ਸਮੱਗਰੀ 'ਤੇ ਜਾਓ

ਪੰਨਾ:Johar khalsa.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੮੫)


ਸ਼ਾਹ ਨਿਵਾਜ਼ ਦਾ ਮਰਨਾ ਤੇ ਸਿੰਘਾਂ ਦੀ ਫਤਹ

ਫੌਜਾਂ ਨੱਠੀਆਂ ਛੱਡ ਮੈਦਾਨ ਤਾਈਂ ਸ਼ਾਹ ਨਿਵਾਜ਼ ਭੀ ਹੌਸਲਾ ਹਾਰਿਆ ਸੀ
ਹਾਥੀ ਮੋੜਿਆ ਓਸ ਭੀ ਕਿਲੇ ਵੱਲੇ ਜੱਸਾ ਸਿੰਘ ਸ੍ਰਦਾਰ ਨੇ ਤਾੜਿਆ ਸੀ
ਹੱਲ ਬੋਲਕੇ ਘੇਰਿਆ ਜਾ ਹਾਥੀ ਆਉਂਦੀ ਮੌਤ ਨੂੰ ਕਿਸੇ ਨ ਟਾਰਿਆ ਸੀ
ਖੁੱਚ ਵੱਢ ਕੇ ਹਾਥੀ ਨੂੰ ਸੁਟ ਦਿੱਤਾ ਭੀਮ ਸਿੰਘ ਨੇ ਜਾ ਵੰਗਾਰਿਆ ਸੀ
ਸ਼ਾਹ ਨਿਵਾਜ਼ ਹਾਥੀ ਸਣੇ ਉਲਟ ਡਿੱਗਾ ਭੀਮ ਸਿੰਘ ਨੇ ਸਿਰ ਉਤਾਰਿਆ ਸੀ
ਉਤੇ ਨੇਜੇ ਦੇ ਟੰਗ ਜਵਾਨ ਮੁੜਿਆ ਸੂਬਾ ਮਾਰਿਆ ਉੱਚੀ ਉਚਾਰਿਆ ਸੀ
ਬੱਸ ਸੂਬੇ ਦੇ ਮਰਨ ਦੀ ਦੇਰ ਹੈ ਸੀ ਜ਼ੋਰ ਖਾਲਸੇ ਨੇ ਆਣ ਡਾਰਿਆ ਸੀ
ਭਾਂਜ ਪੈ ਗਈ ਆਣ ਕਰਤਾਰ ਸਿੰਘਾ ਪੈਰ ਕਿਸੇ ਨਾ ਫੇਰ ਸੰਭਾਰਿਆ ਸੀ

ਸਿੰਘਾਂ ਨੇ ਮੁਲਤਾਨ ਲੁਟਣਾ

ਸਿੰਘ ਕਰ ਹੱਲਾ ਤੇਗਾਂ ਸੂਤ ਪਏ ਲੁੱਟ ਸੂਬੇ ਦਾ ਲਿਆ ਸਾਮਾਨ ਸਾਰਾ
ਹਾਥੀ ਘੋੜੇ ਅਤੇ ਹਥਿਆਰ ਲੁੱਟੇ ਰਸਦ ਬਸਦ ਜ਼ਖੀਰਾ ਪਛਾਨ ਸਾਰਾ
ਫਤਹ ਬੋਲਕੇ ਸ਼ਹਿਰ ਦੇ ਵਿਚ ਵੜ ਗਏ ਕੀਤਾ ਲੁੱਟਕੇ ਸਾਫ ਮੁਲਤਾਨ ਸਾਰਾ
ਲੋਕ ਸ਼ਹਿਰ ਨੂੰ ਛੱਡਕੇ ਨੱਠ ਗਏ ਪਿਆ ਕਿਲਾ ਭੀ ਰਿਹਾ ਵੈਰਾਨ ਸਾਰਾ
ਸਾਂਭੇ ਸ਼ਾਹੀ ਸਾਮਾਨ ਬੇਖਤਰ ਹੋਕੇ ਲਾਹਿਆ ਗਾਜ਼ੀਆਂ ਦਾ ਮਾਰ ਮਾਨ ਸਾਰਾ
ਵੈਰੀ ਪੰਥ ਦਾ ਸਿੰਘਾਂ ਨੇ ਮਾਰਿਆ ਜੀ ਭੁੱਲ ਗਏ ਹੋਇਆ ਨੁਕਸਾਨ ਸਾਰਾ
ਕੌੜਾ ਮੱਲ ਦਾ ਕਿਲੇ ਤੇ ਹੋਯਾ ਕਬਜ਼ਾ ਉਠ ਗਿਆ ਨਿਵਾਜ਼ ਦਾ ਤਾਨ ਸਾਰਾ
ਸਿੰਘ ਹੋਇ ਸ਼ਹੀਦ ਕਰਤਾਰ ਸਿੰਘਾ ਫਤਹ ਪਾਕੇ ਘਾਟਾ ਭੁਲਾਨ ਸਾਰਾ

ਵਾਕ ਕਵੀ

ਭਾਵੇਂ ਸਿੰਘ ਭੀ ਹੋਇ ਸ਼ਹੀਦ ਬਹੁਤੇ ਘਾਟੇ ਫਤਹ ਨੇ ਸੱਭੇ ਬੁਲਾ ਦਿਤੇ
ਕੌੜਾ ਮੱਲ ਦਾ ਹੋ ਗਿਆ ਕੰਮ ਪੂਰਾ ਝੰਡੇ ਓਸਦੇ ਸਿੰਘਾਂ ਝੁਲਾ ਦਿਤੇ
ਵੈਰੀ ਪੰਥ ਦਾ ਮਾਰਿਆ ਖਾਲਸੇ ਨੇ ਲੇਖੇ ਪਿਛਲੇ ਕਰ ਅਦਾ ਦਿਤੇ
ਲੁੱਟਾਂ ਲੁਟੀਆਂ ਬਹੁਤ ਸਾਮਾਨ ਲੱਭੇ ਤੁਰਕ ਕਈ ਹਜ਼ਾਰ ਖਪਾ ਦਿਤੇ
ਸੌਦਾ ਇਹ ਚੰਗਾ ਕੀਤਾ ਖਾਲਸੇ ਨੇ ਨਾਲ ਵੈਰੀਆਂ ਵੈਰੀ ਭਿੜਾ ਦਿਤੇ


*ਭਾਈ ਗਯਾਨ ਸਿੰਘ ਜੀ ਅਤੇ ਸ:ਮੁ:ਲ: ਨੇ ਇਹ ਜੰਗ ੬ ਮਹੀਨੇ ਹੁੰਦਾ ਰਿਹਾ ਲਿਖਿਆ ਹੈ, ਪਹਿਲਾਂ ਸ਼ਾਹ ਨਿਵਾਜ਼ ਕਿਲੇ ਵਿਚ ਆਕੀ ਬੈਠਾ ਸੀ ਅਤੇ ਸਿੰਘਾਂ ਤੇ ਕੌੜੇ ਮੱਲ ਨੇ ਘੇਰਾ ਪਾ ਛਡਿਆ ਸੀ । ਅਖੀਰ ਰਸਦ ਪੱਠਾ ਸ਼ਹਿਰ ਵਿਚੋਂ ਮੁਕ ਗਿਆ ਤੇ ਬਾਹਰ ਮੈਦਾਨ ਵਿਚ ਆ ਕੇ ਲੜਿਆ । ਸ਼ਾਹ ਨਿਵਾਜ਼ ਦੀ ਕਬਰ ਹਜ਼ਰਤ ਸ਼ਮਸ ਤਬਰੇਜ਼ ਦੀ ਕਬਰ ਦੇ ਪਾਸ ਹੈ ।