ਪੰਨਾ:Johar khalsa.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੪)

ਜੋਹਰ ਖਾਲਸਾ


ਫਰਕ ਰਿਹਾ ਨਾ ਕੋਈ ਕਰਤਾਰ ਸਿੰਘਾ ਫਰਜ਼ ਯੋਧਿਆਂ ਕਰ ਅਦਾ ਦਿਤੇ

ਦੀਵਾਨ ਕੌੜਾ ਮੱਲ ਦਾ ਮਰਨਾ

ਭਾਣੇ ਰਬ ਦੇ ਨੂੰ ਭਲਾ ਕੌਣ ਮੋੜੇ ਬਾਜ਼ੀ ਮੰਨੂੰ ਦੀ ਉਲਟ ਗਈ ਆਨ ਭਾਈ
ਐਨ ਮੱਚਿਆ ਸੀ ਜਦੋਂ ਜੰਗ ਭਾਰਾ ਪਿਆ ਤੇਗਾਂ ਦਾ ਸੀ ਘਮਸਾਨ ਭਾਈ
ਹਟ ਰਹੀ ਸੀ ਫੌਜ ਦੁਰਾਨੀਆਂ ਦੀ ਵਧ ਰਿਹਾ ਸੀ ਅਗ੍ਹਾਂ ਦੀਵਾਨ ਭਾਈ
ਕੌੜੇ ਮੱਲ ਨੂੰ ਘੇਰਿਆ ਮੌਤ ਆਖੇ ਸਿਰ ਗੱਜਿਆ ਕਾਲ ਭਗਵਾਨ ਭਾਈ
ਹਾਥੀ ਉਤੇ ਬੈਠਾ ਜੰਗ ਵੇਖ ਰਿਹਾ ਵਧੀ ਜਾਂਵਦਾ ਲਾਂਹਵਦਾ ਘਾਨ ਭਾਈ
ਅਗੇ ਕਬਰ ਪੋਲੀ ਇਕ ਆਇ ਗਈ ਨਜ਼ਰ ਪਈ ਨਾ ਸੀ ਫੀਲਵਾਨ ਭਾਈ
ਲੱਤ +ਹਾਥੀ ਦੀ ਕਬਰ ਦੇ ਵਿਚ ਪੈ ਗਈ ਮੂਧਾ ਹੋ ਡਿੱਗਾ ਹਾਥੀਵਾਨ ਭਾਈ
ਕੌੜਾ ਮੱਲ ਅਮਾਰੀਓਂ ਡਿੱਗ ਪਿਆ ਪੇਸ਼ ਗਈ ਨਾ ਕੋਈ ਸੁਜਾਨ ਭਾਈ
ਉਹਦੇ ਅਗੇ ਸਰਦਾਰ ਦੁਰਾਨੀਆਂ ਦਾ ਲੜ ਰਿਹਾ ਸੀ ਖਾਨ ਜਹਾਨ ਭਾਈ
ਦੋ ਹਜ਼ਾਰ ਸਿਪਾਹੀ ਲੈ ਆਣ ਟੁੱਟਾ ਤੇਗਾਂ ਖੜਕੀਆਂ ਸਖਤ ਪਛਾਨ ਭਾਈ
ਲਿਆ ਟੁੰਬ ਦੀਵਾਨ ਦਾ ਸਿਰ ਉਸਨੇ ਕੀਤੀ ਬੜੀ ਮਰਦਾਨਗੀ ਖਾਨ ਭਾਈ
ਟੰਗੇ ਨੇਜ਼ੇ ਤੇ ਫਤਹ ਦੇ ਬੋਲ ਨਾਹਰੇ ਲੈ ਨਿਕਲਿਆ ਚੀਰ ਮੈਦਾਨ ਭਾਈ
ਮੋਹਰੀ ਦਲਾਂ ਦਾ ਮੋਯਾ ਕਰਤਾਰ ਸਿੰਘਾ ਫੌਜਾਂ ਹੋਈਆਂ ਆਨ ਹੈਰਾਨ ਭਾਈ

ਮੀਰ ਮੰਨੂੰ ਦੀ ਹਾਰ ਤੇ ਅਹਿਮਦ ਸ਼ਾਹ ਦੀ ਜਿੱਤ

ਕੌੜੇ ਮੱਲ ਦੇ ਮਰਨ ਦੀ ਡੇਰ ਹੀ ਸੀ ਸਾਥੀ ਛੱਡਕੇ ਸਾਰੇ ਮੈਦਾਨ ਨੱਠੇ
ਕੋਈ ਲੜਿਆ ਫੇਰ ਨਾ ਦਿਲ ਲਾਕੇ ਆਪੋ ਆਪਣੀ ਲੈ ਕੇ ਜਾਨ ਨੱਠੇ
ਇਕ ਦੂਸਰੇ ਨੂੰ ਕਿਸੇ ਪੁਛਿਆ ਨਾ ਜਿੱਧਰ ਮੂੰਹ ਹੋਯਾ ਓਧਰ ਖਾਨ ਨੱਠੇ
ਤਿੱਤਰ ਬਿਤਰ ਹੋ ਮੰਨੂੰ ਦਾ ਗਿਆ ਲਸ਼ਕਰ ਗਾਜ਼ੀ ਬਣ ਪਾਜ਼ੀ ਮੁਸਲਮਾਨ ਨੱਠੇ
ਫਤਹ ਪਾਈ ਮੈਦਾਨ ਦੁਰਾਨੀਆਂ ਨੇ ਸੂਬੇ ਪਾ ਕੇ ਭਾਰੇ ਨੁਕਸਾਨ ਨੱਠੇ
ਦੌੜ ਮੰਨੂੰ ਭੀ ਗਿਆ ਕਰਤਾਰ ਸਿੰਘਾ ਸਾਥੀ ਓਸਦੇ ਛੱਡ ਮੈਦਾਨ ਨੱਠੇ

ਸਿੰਘ

ਕੁਝ ਚਿਰ ਤਾਂ ਸਿੰਘ ਰਹੇ ਅੜੇ ਅਗੇ ਲੜ ਮੋਰਚਾ ਅਗ੍ਹਾਂ ਵਧਾਈ ਗਏ
ਪਰ ਜਦੋਂ ਸਾਥੀ ਭੁਰਲ ਹੋਏ ਡਿਠੇ ਤਦ ਸਿੰਘ ਭੀ ਕਰਕੇ ਧਾਈ ਗਏ
ਲੱਗਾ ਹਥ ਸਾਮਾਨ ਸੋ ਸਾਂਭ ਕਰਕੇ ਵਲ ਰਾਵੀ ਦੇ ਕਰ ਚੜ੍ਹਾਈ ਗਏ


'ਫਰਹਤ-ਉਲ-ਨਾਜ਼ਰੀਣ' ਦੇ ਲੇਖ 'ਅਹਿਵਾਲੇ ਅਦੀਨਾ ਬੇਗ' ਦੇ ਪੜ੍ਹਨ ਤੋਂ ਪਤਾ ਚਲਦਾ ਹੈ ਕਿ ਦੀਵਾਨ ਸਾਹਿਬ ਅਦੀਨਾ ਬੇਗ ਸੂਬਾ ਜਲੰਧਰ ਨੇ ਕਸੂਰੀ ਪਠਾਣ ਪਾਸੋਂ ਗੋਲੀ ਮਰਵਾਕੇ ਆਪਣਾ ਦੀਵਾਨ ਆਪ ਹੀ ਮਾਰ ਸੁਟਿਆ ਸੀ ।