ਪੰਨਾ:Johar khalsa.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੬੫)


ਆਉਂਦਾ ਕਾਬਲੋਂ ਅਹਿਮਦਸ਼ਾਹ ਚੜ੍ਹਿਆ ਜਿਹਨੂੰ ਲਿਆ ਹੈ ਤੂੰ ਬੁਲਾ ਆਪੇ
ਗਲ ਪਈ ਬਲਾ ਨੂੰ ਲਾਹ ਹੱਥੀ ਜੰਗ ਆਉਂਦੇ ਨਾਲ ਮਚਾ ਆਪੇ
ਫੌਜ ਦਿੱਲੀਓਂ ਭੀ ਹੋਰ ਪਹੁੰਚਦੀ ਏ ਕਰ ਟਾਕਰਾ ਪਿਛ੍ਹਾਂ ਮੁੜਾ ਆਪੇ
ਸੂਬੇਦਾਰੀ ਦੀ ਸਨਦ ਇਹ ਭੇਜ ਦਿਤੀ ਤਖਤ ਰੱਖ ਯਾਂ ਹੱਥੀਂ ਗੁਆ ਆਪੇ
ਸ਼ਾਹ ਨਿਵਾਜ਼ ਕੀਹ ਕਰੇ ਕਰਤਾਰ ਸਿੰਘਾ ਬੈਠਾ ਵੇਲਣੇ ਲੱਤ ਫਸਾ ਆਪੇ

ਸ਼ਾਹ ਨਿਵਾਜ਼ ਨੇ ਅਹਿਮਦ ਸ਼ਾਹ ਨੂੰ ਕੌਲ ਦਿਤੇ ਤੋਂ ਬੇਈਮਾਨ ਹੋ ਜਾਣਾ

ਪਿਆ ਚਾਚੇ ਦਾ ਆਣ ਲਿਹਾਜ਼ ਸਿਰ ਤੇ ਸ਼ਾਹ ਨਿਵਾਜ਼ ਸਭ ਕੌਲ ਭੁਲਾ ਬੈਠਾ
ਅਹਿਮਦਸ਼ਾਹ ਵਲੋਂ ਮੂੰਹ ਫੇਰ ਕਰਕੇ ਲੜਨ ਲਈ ਤਿਆਰ ਕਰਵਾ ਬੈਠਾ
ਛਡ ਗਿਆ ਸਭ ਕੌਲ ਇਕਰਾਰ ਕੀਤੇ ਵੈਰ ਨਾਲ ਦੁਰਾਨੀ ਜਗਾ ਬੈਠਾ
ਦਿੱਤਾ ਕੁਝ ਜਵਾਬ ()ਵਕੀਲ ਨੂੰ ਨ ਦਿਲੋਂ ਸ਼ਾਹ ਦਾ ਖੌਫ ਭੁਲਾ ਬੈਠਾ
ਆਕੀ ਹੋ ਗਿਆ ਅਹਿਮਦ ਸ਼ਾਹ ਵਲੋਂ ਦਿਲੀ ਨਾਲ ਮੁੜ ਮੇਲ ਮਿਲਾ ਬੈਠਾ
ਸਿੱਟਾ ਨਿਕਲਦਾ ਕੀਹ ਕਰਤਾਰ ਸਿੰਘਾ ਬਾਜ਼ੀ ਬਿਨਾਂ ਸਮਝੇ ਉਲਟਾ ਬੈਠਾ

ਅਹਿਮਦ ਸ਼ਾਹ ਅਬਦਾਲੀ ਨੇ ਰੁਹਤਾਸ ਪਹੁੰਚਣਾ

ਦਿੱਤੀ ਖਬਰ ਵਕੀਲ ਨੇ ਜਾ ਸਾਰੀ ਨਿਵਾਜ਼ ਕੋਲੋਂ ਬੇਈਮਾਨ ਹੋਯਾ
ਮੇਲ ਓਸਨੇ ਕਰ ਲਿਆ ਨਾਲ ਦਿੱਲੀ ਤੇਰੇ ਵਲੋਂ ਮੁਨਹਰਫ ਸ਼ੈਤਾਨ ਹੋਯਾ
ਅਹਿਮਦ ਸ਼ਾਹ ਨ ਕੁਝ ਪ੍ਰਵਾਹ ਕੀਤੀ ਨਾਲ ਗੁਸੇ ਅੰਦਰ ਭਖ ਆਨ ਹੋਯਾ
ਦਿਤਾ ਹੁਕਮ ਪਿਛੋਂ ਫੌਜ਼ ਹੋਰ ਆਵੇ ਆਪ ਵੱਲ ਲਾਹੌਰ ਰਵਾਨ ਹੋਯਾ
ਡੇਰੇ ਆਨ ਰੁਹਤਾਸ ਦੇ ਵਿਚ ਲਾਏ ਸ਼ਾਹ ਨਿਵਾਜ ਤੇ ਗੁਸਾ ਮਹਾਨ ਹੋਯਾ
ਭੇਜੇ ਹੋਰ ਵਕੀਲ ਕਰਤਾਰ ਸਿੰਘਾ ਅਹਿਮਦ ਸ਼ਾਹ ਬਹੁ ਚਤੁਰ ਸੁਜਾਨ ਹੋਯਾ

ਅਹਿਮਦ ਸ਼ਾਹ ਦੇ ਵਕੀਲ ਨੇ ਮਾਰਿਆ ਜਾਣਾ

ਸਾਬਰਸਾਹ ਬੇਟਾ ਓਦ੍ਹੇ ਪੀਰ ਦਾ ਸੀ ਅਹਿਮਦ ਸ਼ਾਹ ਉਸਤਾਈਂ ਦੁੜਾਂਵਦਾ ਏ
ਉਹ ਵਿਚ ਲਾਹੌਰ ਦੇ ਆਣ ਪੁਜਾ ਸ਼ਾਹ ਨਿਵਾਜ ਤਾਈਂ ਸਮਝਾਂਵਦਾ ਏ
ਕੌਲ ਕਰਕੇ ਫਿਰ ਗਿਓਂ ਸ਼ਾਹ ਵਲੋਂ ਕੀਤਾ ਬੁਰਾ ਇਹ ਕੰਮ ਸੁਣਾਵਦਾ ਏ
ਦੇਖ ਤੇਰੇ ਲਿਖੇ ਉਤੇ ਕਾਬਲੋਂ ਜੀ ਬਾਦਸ਼ਾਹ ਲੈ ਕੇ ਫੌਜਾਂ ਆਂਵਦਾ ਏ
ਦਿੱਲੀ ਨਾਲ ਤੂੰ ਕਰ ਮਿਲਾਪ ਲਿਆ ਬਾਦਸ਼ਾਹ ਬੜਾ ਗੁਸਾ ਖਾਂਵਦਾ ਏ
ਕੀਤੇ ਆਪਣੇ ਕੌਲ ਨਿਭਾ ਭਾਈ ਤੈਨੂੰ ਅਹਿਮਦ ਸਾਹ ਫੁਰਮਾਂਵਦਾ ਏ
ਨਹੀਂ ਤਾਂ ਵੇਖ ਲਈਂ ਤੇਰੇ ਸਣੇ ਦਿੱਲੀ ਕਿਵੇਂ ਮਾਰਕੇ ਗਰਦ ਉਡਾਂਵਦਾ ਏ