ਸਮੱਗਰੀ 'ਤੇ ਜਾਓ

ਪੰਨਾ:Johar khalsa.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੬)

ਜੋਹਰ ਖਾਲਸਾ


ਕੌੜਾ ਮੱਲ ਨੇ ਵਿਚ ਦੀਵਾਨ ਆ ਕੇ ਸਿਰੋਪਾਉ ਇਨਾਮ ਦਿਵਾ ਦਿੱਤੇ
ਜ਼ਰ ਨਕਦੀ ਘੋੜੇ ਹਥਿਆਰ ਚੰਗੇ ਸਭ ਸਿੰਘਾਂ ਸਪੁਰਦ ਕਰਵਾ ਦਿੱਤੇ
ਜਿੰਨਾ ਚਿਰ ਰਹੇ ਸਿੰਘ ਪਾਸ ਓਹਦੇ ਸੇਵਾ ਕਰ ਥਕੇਵੇਂ ਗਵਾ ਦਿੱਤੇ
ਬਣ ਗਈ ਅਗੋਂ ਚੰਗੀ ਨਾਲ ਸੂਬੇ ਥੋਹੜਾ ਚਿਰ ਬਖੇੜੇ ਮੁਕਾ ਦਿੱਤੇ
ਫਤਹ ਕਰ ਮੁਲਤਾਨ ਕਰਤਾਰ ਸਿੰਘਾ ਸੁਧਾਸਰ ਅੰਦਰ ਦਰਸ਼ਨ ਆ ਦਿੱਤੇ

ਤਥਾ

ਸਿੰਘ ਕਰਕੇ ਸ਼ਹਿਰ ਮੁਲਤਾਨ ਫਤਹ ਵੈਰੀ ਪੰਥ ਦਾ ਮਾਰ ਮੁਕਾ ਆਏ
ਫੁਟ ਹਾਕਮਾਂ ਦੇ ਵਿਚ ਰੱਬ ਪਾਈ ਲਾ ਦੁਸ਼ਮਣਾਂ ਨੂੰ ਚੰਗਾ ਦਾ ਆਏ
ਕੌੜੇ ਮੱਲ ਦੀ ਕਰ ਇਮਦਾਦ ਭਾਰੀ ਸੂਬੇਦਾਰੀ ਮੁਲਤਾਨ ਦਿਵਾ ਆਏ
ਮੀਰ ਮੰਨੂੰ ਦੇ ਨਾਲ ਰਸੂਖ ਬਣਿਆਂ ਕੁਝ ਦਿਨਾਂ ਲਈ ਵੈਰ ਵਟਾ ਆਏ
ਦਾਰੂ ਸਿੱਕਾ ਸਾਮਾਨ ਭੀ ਹੱਥ ਆਇਆ ਜ਼ਰ ਨਕਦੀ ਭੁਖ ਗਵਾ ਆਏ
ਬੈਠੇ ਆਣ ਸਾਰੇ ਸੁਧਾਸਰ ਅੰਦਰ ਸਿਰੋਂ ਖਟਕੇ ਸਭ ਉਠਾ ਆਏ
ਕੌੜਾ ਮੱਲ ਨੇ ਬੜਾ ਅਹਿਸਾਨ ਜਾਤਾ ਸਿੰਘ ਉਸਦੀ ਗੁਡੀ ਚੜ੍ਹਾ ਆਏ
ਇਕ ਪੰਥ ਦੋ ਕਾਜ ਕਰਤਾਰ ਸਿੰਘਾ ਰਾਜਨੀਤ ਦਾ ਫੰਧ ਚਲਾ ਆਏ

ਮੀਰ ਮੰਨੂੰ ਨਾਲ ਸੁਲਾਹ ਸਫਾਈ ਹੋ ਕੇ ਸਿੰਘਾਂ ਨੂੰ ਜਾਗੀਰ ਮਿਲਣੀ

ਏਸ ਹੋਈ ਮੁਲਤਾਨ ਦੀ ਫਤਹ ਪਿਛੇ ਕੌੜੇ ਮੱਲ ਨੇ ਗੱਲ ਬਣਾ ਦਿਤੀ
ਮੱਨੂੰ ਮੀਰ ਦੇ ਨਾਲ ਮੁਕਾ ਝੇੜੇ ਸੁਲਾਹ ਸਿੰਘਾਂ ਦੀ ਝਟ ਕਰਵਾ ਦਿਤੀ
ਦੋਵੇਂ ਪਰਗਣੇ ਚੁਹਣੀ ਝਬਾਲ ਸਮਝੋ ਸਿੰਘਾਂ ਤਾਈਂ ਜਾਗੀਰ ਦਿਵਾ ਦਿਤੀ
ਕੁਝ ਦਿਨਾਂ ਦੇ ਲਈ ਦੀਵਾਨ ਦਾਨੇ ਕਲਾ ਦੇਸ ਦੇ ਵਿਚੋਂ ਮਿਟਾ ਦਿਤੀ
ਓਧਰ ਸਿੰਘ ਭੀ ਅੰਮ੍ਰਿਤਸਰ ਬੈਠੇ ਖਿੱਚੋਤਾਣੀ ਆ ਸਾਰੀ ਹਟਾ ਦਿਤੀ
ਹੋਯਾ ਅਮਨ ਆ ਫੇਰ ਕਰਤਾਰ ਸਿੰਘਾ ਛਡ ਰਬ ਨੇ ਭਲੀ ਹਵਾ ਦਿਤੀ

ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਕਰਨੀ

ਮੰਨੂੰ ਨਾਲ ਜਦ ਸਿੰਘਾਂ ਦਾ ਮੇਲ ਹੋਯਾ ਕੌੜੇ ਮਲ ਫਸਾਦ ਮਿਟਾਯਾ ਸੀ
ਸਿੰਘ ਅੰਮ੍ਰਿਤਸਰ ਦੇ ਵਿਚ ਬੈਠੇ ਸਮਾਂ ਕੁਝ ਆਰਾਮ ਦਾ ਆਯਾ ਸੀ
ਕੁਝ ਪਿੰਡਾਂ ਨੂੰ ਉਠ ਕੇ ਚਲੇ ਗਏ ਵਾਹੀ ਖੇਤੀ ਦਾ ਕੰਮ ਚਲਾਯਾ ਸੀ
ਕੁਝ ਵਿਚ ਵਪਾਰ ਦੇ ਜਾਇ ਰੁਝੇ ਬਾਲ ਬੱਚਿਆਂ ਨੂੰ ਗਲ ਲਾਯਾ ਸੀ
ਬਾਕੀ ਰਹੇ ਜਥੇ ਸੁਧਾਸਰ ਬੈਠੇ ਪੈਰ ਉਹਨਾਂ ਨੇ ਪੱਕਾ ਜਮਾਯਾ ਸੀ
ਸੇਵਾ ਸੀ ਤਾਲਾਬ ਦੀ ਕਰਨ ਵਾਲੀ ਧਿਆਨ ਓਸ ਵਲੇ ਸਿੰਘਾਂ ਲਾਯਾ ਸੀ