ਸਮੱਗਰੀ 'ਤੇ ਜਾਓ

ਪੰਨਾ:Johar khalsa.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੮੩)


ਪਲਾਂ ਵਿਚ ਜਾ ਤੇਗ ਖੜਕਾ ਦਿਤੀ ਫੌਜਾਂ ਘੇਰ ਦੀਵਾਨ ਲਿਆਂਵਦਾ ਏ
ਹੋਈਆਂ ਕੱਠੀਆਂ ਅੱਧ ਪਚੱਧੀਆਂ ਆ ਰਣ ਗਰਮ ਹੋ ਰੰਗ ਪਲਟਾਂਵਦਾ ਏ
ਸ਼ਾਹਨਿਵਾਜ਼ ਨੇ ਸਿੰਘਾਂ ਦੀ ਸ਼ਕਲ ਡਿੱਠੀ ਵਧੇ ਹੌਂਸਲੇ ਨੂੰ ਤੁਰਤ ਢਾਂਵਦਾ ਏ
ਲੱਗਾ ਹਟਕੇ ਲੜਨ ਕਰਤਾਰ ਸਿੰਘਾ ਡਰ ਖਾਲਸੇ ਦੇ ਪਾਸੋਂ ਖਾਂਵਦਾ ਏ

ਤਥਾ

ਸ਼ਾਹ ਨਿਵਾਜ਼ ਦੀ ਫੌਜ ਸੀ ਚਾਰ ਹਿਸੇ ਸਿੰਘਾਂ ਪਲਾਂ ਦੇ ਵਿਚ ਗੁਮਾਨ ਲਾਹੇ
ਸੁਖਾ ਸਿੰਘ ਅਤੇ ਜੱਸਾ ਸਿੰਘ ਦੋਵੇਂ ਵਧੇ ਵਿਚ ਮੈਦਾਨ ਦੇ ਘਾਨ ਲਾਹੇ
ਭੀਮ ਸਿੰਘ ਜਿਹਾਂ ਹੱਲੇ ਕਰ ਮਾਰੇ ਮਾਰ ਮਾਰ ਸੱਥਾਰ ਜੁਆਨ ਲਾਹੇ
ਕਿਤੇ ਤੋਪ ਜੰਬੂਰਿਆਂ ਜ਼ੋਰ ਪਾਇਆ ਸੱਥਰ ਘੋੜੇ ਜਵਾਨ ਮੈਦਾਨ ਲਾਹੇ
ਨੇਜ਼ੇ ਬਰਛੀਆਂ ਤੇਗਾਂ ਦੀ ਮਾਰ ਮੱਚੀ ਖੇਤ ਕਟ ਜਵਾਰ ਕਿਰਸਾਨ ਲਾਹੇ
ਫੌਜ ਵੈਰੀਆਂ ਦੀ ਸਿੰਘਾਂ ਛਾਂਗ ਸੁਟੀ ਆਰੀ ਫੇਰ ਦਰਖਤ ਤ੍ਰਖਾਨ ਲਾਹੇ
ਘੋੜੇ ਫਿਰਨ ਖਾਲੀ ਬਿਨਾਂ ਖਸਮਾਂ ਦੇ ਕਰ ਸੂਰਮੇ ਬੇ-ਪਰਾਨ ਲਾਹੇ
ਹਾਥੀ ਫਿਰਨ ਨੱਠੇ ਹੌਦੇ ਪਏ ਖਾਲੀ ਤੇਗਾਂ ਮਾਰ ਉਤੋਂ ਹਾਥੀਵਾਨ ਲਾਹੇ
ਫੌਜ ਵਧੀ ਔਂਦੀ ਦਿਲ ਵਾਲਿਆਂ ਦੀ ਸਿੰਘਾਂ ਮਾਰ ਤੇਗਾਂ ਸਾਰੇ ਸ਼ਾਨ ਲਾਹੇ
ਠੱਲ੍ਹਾ ਪੈ ਗਿਆ ਆਣ ਕਰਤਾਰ ਸਿੰਘਾ ਸ਼ਾਹ ਨਿਵਾਜ਼ ਦੇ ਮਾਨ ਤਰਾਨ ਲਾਹੇ

ਤਥਾ

ਇਕਤਰਫ ਮੁਲਤਾਨ ਦੀ ਫੌਜ ਆਹੀ ਦੂਜੀ ਤਰਫ ਦਿੱਲੀ ਵਾਲੀ ਜਾਨ ਭਾਈ
ਤੀਈ ਤਰਫ ਮਨਕੇਰੀਏ ਬਲੀ ਭਾਰੇ ਤੇ ਬਹਾਉਲ ਪੁਰੀਏ ਮੁਸਲਮਾਨ ਭਾਈ
ਸ਼ਾਹ ਨਿਵਾਜ਼ ਲੜਾਂਵਦਾ ਵਧ ਅੱਗੇ ਧਰ ਦਿਲ ਦੇ ਵਿਚ ਗੁਮਾਨ ਭਾਈ
ਸੁਖਾ ਸਿੰਘ ਮਨਕੇਰੀਆਂ ਵਲ ਜੁਟਾ ਲਾਹੇ ਸੂਰਮੇ ਨੇ ਮਾਰ ਘਾਨ ਭਾਈ
ਜੱਸਾ ਸਿੰਘ ਨਿਵਾਜ਼ ਦੇ ਸਾਹਮਣੇ ਸੀ ਪਿਆ ਜ਼ੋਰ ਆ ਵਿਚ ਮੈਦਾਨ ਭਾਈ
ਕਟਾ ਵੱਢੀ ਦੀ ਹੋਈ ਲੜਾਈ ਭਾਰੀ ਲਹੂ ਮਿਝ ਦਾ ਮਚਿਆ ਘਾਨ ਭਾਈ
ਕਿਤੇ ਸਿੰਘ ਹੱਲੇ ਉਤੇ ਕਰਨ ਹੱਲੇ ਕਿਤੇ ਵਧ ਰਹੇ ਮੁਸਲਮਾਨ ਭਾਈ
ਸਤਿ ਸ੍ਰੀ ਅਕਾਲ ਤੇ ਐਲੀ ਅਕਬਰ ਨਾਹਰੇ ਬੋਲਦੇ ਵਧਨ ਜਵਾਨ ਭਾਈ
ਭਿੜੇ ਸੂਰਮੇ ਲਾਹ ਕੇ ਚਾਉ ਚੰਗੇ ਹੋ ਡਿੱਗਦੇ ਲਹੂ ਲੁਹਾਨ ਭਾਈ
ਘਾਇਲ ਤੜਫਦੇ ਪੈਰਾਂ ਦੇ ਹੇਠ ਪਏ ਗਾਜ਼ੀ ਪਾਜ਼ੀਆਂ ਤਾਈਂ ਦਬਾਨ ਭਾਈ
ਫੌਜਾਂ ਮੋਰਚੇ ਛਡ ਕੇ ਲੜ ਰਹੀਆਂ ਘੇਰ ਛਾਇ ਗਿਆ ਅਸਮਾਨ ਭਾਈ
ਤੇਗਾਂ ਬਿਜਲੀਆਂ ਵਿਚ ਮੈਦਾਨ ਚਮਕਣ ਮਰਦਾਮਾਰਾ ਬਕਾਰਾ ਉਠਾਨ ਭਾਈ