ਸਮੱਗਰੀ 'ਤੇ ਜਾਓ

ਪੰਨਾ:Johar khalsa.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੦)

ਜੌਹਰ ਖਾਲਸਾ


ਮੀਰ ਮੰਨੂੰ ਦੀ ਮੱਦਦੇ ਸਿੰਘਾਂ ਨੇ ਆਉਣਾ

ਕੌੜਾ ਮੱਲ ਦੀ ਲੈ ਸਲਾਹ ਸਾਰੀ ਸਿੰਘਾਂ ਵਲ ਵਕੀਲ ਦੁੜਾਇ ਦਿਤਾ
ਚੜ੍ਹਿਆ ਆਉਂਦਾ ਕਾਬਲੋਂ ਬਾਦਸ਼ਾਹ ਹੈ ਪਹੁੰਚੋ ਝੱਬਦੇ ਭੇਦ ਸੁਣਾਇ ਦਿਤਾ
ਸਿੰਘ ਮਾਰਾ ਬਕਾਰਾ ਹੀ ਚਾਹੁੰਦੇ ਸਨ ਫਤਹ ਬੋਲ ਕੇ ਕੂਚ ਬੁਲਾਇ ਦਿਤਾ
ਆ ਕੱਠ ਲਾਹੌਰ ਦੇ ਵਿਚ ਹੋਯਾ ਕੌੜਾ ਮੱਲ ਨੇ ਖਰਚ ਲਵਾਇ ਦਿਤਾ
ਏਧਰ ਮੰਨੂੰ ਦੀ ਪਿੱਠ ਭੀ ਹੋਈ ਭਾਰੀ ਖੂਬ ਜੰਗ ਦਾ ਢੰਗ ਸਜਾਇ ਦਿਤਾ
ਸ਼ਾਹਦਰੇ ਦੇ ਪਾਸ ਕਰਤਾਰ ਸਿੰਘਾ ਡੇਰਾ ਆਣ ਦੁਰਾਨੀ ਨੇ ਪਾਇ ਦਿਤਾ

+ਬਦਾਮੀ ਬਾਗ ਦੇ ਪਾਸ ਲੜਾਈ

ਪਹਿਲਾਂ ਕਰ ਲਾਹੌਰ ਦਾ ਕੋਟ ਪੱਕਾ ਤੋਪਾਂ ਚਾਰ ਚੁਫੇਰੇ ਚੜ੍ਹਾ ਕਰਕੇ
ਤਿੰਨ ਸੌ ਤੋਂ ਤੋਪ ਵਧੀਕ ਹੈਸੀ ਐਨ ਰੱਖੀਆਂ ਮਾਰਾਂ ਤਕਾ ਕਰਕੇ
ਕਈ ਹਜ਼ਾਰ ਜੰਜੈਲ ਜੰਬੂਰਚੇ ਸਨ ਰਖੇ ਥਾਂ ਥਾਂ ਓਹ ਭੀ ਟਿਕਾ ਕਰਕੇ
ਬੱਧੇ ਮੋਰਚੇ ਸ਼ਹਿਰ ਤੋਂ ਬਾਹਰ ਜਾਕੇ ਪਿਛੇ ਕੋਟ ਦੀ ਓਟ ਰਖਾ ਕਰਕੇ
ਅਹਿਮਦ ਸ਼ਾਹ ਭੀ ਰਾਵੀਓਂ ਪਾਰ ਆਯਾ ਜੁਟੇ ਦਲ ਦੋਵੇਂ ਜ਼ੋਰ ਲਾ ਕਰਕੇ
ਥੋਹੜਾ ਚਿਰ ਮੈਦਾਨ ਦਾ ਜੰਗ ਹੋਇਆ ਗੋਲੀ ਤੀਰ ਜੰਜੈਲ ਚਲਾ ਕਰਕੇ
ਤੇਗੀਂ ਉਤਰੇ ਗਿਲਜੇ ਜਿਸ ਵੇਲੇ ਵਿਚ ਦਿਲਾਂ ਦੇ ਰੋਹ ਵਧਾ ਕਰਕੇ
ਮੀਰ ਮੰਨੂੰ ਦੀ ਫੌਜ ਦੇ ਪੈਰ ਹੱਲੇ ਅੜ ਸੱਕੀ ਨਾ ਜ਼ੋਰ ਦਿਖਾ ਕਰਕੇ
()ਪਿਛਾਂ ਹਟਕੇ ਮੋਰਚੇ ਮੱਲ ਬੈਠੀ ਲੜਦੀ ਆਪਣਾ ਆਪ ਬਚਾ ਕਰਕੇ
ਫੌਜ ਕਾਬਲੀ ਡਰੀ ਕਰਤਾਰ ਸਿੰਘਾ ਪਈ ਗਲ ਨ ਹੱਲਾ ਬੁਲਾ ਕਰਕੇ

ਅਹਿਮਦ ਸ਼ਾਹ ਨੇ ਜ਼ੋਰ ਦਾ ਹੱਲਾ ਕਰਨਾ

ਫੌਜ ਮੰਨੂੰ ਦੀ ਮੋਰਚੇ ਮੱਲ ਬੈਠੀ ਓਟ ਕੋਟ ਦੀ ਭਾਰੀ ਰਖਾ ਭਾਈ
ਹੱਲਾ ਕੀਤਾ ਦੁਰਾਨੀਆਂ ਜ਼ੋਰ ਦੇਕੇ ਐਲੀ ਅਕਬਰ ਨਾਹਰੇ ਬੁਲਾ ਭਾਈ
ਆਈ ਨੇੜੇ ਜਾਂ ਫੌਜ ਦੁਰਾਨੀਆਂ ਦੀ ਤੋੜੇ ਤੋਪਾਂ ਨੂੰ ਦਿਤੇ ਲਗਾ ਭਾਈ
ਨਾਲੇ ਛੱਡ ਜੰਜੈਲ ਜੰਬੂਰ ਦਿਤੇ ਭਾਰੀ ਹਿਲ ਜੁਲੀ ਦਿਤੀ ਮਚਾ ਭਾਈ
ਭੁੰਨ ਸੁਟਿਆ ਦਾਣਿਆਂ ਵਾਂਗ ਲਸ਼ਕਰ ਦਿੱਤੀ ਗੋਲਿਆਂ ਧੂੜ ਧੁਮਾ ਭਾਈ
ਤੋੜਾ ਤਿੰਨ ਸੌ ਤੋਪ ਨੂੰ ਜਦੋਂ ਲੱਗਾ ਕੋਹਾਂ ਤਕ ਦੇ ਧਰਤ ਕੰਬਾ ਭਾਈ
ਉਡੇ ਧੂਲੜੇ ਬੁਰੇ ਦੁਰਾਨੀਆਂ ਦੇ ਦਿਤੇ ਸੈਂਕੜੇ ਮਾਰ ਖਪਾ ਭਾਈ


+ਲਤੀਫ ਪਹਿਲਾਂ ਸ਼ਾਹਦਰੇ ਜੰਗ ਹੋਇਆ ਲਿਖਦਾ ਹੈ ।

()ਮੰਨੂੰ ਦੀ ਫੌਜ ਮੈਦਾਨੋਂ ਭੱਜ ਕੇ ਸ਼ਹਿਰ ਵਿਚ ਆ ਗਈ ਤੇ ਮੋਰਚੇ ਕਾਇਮ ਕਰ ਲਏ ਤੇ ਅਬਦਾਲੀ ਨੇ ਸ਼ਾਲ੍ਹਾਮਾਰ ਬਾਗ ਵਿਚ ਡੇਰੇ ਪਾ ਦਿਤੇ ਸਨ ।