ਪੰਨਾ:Johar khalsa.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੮)

ਜੌਹਰ ਖਾਲਸਾ


ਲੜੇ ਜੰਗ ਮੁਲਤਾਨ ਲਾਹੌਰ ਅੰਦਰ ਚੰਗੀ ਸੂਬੇ ਦੀ ਪੱਖ ਨਿਬਾਹੀ ਰੱਖੀ
ਸੂਬੇ ਰੱਖਣੀ ਕੀਹ ਸਫਾਈ ਹੈਸੀ ਕੌੜਾ ਮੱਲ ਨੇ ਮੇਲ ਮਿਲਾਈ ਰੱਖੀ
ਆਪੋ ਵਿਚ ਨ ਕੋਈ ਫਸਾਦ ਹੋਇਆ ਦੋਹਾਂ ਧਿਰਾਂ ਨੇ ਬੰਦ ਤਬਾਹੀ ਰੱਖੀ
ਕਾਜ਼ੀ ਮੁਲਾਂ ਰਹੇ ਭਾਵੇਂ ਵੱਟ ਖਾਂਦੇ ਪਰ ਵੈਰ ਦੀ ਅੱਗ ਦਬਾਈ ਰੱਖੀ
ਹੈਸੀ ਕੂੜੀ ਪ੍ਰੀਤ ਕਰਤਾਰ ਸਿੰਘਾ ਮੁਖ ਮਤਲਬ ਰੱਖ ਬਨਾਈ ਰੱਖੀ

ਤਥਾ

ਮੰਨੂੰ ਮੀਰ ਭੀ ਇਕ ਆਫਾਤ ਹੈਸੀ ਉਹ ਭੀ ਦਾਉ ਸੀ ਦਿਲੋਂ ਤਕਾ ਬੈਠਾ
ਸ਼ਾਹ ਨਿਵਾਜ਼ ਦੇ ਨਾਲ ਲੜਾਉਨ ਲਈ ਸਿੰਘਾਂ ਨਾਲ ਸੀ ਦੋਸਤੀ ਪਾ ਬੈਠਾ
ਦਿੱਲੀ ਕਾਬਲ ਨਾਲ ਵਿਗਾੜ ਪਾਯਾ ਧੜਾ ਸਿੰਘਾਂ ਦਾ ਭਾਰਾ ਬਣਾ ਬੈਠਾ
ਨਾਲ ਅਹਿਮਦ ਸ਼ਾਹ ਫਸਾਦ ਕਰਕੇ ਹੁਣ ਸੱਜਰੀ ਖੁੰਬ ਠਪਾ ਬੈਠਾ
ਭੁਲ ਗਈਆਂ ਉਡਾਰੀਆਂ ਸਾਰੀਆਂ ਜੀ ਘੁੱਗੀ ਵਾਂਗ ਸਭ ਖੰਭ ਖੁਹਾ ਬੈਠਾ
ਹੁਣ ਨੂੰ ਕਈ ਫਸਾਦ ਮਚਾਉਂਦਾ ਉਹ ਐਸੀ ਲੱਤ ਕੁਥਾਂ ਫਸਾ ਬੈਠਾ
ਏਸ ਲਈ ਸਿੰਘਾਂ ਨਾਲ ਮੇਲ ਝੂਠਾ ਚਾਰ ਦਿਨ ਸੀ ਮੰਨੂੰ ਵਧਾ ਬੈਠਾ
ਹੁਣ ਫੇਰ ਸੂਬੇਦਾਰੀ ਮਿਲੀ ਤਾਜ਼ੀ ਫਿਕਰ ਉਕੇ ਹੀ ਦਿਲੋਂ ਭੁਲਾ ਬੈਠਾ
ਭਾਵੇਂ ਰਿਹਾ ਪੱਲੇ ਵਿਚ ਕੁਝ ਨ ਸੀ ਪਰ ਖਾਂ ਸਾਹਿਬੀ ਜਤਲਾ ਬੈਠਾ
ਨੈਂ ਲੰਘ ਖਵਾਜੇ ਦੀ ਲੋੜ ਕਾਹਦੀ ਮੰਨੂੰ ਫੇਰ ਆ ਧੌਣ ਅਕੜਾ ਬੈਠਾ
ਕਾਜ਼ੀ ਮੁਲਾਂ ਆਕੇ ਫੇਰ ਗਰਮ ਹੋਏ ਜ਼ੁਲਮ ਕਹਿਰ ਸ਼ਤਰੰਜ ਵਿਛਾ ਬੈਠਾ
ਮਾਰੋ ਮਾਰ ਹੋਣ ਲਗੀ ਕਰਤਾਰ ਸਿੰਘਾ ਮੂੰਹ ਫੇਰ ਆਰਾਮ ਛੁਪਾ ਬੈਠਾ

ਮੁਲਾਂ ਤੇ ਕਾਜ਼ੀਆਂ ਨੇ ਮੰਨੂੰ ਨੂੰ ਭੜਕਾਣਾ

ਮੁਲਾਂ ਕਾਜ਼ੀਆਂ ਦਾ ਪਿਆ ਜ਼ੋਰ ਆਕੇ ਮੰਨੂੰ ਮੀਰ ਦੇ ਤਾਈਂ ਭੜਕਾਨ ਲੱਗੇ
ਭਾਰੀ ਰਖ ਕੇ ਮਜ਼ਹਬੀ ਖਾਰ ਅੰਦਰ ਮੁੜ ਫੇਰ ਫਸਾਦ ਹਿਲਾਨ ਲੱਗੇ
ਕੱਠੇ ਹੋ ਹੋਕੇ ਉਪਰ ਖਾਲਸੇ ਦੇ ਅਨਘੜਤ ਹੀ ਚੁਗਲੀਆਂ ਲਾਨ ਲੱਗੇ
ਇਹ ਕੌਮ ਹੈ ਦੀਨ ਦੀ ਖਰੀ ਵੈਰੀ ਕਈ ਬੀਤੀਆਂ ਗੱਲਾਂ ਸੁਣਾਨ ਲੱਗੇ
ਉਰੇ ਪਰਿਓਂ ਕਰਕੇ ਲੋਕ ਕੱਠੇ ਹਰ ਰੋਜ਼ ਸ਼ਿਕਾਇਤਾਂ ਕਰਾਨ ਲੱਗੇ
ਸਾਨੂੰ ਸਿੰਘਾਂ ਨੇ ਲੁਟਿਆ ਮਾਰਿਆ ਏ ਵੱਸਨ ਦੇਂਵਦੇ ਨਹੀਂ ਜਤਾਨ ਲੱਗੇ
ਕਈ ਖਾਨ ਅਮੀਰ ਭੀ ਪਾਸ ਬਹਿਕੇ ਦੁਖ ਆਪਣੇ ਫੋਲ ਫੁਲਾਨ ਲੱਗੇ
ਕੁਝ ਸੱਚੇ ਤੇ ਕੁਝ ਰਲਾ ਝੂਠੇ ਅਗ ਮਜ਼ਹਬੀ ਫੇਰ ਧੁਖਾਨ ਲੱਗੇ
ਜਿਵੇਂ ਸੂਬੇ ਨੂੰ ਸਿੰਘਾਂ ਤੇ ਚੜੇ ਗੁਸਾ ਘੜ ਘੜ ਉਹ ਲੂਤੀਆਂ ਲਾਨ ਲੱਗੇ