਿਆਸਾ ਰਖਾਇਆ ਸੀ

  • ਹਰਗੁਬਿੰਦ ਪੂਰੇ ਥਾਣੀਂ ਹੋ ਕਰਕੇ ਜਾਣਾ ਪਾਰ ਦਰਿਆ ਤੋਂ ਚਾਹਿਆ ਸੀ

ਕਈ ਥਾਈਂ ਹੋਇ ਟਾਕਰੇ ਵੈਰੀਆਂ ਦੇ ਸਿੰਘਾਂ ਚਿੱਪ ਕੇ ਤੇਗਾਂ ਨੂੰ ਵਾਹਿਆ ਸੀ
ਅੱਗੇ ਨਦੀ ਬਿਆਸਾ ਦਾ ਵਾਹ ਡੂੰਘਾ ਪਿਛੇ ਵੈਰੀਆਂ ਨੇ ਜ਼ੋਰ ਪਾਇਆ ਸੀ
ਆਈਆਂ ਬੇੜੀਆਂ ਹੱਥ ਨ ਪੰਥ ਤਾਈ ਵੱਡਾ ਧ੍ਰੋਹ ਮਲਾਹਾਂ ਕਮਾਇਆ ਸੀ
ਸਿੰਘ ਠਿੱਲ੍ਹ ਦਰਿਆ ਦੇ ਵਿਚ ਪਏ ਖੌਫ ਮੌਤ ਦਾ ਦਿਲੋਂ ਗਵਾਇਆ ਸੀ
ਕਈ ਰੁੜ੍ਹ ਗਏ ਬੰਨੇ ਬਹੁਤ ਲੱਗੇ ਸਮਾਂ ਬੁਰੇ ਤੋਂ ਬੁਰਾ ਹੀ ਆਇਆ ਸੀ
ਡੱਲੇਵਾਲੇ ਸ੍ਰਦਾਰ ਗੁਲਾਬ ਸਿੰਘ ਦੇ ਬੇਟੇ ਰੁੜ੍ਹ ਗਏ ਦੋਇ ਲਖਾਇਆ ਸੀ
ਇਕ ਮੁਸ਼ਕਲੋਂ ਨਿਕਲੇ ਸਿੰਘ ਜੇਕਰ ਫਾਹੀ ਦੂਸਰੀ ਆਣ ਫਸਾਇਆ ਸੀ
ਜੇਠ ਹਾੜ ਦੇ ਦਿਨ ਸਨ ਰੇਤ ਤੱਤੀ ਭੁੰਨ ਸਿੰਘਾਂ ਦੇ ਤਾਈਂ ਰਖਾਇਆ ਸੀ
ਤਿੰਨ ਮੀਲ ਦੀ ਰੇਤ ਨੂੰ ਮਸਾਂ ਲੰਘੇ ਭਾਰਾ ਪੈਦਲਾਂ ਦੁਖ ਉਠਾਇਆ ਸੀ


  • ਹ: ਰ: ਗੁਪਤਾ ਆਪਣੀ ਬਣਾਈ ਹੋਈ ਪੁਸਤਕ 'ਹਿਸਟ੍ਰੀ ਆਫ ਦੀ ਸਿਖਸ' ਵਿਚ ਗੋਇੰਦਵਾਲ ਤੋਂ ਟੱਪਣਾ ਲਿਖਦੇ ਹਨ |