ਜੌਹਰ ਖਾਲਸਾ
(੭੭)
ਬੈਠੇ ਹਾਕਮ ਘੇਰ ਕਰਤਾਰ ਸਿੰਘਾ ਜ਼ੋਰ ਦੇਇ ਨ ਹੋਈਆਂ ਲੜਾਈਆਂ ਜੀ
ਘੇਰਾ
ਦੂਰ ਦੂਰ ਹਾਕਮ ਘੇਰਾ ਪਾਇ ਬੈਠੇ ਲੜਨ ਮਰਨ ਤੋਂ ਕਰਦੇ ਆਰ ਭਾਈ
ਸਿੰਘ ਜਾ ਬੈਠੇ ਕਿਲੇ ਵਿਚ ਸਾਰੇ ਆਸ ਰੱਖ ਕੇ ਸਿਰਫ ਕਰਤਾਰ ਭਾਈ
ਪਾਸੇ ਦੋਇ ਹੀ ਜਰਜਰੇ ਹੋਇ ਹੈਸਨ ਗੱਲ ਪੈਣ ਨ ਰਖਦੇ ਢਾਰ ਭਾਈ
ਕਿੰਨਾ ਚਿਰ ਏਸੇ ਤਰਾਂ ਬੀਤ ਗਿਆ ਸਿੰਘ ਆਣਕੇ ਹੋਇ ਲਾਚਾਰ ਭਾਈ
ਰਸਦ ਬਸਦ ਦਾਣਾ ਪੱਠਾ ਆਨ ਮੁੱਕਾ ਹੋਇ ਛਾਪਿਆਂ ਉਤੇ ਤਿਆਰ ਭਾਈ
ਜਦੋਂ ਦਾਉ ਲੱਗੇ ਛਾਪੇ ਮਾਰ ਜਾਂਦੇ ਮਿੱਟੀ ਫੌਜ ਦੀ ਕਰ ਖਵਾਰ ਭਾਈ
ਇਨ੍ਹਾਂ ਛਾਪਿਆਂ ਤੋਂ ਗੱਲ ਵਿਚਲੀ ਨੂੰ ਤਾੜ ਗਏ ਹਾਕਮ ਵਾਕਿਫਕਾਰ ਭਾਈ
ਪਾਸ ਸਿੰਘਾਂ ਜ਼ਖੀਰਾ ਨਹੀਂ ਕੋਈ ਰਿਹਾ ਕਿਲਾ ਛਡ ਜਾਵਣ ਹੁਸ਼ਿਆਰ ਭਾਈ
ਨਿਕਲਣ ਲਗਿਆਂ ਨੂੰ ਭਾਰਾ ਕਰ ਹੱਲਾ ਘੇਰ ਘੇਰ ਦੱਈਏ ਤਦੋਂ ਮਾਰ ਭਾਈ
ਇਹੋ ਕਰ ਸਲਾਹ ਕਰਤਾਰ ਸਿੰਘਾ ਫੌਜਾਂ ਹੋਰ ਮੰਗਾਈਆਂ ਭਾਰ ਭਾਈ
ਕਿਲੇ ਤੇ ਹਮਲਾ
ਖਾਂ ਅਜ਼ੀਜ਼ ਲਾਹੌਰ ਤੋਂ ਹੋਰ ਫੌਜਾਂ ਨਾਲੇ ਤੋਪਖਾਨੇ ਮੰਗਵਾਇ ਹੈਸਨ
ਰਾਮ ਗੜ੍ਹ ਕਿਲੇ ਤਾਈਂ ਤੋੜਨੇ ਨੂੰ ਸਾਰੇ ਤੋਪਖਾਨੇ ਕੱਠੇ ਡਾਹਿ ਹੈਸਨ
ਕੋਟ ਨਵਾਂ ਸੀ ਅਜੇ ਤਿਆਰ ਹੋਇਆ ਸਰਿਆ ਕੁਝ ਨ ਜ਼ੋਰ ਲਗਾਇ ਹੈਸਨ
ਓਟ ਤੋਪਾਂ ਜੰਬੂਰਿਆਂ ਲੈ ਕਰਕੇ ਧਾਵੇ ਆਣ ਚੌਗਿਰਦ ਕਰਾਇ ਹੈਸਨ
ਅੱਗ ਕਿਲੇ ਤੇ ਬੜੀ ਵਰਸਾਈਓ ਨੇ ਪਰ ਸਿੰਘ ਨ ਮੂਲ ਘਬਰਾਇ ਹੈਸਨ
ਐਲੀ ਐਲੀ ਕਰਦੇ ਦਲ ਮੋਮਨਾਂ ਦੇ ਜਦੋਂ ਠੀਕ ਮਾਰਾਂ ਹੇਠ ਆਇ ਹੈਸਨ
ਸਿੰਘਾਂ ਅੱਗ ਵਰਸਾਵਣੀ ਸ਼ੁਰੂ ਕੀਤੀ ਪਲਾਂ ਵਿਚ ਸਥਾਰ ਵਿਛਾਇ ਹੈਸਨ
ਸਿੰਘ ਕੋਟ ਅੰਦ੍ਰ ਵੈਰੀ ਬਾਹਰ ਨੰਗੇ ਮੁਸਲਮਾਨਾਂ ਨੁਕਸਾਨ ਉਠਾਇ ਹੈਸਨ
ਮਿੱਟੀ ਮਾਸ ਦਾ ਜੰਗ ਉਮੰਗ ਹੋਆ ਹੋ ਨਿਸ਼ੰਗ ਸਿੰਘਾਂ ਮਾਰ ਢਾਹਿ ਹੈਸਨ
ਵੈਰੀ ਕਰ ਹੱਲੇ ਜਿੰਨੇ ਆਉਣ ਅਗੇ ਓਨੀ ਵਾਰ ਸਿੰਘਾਂ ਪਰਤਾਇ ਹੈਸਨ
ਸਰਿਆ ਕੁਝ ਨ ਹੋਇ ਨੁਕਸਾਨ ਬਹੁਤੇ ਪੈਰ ਹਾਕਮਾਂ ਪਿਛ੍ਹਾਂ ਹਟਾਇ ਹੈਸਨ
ਬੈਠੇ ਮੋਰਚੀਂ ਜਾ ਕਰਤਾਰ ਸਿੰਘਾ ਕਈ ਸੈਂਕੜੇ ਮਰਦ ਮਰਵਾਇ ਹੈਸਨ
ਸਰਦਾਰ ਜੱਸਾ ਸਿੰਘ
ਪਿਛੇ ਕਈ ਥਾਈਂ ਇਸਦਾ ਹਾਲ ਲਿਖਿਆ ਜੱਸਾ ਸਿੰਘ ਤ੍ਰਖਾਣ ਸ੍ਰਦਾਰ ਸਮਝੋ
ਉੱਘਾ ਸੂਰਮਾ ਪੰਥ ਦੇ ਵਿਚ ਹੈਸੀ ਬੜਾ ਬੀਰ ਬਾਂਕਾ ਸ਼ਾਨਦਾਰ ਸਮਝੋ