ਇਸ ਜੁੰਡਲੀ ਵਿੱਚੋਂ ਰੋਮਨ ਉਹ ਮਹਾਨ
ਬਾਕੀ ਸਾਰੇ ਹਸਦ ਦੇ ਮਾਰੇ
ਨਿਰਮਮ ਕਾਤਲ ਮਹਾਨ ਸੀਜ਼ਰ ਦੇ
ਪਰ ਇਹ ਇੱਕ ਇਕੱਲਾ ਹੀ ਸੀ
ਜਿਸ ਸਰਬੱਤ ਦਾ ਭਲਾ ਸੋਚਿਆ
ਨਾਲ ਈਮਾਨ ਹੱਥ ਮਿਲਾਇਆ
ਬੇਈਮਾਨ ਸਾਜ਼ਸ਼ੀਆਂ ਨਾਲ
ਦਰਅਸਲ ਸ਼ੇਕਸਪੀਅਰ ਆਪਣੇ ਕਿਰਦਾਰਾਂ ਦੀਆਂ ਇੰਨੀਆਂ ਪਰਤਾਂ ਦਿਖਾ ਦੇਂਦਾ ਹੈ ਕਿ ਉਹਨਾਂ ਨੂੰ ਚਿੱਟੇ ਜਾਂ ਕਾਲੇ ਦੇ ਰੂਪ ਵਿੱਚ ਦੇਖਣਾ ਮੁਸ਼ਕਿਲ ਹੋ ਜਾਂਦਾ ਹੈ।
ਇਸ ਨਾਟਕ ਵਿੱਚ ਭੀੜ ਜਾਂ ਹਜੂਮ ਦਾ ਬਹੁਤ ਖ਼ੂਬਸੂਰਤ ਚਰਿੱਤਰ ਪੇਸ਼ ਕੀਤਾ ਗਿਆ ਹੈ ਜੋ ਜ਼ਿੰਦਗੀ ਵੀ ਪੇਸ਼ ਕਰਦਾ ਹੈ ਅਤੇ ਉਸਦੇ ਅਰਥ ਵੀ। ਥੀਏਟਰ ਵਾਸਤੇ ਇਹੋ ਜਿਹੀ ਰਚਨਾ ਲਿਖਣਾ ਸੌਖਾ ਕੰਮ ਨਹੀਂ ਹੈ। ਨਾਟਕ ਨੂੰ ਖੋਲ੍ਹਣ ਵਾਲਾ ਪਹਿਲਾ ਦ੍ਰਿਸ਼ ਵੀ ਇਸ ਨੁਕਤੇ ਤੋਂ ਬੜਾ ਮਾਅਨੀ-ਖੋਜ਼ ਹੈ, ਜਿਸ ਵਿੱਚ ਨਿਮਨ ਵਰਗੀ ਮੋਚੀ ਅਤੇ ਤਰਖਾਣ ਦਾ ਸੁੰਦਰ ਚਿਹਰਾ-ਮੁਹਰਾ ਘੜਿਆ ਗਿਆ ਹੈ। ਹਿੰਸਾ ਦੇ ਮਾਹੌਲ ਵਿੱਚ ਸਿੰਨਾ ਨਾਂ ਦੇ ਕਵੀ ਨੂੰ ਇੱਕ ਹਜੂਮ ਸਿਰਫ਼ ਇਸ ਲਈ ਮਾਰ ਦੇਂਦਾ ਹੈ ਕਿ ਉਸਦਾ ਨਾਂ ਇੱਕ ਛੜਯੰਤਰੀ ਨਾਲ ਮਿਲਦਾ ਹੈ। ਇਹ ਤੱਥ ਸਾਡੇ ਸਮਾਇਕ ਭਾਰਤੀ ਸਮਾਜ ਵਾਸਤੇ ਬੜਾ ਮਹੱਤਵਪੂਰਨ ਹੈ, ਜਿੱਥੇ ਹਰ ਇੱਕਅੱਧ ਦਹਾਕੇ ਬਾਦ ਵਹਿਸ਼ੀ ਦੰਗੇ ਹੋ ਜਾਂਦੇ ਹਨ ਅਤੇ ਪਾਗਲਪਨ ਤਾਰੀ ਹੋ ਜਾਂਦਾ ਹੈ।
ਜੂਲੀਅਸ ਸੀਜ਼ਰ ਦੇ ਸੰਬੰਧ ਵਿੱਚ ਇੱਕ ਹੋਰ ਗੰਭੀਰ ਮਸਲਾ ਵੀ ਉਭਾਰਿਆ ਜਾਂਦਾ ਹੈ। ਬਾਰਬਰਾ ਪਾਰਕਰ ਨਾਂ ਦੀ ਸਮਾਲੋਚਕ ਦਾ ਵਿਸ਼ਵਾਸ ਹੈ ਕਿ ਇਹ ਰਚਨਾ ਨਾ ਕੇਵਲ ਪੁਰਸ਼ਾਂ ਦੇ ਸਮਲਿੰਗੀ ਸੰਬੰਧਾਂ ਵੱਲ ਇਸ਼ਾਰੇ ਕਰਦੀ ਹੈ ਬਲਕਿ ਸਮਲੈਂਗਿਕਤਾ ਇਸ ਦਾ ਇੱਕ ਅਨਿੱਖੜ ਥੀਮ ਹੈ। ਉਸ ਸਮੇਂ ਦੇ ਰੋਮਨ ਸਮਾਜ ਵਿੱਚ ਇਹ ਇੱਲਤ ਇੰਨੀ ਭਾਰੂ ਹੋ ਚੁੱਕੀ ਸੀ ਕਿ ਸਮਕਾਲੀ ਚਰਚ ਦੇ ਮੁਹਰੀ ਵੀ ਇਸ ਦੇ ਸ਼ਿਕਾਰ ਸਨ। ਪਾਰਕਰ ਅਨੁਸਾਰ ਬਰੂਟੱਸ ਅਤੇ ਉਸਦੇ ਸਾਥੀ ਛੜਯੰਤਰੀਆਂ ਦੇ ਸੰਬੰਧਾਂ ਵਿੱਚ ਸਮਲੈਂਗਿਕਤਾ ਦਾ ਦਖਲ ਸੀ ਅਤੇ ਸੀਜ਼ਰ ਦਾ
ਕਤਲ ਕਰਨ ਦਾ ਇੱਕ ਕਾਰਨ ਬਰੂਟੱਸ ਦੀ ਉਸਨੂੰ ਸਰੀਰਕ ਤੌਰ ਤੇ ਮਾਨਣ ਦੀ ਇੱਛਾ ਸੀ। ਇਸ ਸੰਬੰਧੀ ਐਨਟਨੀ ਦਾ ਇਹ ਸੰਵਾਦ ਬੜਾ ਗੁੱਝਾ ਹੈ:
ਜੀਹਨਾਂ ਬੰਦਿਆਂ ਕਾਰਾ ਕੀਤਾ
ਬੜੇ ਹੀ ਇੱਜ਼ਤਦਾਰ ਨੇ ਉਹ
ਕਿਹੜਾ ਨਿੱਜੀ ਰੰਜ ਉਹਨਾਂ ਨੂੰ
ਨਾਲ ਸੀ ਇਹਦੇ-ਮੈਂ ਨਾ ਜਾਣਾਂ
ਜਿਸ ਤੋਂ ਉਹ ਮਜਬੂਰ ਹੋਏ
ਤੇ ਕਰ ਦਿੱਤਾ ਇਹ ਕਾਲਾ ਕਾਰਾ
ਇਸ ਤਰ੍ਹਾਂ ਦੀਆਂ ਸੰਘਣੀਆਂ ਪਰਤਾਂ ਵਾਲੇ ਨਾਟਕ ਦਾ ਪੰਜਾਬੀ ਵਿੱਚ ਅਨੁਵਾਦ ਹੋਣਾ ਸ਼ੁਭ ਸ਼ਗਨ ਹੈ। ਭਾਵੇਂ ਇਸ ਨਾਟਕ ਦਾ ਪਹਿਲਾਂ ਵੀ ਇੱਕ ਅਨੁਵਾਦ ਦੋ ਤਿੰਨ ਸਾਲ ਪਹਿਲਾਂ ਪ੍ਰਕਾਸ਼ਿਤ ਹੋਇਆ ਹੈ, ਪਰ ਸੰਘਣੇ ਕਾਰਜ ਵਾਲੇ ਨਾਟਕਾਂ ਦੇ ਪੰਜਾਬੀ ਵਿੱਚ ਇੱਕ ਤੋਂ ਵਧੇਰੇ ਅਨੁਵਾਦ ਹੋਣੇ ਜ਼ਰੂਰੀ ਹਨ ਕਿਉਂਕਿ ਅਨੁਵਾਦ ਵੀ ਇੱਕ ਤਰ੍ਹਾਂ ਨਾਲ ਮੂਲ ਰਚਨਾ ਦੀ ਵਿਆਖਿਆ ਬਣ ਜਾਂਦੇ ਹਨ: ਉਨ੍ਹਾਂ ਹੀ ਅਰਥਾਂ ਵਿੱਚ ਜਿਨ੍ਹਾਂ ਵਿੱਚ ਨਾਟਕ ਦੀ ਸਮੀਖਿਆ ਜਾਂ