ਜੌਹਰ ਖਾਲਸਾ
(੬੯)
ਟੁਰੇ ਵੱਲ ਲਾਹੌਰ ਕਰਤਾਰ ਸਿੰਘਾ ਫੌਜਾਂ ਪਾਸ ਸਰਹੰਦ ਉਤਾਰੀਆਂ ਸਨ
ਸਰਹੰਦ ਦੇ ਪਾਸ ਮਨੌਰੇ ਦੇ ਮੈਦਾਨ ਵਿਚ ਦੋਹਾਂ ਦਲਾਂ ਦਾ ਮੁਕਾਬਲਾ
ਦੋਵੇਂ ਦਲ ਆਇ ਦੋਹਾਂ ਪਾਸਿਆਂ ਥੀਂ ਮਾਰੋ ਮਾਰ ਕਰ ਧੂੜ ਧੁਮਾਈ ਕੀਤੀ
ਹੋਯਾ ਪਾਸ ਮਨੌਰੇ ਦੇ ਟਾਕਰਾ ਆ ਦੋਹਾਂ ਦਲਾਂ ਨੇ ਜ਼ੋਰ ਅਜ਼ਮਾਈ ਕੀਤੀ
ਪਿਆ ਬੜਾ ਭਾਰਾ ਘਮਸਾਨ ਓਥੇ ਮਾਰ ਮੌਤ ਨੇ ਭਾਰੀ ਤਬਾਹੀ ਕੀਤੀ
ਕਮਰਦੀਨ *ਹਾਥੀ ਉਤੇ ਬੈਠ ਲੜਦਾ ਆਣ ਮੌਤ ਨੇ ਹੁਕਮ ਸੁਣਾਈ ਕੀਤੀ
ਗੋਲੀ ਵੱਜੀ ਵਜ਼ੀਰ ਦੇ ਵਿਚ ਮੱਥੇ ਮੀਰ ਮੰਨੂੰ ਨੇ ਵੇਖ ਦਾਨਾਈ ਕੀਤੀ
ਝਟ ਸਾਂਭ ਕੇ ਪਿਉ ਨੂੰ ਬੈਠ ਗਿਆ ਨਾਹਿੰ ਕਿਸੇ ਨੇ ਭੇਦ ਜਨਾਈ ਕੀਤੀ
ਸਗੋਂ ਫੌਜ ਤੋਂ ੦ਹੱਲਾ ਕਰਵਾ ਦਿਤਾ ਗੱਜੇ ਸੂਰਮੇ ਖਹਿ ਲੜਾਈ ਕੀਤੀ
ਪਾਯਾ ਬੜਾ ਘਮਸਾਨ ਕਰਤਾਰ ਸਿੰਘਾ ਚੰਗੀ ਮਰਦ ਨੇ ਹਥ ਵਿਖਾਈ ਕੀਤੀ
ਤਥਾ
ਦੋਹਾਂ ਦਲਾਂ ਪਿਆ ਮੁਕਾਬਲਾ ਹੋ ਢੋਲ ਮਾਰ ਦੋਤਰਫ ਜਵਾਨ ਆਏ
ਮਾਰੂ ਵੱਜਦੇ ਬੋਲਦੇ ਅਲੀ ਨਾਹਰੇ ਆਪੋ ਆਪਣੇ ਕਸਬ ਅਜ਼ਮਾਨ ਆਏ
ਪਰੇ ਬੰਨ੍ਹ ਕੇ ਜੁਟੀਆਂ ਆਣ ਫੌਜਾਂ ਨਿਕਲ ਸੂਰਮੇ ਵਿਚ ਮੈਦਾਨ ਆਏ
ਚੱਲੀ ਵਿਚ ਮੈਦਾਨ ਤਲਵਾਰ ਡਾਢੀ ਆਹਮੋ ਸਾਹਮਣੇ ਚੜ੍ਹ ਤੂਫਾਨ ਆਏ
ਦੋਹਾਂ ਪਾਸਿਆਂ ਦੇ ਚੰਗੇ ਜ਼ੋਰ ਲਗੇ ਲਥੇ ਯੋਧਿਆਂ ਦੇ ਭਾਰੇ ਘਾਨ ਆਏ
ਤੱਛਾ ਮੁਛ ਹੋ ਗਈ ਕਰਤਾਰ ਸਿੰਘਾ ਮਾਸ ਕਾਂ ਕੁਤੇ ਗਿੱਦੜ ਖਾਨ ਆਏ
ਅਹਿਮਦ ਸ਼ਾਹ ਦੁਰਾਨੀ ਦਾ ਨੁਕਸਾਨ
ਜਦੋਂ ਮੱਚਿਆ ਆਣ ਘਮਸਾਨ ਭਾਰਾ ਮੌਤ ਸੂਰਮੇ ਮਾਰ ਖਪਾ ਦਿਤੇ
ਪਾਸਾ ਹੱਲਯਾ ਕੋਈ ਨ ਦੋਹਾਂ ਵਿਚੋਂ ਰਾਜਪੂਤਾਂ ਨੇ ਹਥ ਦਿਖਾ ਦਿਤੇ
ਓਧਰ ਗਿਲਜਿਆਂ ਅਤੇ ਦੁਰਾਨੀਆਂ ਨੇ ਖੱਪੇ ਵਿਚ ਮੈਦਾਨ ਦੇ ਪਾ ਦਿਤੇ
ਬਾਜੀ ਐਨ ਨੇੜੇ ਤਦੋਂ ਆ ਗਈ ਸੀ ਪਰ ਭਾਗਾਂ ਨੇ ਕੰਮ ਉਲਟਾ ਦਿਤੇ
ਕੋਹਕਬਾਨ ਜੋ ਲਏ ਲਾਹੌਰ ਵਿਚੋਂ ਉਹ ਵਿਚ ਮੈਦਾਨ ਗਡਾ ਦਿਤੇ
ਪਰ ਬੇਵਕੂਫਾਂ ਕੀਤੀ ਬੇਵਕੂਫੀ ਮੂੰਹ ਆਪਣੇ ਵੱਲ ਰਖਾ ਦਿਤੇ
*ਦੀਵਾਨ ਅਮਰ ਨਾਥ ਆਪਣੀ ਬਣਾਈ ਤਵਾਰੀਖ ਖਾਲਸਾ ਦੀਵਾਨ (ਜੋ ਫਾਰਸੀ ਜ਼ਬਾਨ ਵਿਚ ਦਸਤੀ ਲਿਖਤ ਹੈ ) ਵਿਚ ਲਿਖਦਾ ਹੈ , ਕਿ ਕਮਰ ਦੀਨ ਨੂੰ ਨਮਾਜ਼ ਪੜ੍ਹਦਿਆਂ ਦੁਸ਼ਮਣ ਦਾ ਗੋਲਾ ਗੋਡੇ ਤੇ ਵਜਾ ਸੀ, ਜੋ ਲਤ ਉਡਾ ਕੇ ਲੈ ਗਿਆ ਤੇ ਓਸ ਓਸ ਨਾਲ ਕਮਰ ਦੀਨ ਮਰ ਗਿਆ।
੦ਜਿਸ ਵੇਲੇ ਵਜ਼ੀਰ ਕਮਰਦੀਨ ਜੋ ਮੰਨੂੰ ਦਾ ਬਾਪ ਸੀ, ਮਰ ਗਿਆ ਤਦ ਈਸ਼ਰ ਸਿੰਘ ਜੈਪੁਰੀਆ ਆਪਣੇ ਵੀਹ ਹਜ਼ਾਰ ਜਵਾਨ ਸਣੇ ਮੈਦਾਨ ਛਡਕੇ ਪੱਤਰਾ ਹੋ ਗਿਆ ਸੀ ।