ਪੰਨਾ:Khapatvaad ate Vatavaran Da Nuksan.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧਰਤੀ ਦੇ ਕੁਦਰਤੀ ਵਸੀਲਿਆਂ ਦੀ ਅੰਧਾਧੁੰਦ ਵਰਤੋਂ ਦੇ ਸੰਬੰਧ ਵਿੱਚ ਦੂਸਰੀ ਗੱਲ ਇਹ ਹੈ ਕਿ ਇਹਨਾਂ ਨੂੰ ਧਰਤੀ ਵਿੱਚੋਂ ਕੱਢਣ ਜਾਂ ਧਰਤੀ 'ਤੇ ਪੈਦਾ ਕਰਨ ਦੇ ਕਾਰਜ ਨਾਲ ਵੱਡੀ ਪੱਧਰ ਉੱਤੇ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ। ਇਸ ਸੰਬੰਧ ਵਿੱਚ ਕੁਝ ਉਦਾਹਰਨਾਂ ਪੇਸ਼ ਹਨ। ਨਾਈਜੀਰੀਆ ਅਫਰੀਕਾ ਵਿੱਚ ਸਭ ਤੋਂ ਵੱਧ ਤੇਲ ਪੈਦਾ ਕਰਨ ਵਾਲਾ ਦੇਸ਼ ਹੈ ਅਤੇ ਦੁਨੀਆ ਵਿੱਚ ਤੇਲ ਪੈਦਾ ਕਰਨ ਵਾਲੇ ਦੇਸ਼ਾਂ ਵਿੱਚੋਂ ਇਹ ਗਿਆਂਰਵੇਂ ਨੰਬਰ ’ਤੇ ਆਉਂਦਾ ਹੈ। ਸੰਨ 2004 ਵਿੱਚ ਨਾਈਜ਼ੀਰੀਆ ਵਿੱਚ ਕਰੂਡ ਆਇਲ ਦਾ ਰੋਜ਼ਾਨਾ ਉਤਪਾਦਨ 25 ਲੱਖ ਬੈਰਲ ਸੀ। ਕਹਿੰਦੇ ਹਨ ਕਿ ਕਦੇ ਇੱਥੋਂ ਦਾ ਨਾਈਜਰ ਡੈਲਟਾ ਨਾਈਜੀਰੀਆ ਦਾ ਅਨਾਜ-ਭੰਡਾਰ ਹੁੰਦਾ ਸੀ। ਪਰ ਇਸ ਸਮੇਂ ਤੇਲ ਕੱਢਣ ਨਾਲ ਸੰਬੰਧਤ ਵੱਖ ਵੱਖ ਕਾਰਜਾਂ ਦੌਰਾਨ ਨਾਈਜਰ ਡੈਲਟਾ ਦੀ ਧਰਤੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਗੈਸ ਫਲੇਅਰਿੰਗ (ਤੇਲ ਕੱਢਦੇ ਸਮੇਂ ਅਣਚਾਹੀ/ਬੇਲੋੜੀ ਗੈਸ ਨੂੰ ਮਸ਼ਾਲ ਦੀ ਲਾਟ ਬਾਲ ਕੇ ਨਸ਼ਟ ਕਰਨ ਦਾ ਕਾਰਜ) ਕਾਰਨ ਸਲਫਰ ਡਾਇਔਕਸਾਈਡ, ਨਾਈਟਰੋਜਨ ਡਾਈਔਕਸਾਈਡ ਵਰਗੇ ਕਈ ਜ਼ਹਿਰੀਲੇ ਪਦਾਰਥਾਂ ਦਾ ਮਿਸ਼ਰਨ, ਬੈਨਜ਼ਾਪਾਈਰੀਨ ਅਤੇ ਡਾਇਔਕਸਾਈਨ ਵਰਗੇ ਕੈਂਸਰ ਲਾਉਣ ਵਾਲੇ ਪਦਾਰਥ ਅਤੇ ਬੈਨਜ਼ੀਨ, ਟੋਲੂਈਨ, ਹਾਈਡਰੋਜਨ ਸਲਫਲਾਈਡ ਵਰਗੇ ਅਣਬਲੇ ਤੇਲ ਦੇ ਤੱਤ ਵਾਤਾਵਰਨ ਵਿੱਚ ਛੱਡੇ ਜਾ ਰਹੇ ਹਨ। ਨਤੀਜੇ ਵਜੋਂ ਇਸ ਇਲਾਕੇ ਦੇ ਲੋਕਾਂ ਵਿੱਚ ਸਾਹ ਅਤੇ ਫੇਫੜਿਆਂ ਦੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੀ ਬਹੁਤਾਤ ਹੈ। ਇਸ ਦੇ ਨਾਲ ਹੀ ਵਾਤਾਵਰਨ ਵਿੱਚ ਛੱਡੀਆਂ ਗਈਆਂ ਸਲਫਰ ਡਾਈਔਕਸਾਈਡ ਅਤੇ ਨਾਈਟਰੋਜਨ ਔਕਸਾਈਡ ਗੈਸਾਂ ਕਾਰਨ ਇਸ ਇਲਾਕੇ ਨੂੰ ਤੇਜ਼ਾਬੀ ਮੀਂਹ (ਏਸਿਡ ਰੇਨ) ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੇਜ਼ਾਬੀ ਮੀਂਹ ਨੇ ਇਲਾਕੇ ਦੀਆਂ ਝੀਲਾਂ, ਨਦੀਆਂ ਅਤੇ ਨਾਲਿਆਂ ਵਿੱਚ ਤੇਜ਼ਾਬ ਘੋਲ ਦਿੱਤਾ ਹੈ ਅਤੇ ਉੱਥੋਂ ਦੀ ਬਨਸਪਤੀ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਇਲਾਕੇ ਦੀਆਂ ਇਮਾਰਤਾਂ ਦੀਆਂ ਛੱਤਾਂ ਹੌਲੀ ਹੌਲੀ ਤੇਜ਼ਾਬ ਨਾਲ ਖਾਧੀਆਂ ਜਾ ਰਹੀਆਂ ਹਨ। ਇਹ ਮੰਨਿਆ ਜਾਂਦਾ ਹੈ ਕਿ ਨਾਈਜਰ ਡੈਲਟਾ ਦਾ ਇਲਾਕਾ ਦੁਨੀਆ ਭਰ ਵਿੱਚ ਪੈਟਰੋਲ ਕਾਰਨ ਬੁਰੀ ਤਰ੍ਹਾਂ ਨੁਕਸਾਨੇ ਗਏ ਪੰਜ ਈਕੋਸਿਸਟਮਾਂ ਵਿੱਚੋਂ ਇਕ ਹੈ।[1] ਤੇਲ ਕੱਢਣ ਕਾਰਨ ਨਾਈਜੀਰੀਆ ਵਿੱਚ ਵਾਤਾਵਰਨ ਦਾ ਜੋ ਨੁਕਸਾਨ ਹੋ ਰਿਹਾ ਹੈ, ਉਸ ਦਾ ਅਸਰ ਸਿਰਫ ਨਾਈਜੀਰੀਆ ਦੇ ਲੋਕਾਂ ਤੱਕ ਸੀਮਤ ਨਹੀਂ ਸਗੋਂ ਸਾਰੀ ਦੁਨੀਆ ਦੇ ਲੋਕ ਇਸ ਦੀ ਮਾਰ ਹੇਠ ਹਨ। ਉਦਾਹਰਨ ਲਈ ਨਾਈਜੀਰੀਆ ਵਿੱਚ ਗੈਸ ਫਲੇਅਰਿੰਗ ਕਾਰਨ ਹਰ ਰੋਜ਼ 2.5 ਅਰਬ (ਬਿਲੀਅਨ) ਸਟੈਂਡਰਡ ਕਿਊਬਿਕ ਫੁੱਟ ਗੈਸ ਬਾਲੀ ਜਾ ਰਹੀ ਹੈ। ਇਸ ਦੇ ਨਤੀਜੇ ਵਜੋਂ ਵੱਡੀ ਮਾਤਰਾ ਵਿੱਚ ਗਰੀਨ ਹਾਊਸ ਗੈਸਾਂ ਵਾਤਾਵਰਨ ਵਿੱਚ ਛੱਡੀਆਂ ਜਾ


13

  1. Friends of the Earth Europe (2009). (p. 12).