ਸਮੱਗਰੀ 'ਤੇ ਜਾਓ

ਪੰਨਾ:Johar khalsa.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੪)

ਜੌਹਰ ਖਾਲਸਾ


ਹੋਇਆ ਤੁੱਲਵਾਂ ਜੰਗ ਦੁਪਾਸਿਆਂ ਥੀਂ ਹੋ ਗਏ ਭਾਰੇ ਨੁਕਸਾਨ ਭਾਈ
ਫੌਜਾਂ ਹੱਲੀਆਂ ਨਹੀਂ ਕਰਤਾਰ ਸਿੰਘਾ ਚੜ੍ਹੇ ਮੁਰਦਿਆਂ ਤੇ ਮੁਰਦੇ ਆਨ ਭਾਈ

ਨਵਾਬ ਕਪੂਰ ਸਿੰਘ ਜੀ ਨੇ ਹੱਲਾ ਕਰਵਾਉਣਾ

ਜੰਗ ਤੁੱਲਵਾਂ ਰਿਹਾ ਦੁਪਾਸਿਆਂ ਥੀਂ ਫੌਜਾਂ ਲੜਦੀਆਂ ਮੂਲ ਨ ਹਾਰੀਆਂ ਨੇ
ਡਿੱਠਾ ਹਾਲ ਨਵਾਬ ਕਪੂਰ ਸਿੰਘ ਨੇ ਵਿਚ ਰੋਹ ਦੇ ਲਾਲੀਆਂ ਤਾੜੀਆਂ ਨੇ
ਜਥਾ ਲੈ ਕੇ ਆਪਣੇ ਨਾਲ ਦਾ ਜੀ ਉੱਚੀ ਗੱਜ ਕੇ ਫਤਹ ਉਚਾਰੀਆਂ ਨੇ
ਐਨ ਭਿੜਦੇ ਜੰਗ ਦੇ ਵਿਚ ਫੜਿਆ ਫੌਜਾਂ ਵਧਦੀਆਂ ਡੱਕ ਖਲ੍ਹਾਰੀਆਂ ਨੇ
ਅਗੇ ਵਧਣਾ ਵੇਖ ਨਵਾਬ ਦਾ ਜੀ ਤੇਗਾਂ ਵਧ ਕੇ ਖਾਲਸੇ ਮਾਰੀਆਂ ਨੇ
ਚੌਹਾਂ ਪਾਸਿਆਂ ਤੋਂ ਸਿੰਘ ਕੁੱਦ ਪਏ ਤੇਗਾਂ ਮਾਰ ਤਰਥਲੀਆਂ ਡਾਰੀਆਂ ਨੇ
ਫੜੋ ਮਾਰ ਲੋ ਵੈਰੀ ਨ ਪਾਇ ਜਾਣਾਂ ਜਥੇਦਾਰ ਦੇਂਦੇ ਕਿਲਕਾਰੀਆਂ ਨੇ
ਬੱਸ ਫੇਰ ਕੀ ਸੀ ਸਿੰਘਾਂ ਵਾਢ ਘੱਤੀ ਫਿਕਰ ਵਾਲੀਆਂ ਗੱਲਾਂ ਵਿਸਾਰੀਆਂ ਨੇ
ਵਿਚ ਪਲਾਂ ਦੇ ਲਾਹ ਸਥਾਰ ਦਿਤੇ ਆਣ ਮਚ ਗਈਆਂ ਹਾ ਹਾ ਕਾਰੀਆਂ ਨੇ
ਜਿਧਰ ਵੇਖੀਏ ਵੈਰੀ ਸਥਾਰ ਲੱਥੇ ਪਈਆਂ ਮੁਸ਼ਕਲਾਂ ਖਾਨਾਂ ਨੂੰ ਭਾਰੀਆਂ ਨੇ
ਤੇਗ ਸਿੰਘਾਂ ਦੀ ਗਜ਼ਬ ਖੁਦਾ ਵਰ੍ਹਿਆ ਮਾਰਾਂ ਗਈਆਂ ਨ ਮੂਲ ਸਹਾਰੀਆਂ ਨੇ
ਵੈਰੀ ਪੈਰਾਂ ਤੋਂ ਹੱਲੇ ਕਰਤਾਰ ਸਿੰਘਾ ਘਬਰਾ ਗਈਆਂ ਫੌਜਾਂ ਸਾਰੀਆਂ ਨੇ

ਮੁਲਤਾਨ ਦੀ ਫੌਜ ਦੇ ਪੈਰ ਹੱਲ ਜਾਣੇ

ਸਿੰਘਾਂ ਮੋਰਚੇ ਲਏ ਛੁਡਾ ਸਾਰੇ ਹਿਲ ਜੁਲੀ ਫੌਜਾਂ ਵਿਚ ਪਾ ਦਿੱਤੀ
ਵੈਰੀ ਬੇ-ਤਰਤੀਬ ਹੋ ਲੜਨ ਲਗੇ ਮਾਰ ਚੌਂਕੜੀ ਸਿੰਘਾਂ ਭੁਲਾ ਦਿੱਤੀ
ਤੇਗਾਂ ਮਾਰਕੇ ਤੁੰਮਲੇ ਤੋੜ ਸੁੱਟੇ ਤੇ ਕਿਆਮਤ ਕਰ ਬਰਪਾ ਦਿੱਤੀ
ਭੱਜੇ ਫਿਰਨ ਅਮੀਰ ਤੇ ਖਾਨ ਸਾਰੇ ਸ਼ੇਖੀ ਖਾਲਸੇ ਮਾਰ ਉਡਾ ਦਿੱਤੀ
ਨੱਠੇ ਸਿਆਲ ਬਲੋਚ ਪਠਾਨ ਰੰਘੜ ਜਾਨ ਤੇਗਾਂ ਨੇ ਮਾਰ ਕੰਬਾ ਦਿੱਤੀ
ਧਰਤੀ ਕੋਹਾਂ ਦੇ ਵਿਚ ਹੋ ਲਾਲ ਗਈ ਚੁੰਨੀ ਸੂਹੀ ਸੁਹਾਗ ਪਹਿਨਾ ਦਿੱਤੀ
ਲਾਲੋ ਲਾਲ ਮੈਦਾਨ ਪਛਾਨ ਹੋਯਾ ਚੀਚਕ ਵਹੁਟੀ ਦੀ ਸ਼ਕਲ ਬਣਾ ਦਿੱਤੀ
ਲਹਿ ਗਹੇ ਸਥਾਰ ਮੈਦਾਨ ਅੰਦਰ ਫੌਜਾਂ ਮਾਰ ਕੇ ਧਰਤ ਲਿਟਾ ਦਿੱਤੀ
ਵੇਖੀ ਨਹੀਂ ਸੀ ਸਿੰਘਾਂ ਦੀ ਤੇਗ ਜਿਨ੍ਹਾਂ ਚੰਗੀ ਤਰ੍ਹਾਂ ਚਲਾ ਦਿਖਾ ਦਿੱਤੀ
ਨੱਠੀ ਕਿਲੇ ਨੂੰ ਫੌਜ ਕਰਤਾਰ ਸਿੰਘਾ ਸਿੰਘਾਂ ਮਗਰ ਪੈ ਵਾਢ ਮਚਾ ਦਿੱਤੀ