ਸਮੱਗਰੀ 'ਤੇ ਜਾਓ

ਪੰਨਾ:Johar khalsa.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)

ਜੌਹਰ ਖਾਲਸਾ


ਸਿੰਘਾਂ ਪੰਥ ਵਿਚੋਂ ਓਹਨੂੰ *ਛੇਕ ਦਿਤਾ ਕਹਿੰਦੇ ਭੁਲ ਹੋਈ ਕੋਈ ਭਾਰ ਸਮਝੋ
ਮੁਖ ਰਖਿਆ ਖਾਸ ਅਸੂਲ ਤਾਈਂ ਨਾ ਲਿਹਾਜ਼ ਕੀਤਾ ਪੱਖ ਧਾਰ ਸਮਝੋ
ਜੱਸਾ ਸਿੰਘ ਜਲੰਧਰ ਚਲਾ ਗਿਆ ਨਾਲ ਲੈ ਕੇ ਸੌ ਅਸਵਾਰ ਸਮਝੋ
ਦੀਨਾ ਬੇਗ ਦੀ ਨੌਕਰੀ ਕਰੀ ਜਾ ਕੇ ਰਖ ਮਨ ਦੇ ਵਿਚ ਹੰਕਾਰ ਸਮਝੋ
ਓਹ ਭੀ ਆਯਾ ਹੋਯਾ ਵਿਚ ਜੰਗ ਹੈਸੀ ਡਿਠੀ ਓਸ ਭਰਾਵਾਂ ਦੀ ਕਾਰ ਸਮਝੋ
ਵੇਖ ਪੰਥ ਦਾ ਸਿਦਕ ਕਰਤਾਰ ਸਿੰਘਾ ਜੱਸਾ ਸਿੰਘ ਹੋਯਾ ਸ਼ਰਮਸਾਰ ਸਮਝੋ

ਸਰਦਾਰ ਜੱਸਾ ਸਿੰਘ ਨੇ ਪੰਥ ਪਾਸੋਂ ਮੁਆਫੀ ਮੰਗ ਘੱਲਣੀ

ਔਖਾ ਵਕਤ ਭਰਾਵਾਂ ਤੇ ਵੇਖ ਬਣਿਆਂ ਖਤ ਲਿਖਦਾ ਸੁਣਿਓ ਬੀਰ ਸਿੰਘੋ
ਮੈਥੋਂ ਭੁਲ ਹੋਈ ਤਦੋਂ ਬੜੀ ਭਾਰੀ ਬਖਸ਼ ਦਿਓ ਮੇਰੀ ਤਕਸੀਰ ਸਿੰਘੋ
ਹੈ ਪੰਥ ਗਰੀਬ ਨਿਵਾਜ ਸਦਾ ਮੈਂ ਪੰਥ ਦਾ ਦਾਸ ਅਖੀਰ ਸਿੰਘੋ
ਮੈਨੂੰ ਕੰਠ ਲਾ ਲਓ ਕਰਤਾਰ ਸਿੰਘਾ ਪੰਥ ਬਖਸ਼ਣੇ ਹਾਰ ਕਬੀਰ ਸਿੰਘੋ

ਸਰਦਾਰ ਜੱਸਾ ਸਿੰਘ ਨੇ ਪੰਥ ਨਾਲ ਆ ਰਲਣਾ

ਮੌਕਾ ਤਾੜਕੇ ਪੰਥ ਨੇ ਖਤ ਲਿਖਿਆ ਭੁਲਣਹਾਰ ਹੈ ਜਗ ਸਬਾਇ ਭਾਈ
ਭੁਲ ਮੰਨ ਕਰਕੇ ਜਿਹੜਾ ਸ਼ਰਨ ਆਵੇ ਪੰਥ ਓਸਨੂੰ ਗਲੇ ਲਗਾਇ ਭਾਈ
ਜੱਸਾ ਸਿੰਘ ਨੂੰ ਪਹੁੰਚਿਆ ਖਤ ਜਦੋਂ ਦਿਤਾ ਡੇਰੇ ਦੇ ਵਿਚ ਸੁਣਾਇ ਭਾਈ
ਕੀਤਾ ਪੰਥ ਮੁਆਫ ਕਸੂਰ ਸਾਡਾ ਪਈਏ ਪੰਥ ਦੀ ਸ਼ਰਨੀ ਜਾਇ ਭਾਈ
ਗੁਰੂ ਪੰਥ ਤੋਂ ਰਹੇ ਬੇਮੁਖ ਜੇਕਰ ਸਤਿਗੁਰੂ ਨਾ ਮੂੰਹ ਲਗਾਇ ਭਾਈ
ਬੇਮੁਖ ਹੋਕੇ ਮਰਨਾ ਪਾਪ ਭਾਰਾ ਚੱਲੋ ਪੰਥ ਦੀ ਸ਼ਰਨ ਤਕਾਇ ਭਾਈ
ਰਾਤੋ ਰਾਤ ਸਲਾਹ ਕਰ ਸਭ ਡੇਰਾ ਦਾਰੂ ਸਿੱਕਾ ਤੇ ਰਸਦ ਉਠਾਇ ਭਾਈ
ਲੱਭਾ ਹੋਰ ਭੀ ਸਾਜ਼ ਸਮਾਨ ਜਿੰਨਾ ਜੱਸਾ ਸਿੰਘ ਲਿਆ ਲਦਵਾਇ ਭਾਈ
ਕਿਲੇ ਵਿਚ ਆ ਪੰਥ ਦੀ ਸ਼ਰਨ ਪਏ ਕੀਤੇ ਸਭ ਗੁਨਾਹ ਬਖਸ਼ਾਇ ਭਾਈ
ਦਿਨੇ ਸੁਣ ਅਜੀਜ਼ ਕਰਤਾਰ ਸਿੰਘਾ ਰਿਹਾ ਬਹੁਤ ਕਚੀਚੀਆਂ ਖਾਇ ਭਾਈ

+੧੭੪੮ ਈ: ਤਥਾ ੧੮੦੬ ਬਿਕ੍ਰਮੀ ਨੂੰ ਅਹਿਮਦ ਸ਼ਾਹ ਦਾ ਦੂਸਰਾ ਹਮਲਾ

ਹਾਰ ਜਿੱਤ ਏਧਰ ਹੋਈ ਕਿਸੇ ਦੀ ਨਾ ਸ਼ਾਹ ਕਾਬਲੋਂ ਹੋ ਅਸਵਾਰ ਆਯਾ
ਅਠਾਰਾਂ ਸੌ ਦਾ ਛੇਵਾਂ ਸਾਲ ਜਾਂਦਾ ਓਹ ਫੇਰ ਕਰਦਾ ਮਾਰੋ ਮਾਰ ਆਯਾ


*ਸਰਦਾਰ ਜੱਸਾ ਸਿੰਘ ਦੀ ਸਿੰਘਣੀ ਨੇ ਕੁੜੀ ਮਾਰੀ ਸੀ, ਕੁੜੀ ਮਾਰ ਸਮਝਕੇ ਸਿੰਘਾਂ ਆਪਣੇ ਵਿਚੋਂ ਤਨਖਾਹੀਆ ਕਰਕੇ ਛੇਕ ਦਿੱਤਾ ਸੀ । ਪੰਥ ਪ੍ਰਕਾਸ਼ ਭਾਈ ਗਯਾਨ ਸਿੰਘ ਸਫਾ ੬੮੭, ਰਤਨ ਸਿੰਘ ਭੰਗੂ ਸਫਾ ੪੦੨ ।

+ਦਸੰਬਰ ੧੭੪੯ ਫਰਵਰੀ ੧੭੫੦ (ਹ:ਰ:ਗੁ:)