ਪੰਨਾ:Khapatvaad ate Vatavaran Da Nuksan.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਕਮ, 48 ਖਰਬ (4.8 ਟ੍ਰਿਲੀਅਨ) ਡਾਲਰ ਦੇ ਬਰਾਬਰ ਸੀ। ਨਿੱਜੀ ਖਪਤ ਵਿੱਚ ਉਹ ਰਕਮ ਗਿਣੀ ਜਾਂਦੀ ਹੈ, ਜਿਹੜੀ ਘਰਾਂ ਦੀ ਪੱਧਰ ’ਤੇ ਵਸਤਾਂ ਅਤੇ ਸੇਵਾਵਾਂ ਦੀ ਖ੍ਰੀਦ ਲਈ ਖਰਚੀ ਜਾਂਦੀ ਹੈ। ਇਹਨਾਂ ਅੰਕੜਿਆਂ ਦਾ ਭਾਵ ਇਹ ਹੋਇਆ ਕਿ ਸੰਨ 1960 ਅਤੇ 2000 ਵਿਚਕਾਰ ਸੰਸਾਰ ਭਰ ਵਿੱਚ ਨਿੱਜੀ ਖਪਤ ਵਿੱਚ ਚਾਰ ਗੁਣਾਂ ਦਾ ਵਾਧਾ ਹੋਇਆ ਸੀ।[1]

ਜੇ ਅਸੀਂ ਪਿਛਲੇ 50-60 ਸਾਲਾਂ ਦੌਰਾਨ ਦੁਨੀਆ ਭਰ ਵਿੱਚ ਕਾਰਾਂ ਦੀ ਗਿਣਤੀ ਵਿੱਚ ਹੋਏ ਵਾਧੇ ਦੇ ਅੰਕੜੇ ਦੇਖੀਏ ਤਾਂ ਖਪਤਵਾਦੀ ਸਭਿਆਚਾਰ ਦੇ ਪਸਾਰ ਦੀ ਤਸਵੀਰ ਹੋਰ ਸਪਸ਼ਟ ਹੋ ਜਾਂਦੀ ਹੈ। ਸੰਨ 1950 ਵਿੱਚ ਅਮਰੀਕਾ ਵਿੱਚ ਰਜਿਸਟਰਡ ਕਾਰਾਂ ਦੀ ਗਿਣਤੀ 4 ਕ੍ਰੋੜ 90 ਲੱਖ (49 ਮਿਲੀਅਨ) ਸੀ। ਇਸ ਤੋਂ ਬਾਅਦ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ। ਸੰਨ 1960 ਵਿੱਚ ਅਮਰੀਕਾ ਵਿੱਚ ਰਜਿਸਟਰਡ ਕਾਰਾਂ ਦੀ ਗਿਣਤੀ 7 ਕ੍ਰੋੜ 40 ਲੱਖ (74 ਮਿਲੀਅਨ) ਦੇ ਨੇੜੇ ਸੀ ਜੋ ਕਿ ਸੰਨ 1970 ਵਿੱਚ 10 ਕ੍ਰੋੜ 80 ਲੱਖ (108 ਮਿਲੀਅਨ) ਹੋ ਗਈ ਅਤੇ ਸੰਨ 2000 ਵਿੱਚ ਇਹ ਗਿਣਤੀ 21 ਕ੍ਰੋੜ 30 ਲੱਖ 'ਤੇ ਪਹੁੰਚ ਗਈ।[2] ਇਕ ਹੋਰ ਰਿਪੋਰਟ ਅਨੁਸਾਰ ਸੰਨ 2003 ਵਿੱਚ ਅਮਰੀਕਾ ਵਿੱਚ ਪ੍ਰਾਈਵੇਟ ਕਾਰਾਂ ਦੀ ਗਿਣਤੀ ਲਾਇਸੰਸਸ਼ੁਦਾ ਡਰਾਈਵਰਾਂ ਦੀ ਗਿਣਤੀ ਨਾਲੋਂ ਜ਼ਿਆਦਾ ਸੀ।[3]

ਬੇਸ਼ੱਕ ਕੁਝ ਸਾਲ ਪਹਿਲਾਂ ਤੱਕ ਕਾਰਾਂ ਦੀ ਇਸ ਤਰ੍ਹਾਂ ਦੀ ਵਰਤੋਂ ਪੱਛਮ ਦੇ ਅਮੀਰ ਮੁਲਕਾਂ ਤੱਕ ਹੀ ਸੀਮਤ ਸੀ, ਪਰ ਹੁਣ ਕਾਰਾਂ ਦੀ ਗਿਣਤੀ ਵਿਕਾਸਸ਼ੀਲ ਦੇਸ਼ਾਂ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਉਦਾਹਰਨ ਲਈ 1990 ਵਿਆਂ ਦੇ ਅਖੀਰ ਵਿੱਚ ਚੀਨ ਵਿੱਚ 1000 ਲੋਕਾਂ ਮਗਰ 10 ਕਾਰਾਂ ਪਰ ਸੰਨ 2000 ਤੋਂ ਚੀਨ ਵਿੱਚ ਕਾਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੰਨ 2002 ਵਿੱਚ ਚੀਨ ਵਿੱਚ 1 ਕ੍ਰੋੜ ਕਾਰਾਂ ਸਨ। ਸੰਨ 2003 ਵਿੱਚ ਚੀਨ ਵਿੱਚ ਕਾਰਾਂ ਦੀ ਗਿਣਤੀ ਵਿੱਚ ਹਰ ਰੋਜ਼ 11000 ਕਾਰਾਂ ਦਾ ਵਾਧਾ ਹੋਇਆ ਸੀ।[4] ਇੰਟਰਨੈਸ਼ਨਲ ਐਨਰਜੀ ਏਜੰਸੀ ਦਾ ਅੰਦਾਜ਼ਾ ਹੈ ਕਿ 2005-2030 ਵਿਚਕਾਰ ਚੀਨ ਵਿੱਚ ਕਾਰਾਂ ਦੀ ਗਿਣਤੀ ਵਿੱਚ 7 ਗੁਣਾਂ ਦਾ ਵਾਧਾ ਹੋਵੇਗਾ ਅਤੇ ਕਾਰਾਂ ਅਤੇ ਟਰੱਕਾਂ ਦੀ ਕੁੱਲ ਗਿਣਤੀ 27 ਕ੍ਰੋੜ (270 ਮਿਲੀਅਨ) ਹੋ ਜਾਵੇਗੀ।[5]


6

  1. Gardner Gary, Assdourian Erik and Sarin Radhika (2004). (p. 5).
  2. Dauvergne, Peter (2008). (p. 38-39).
  3. Gardner Gary, Assdourian Erik and Sarin Radhika (2004).
  4. Gardner Gary, Assdourian Erik and Sarin Radhika (2004).
  5. Dauvergne, Peter (2008). (pp. 38-39).