ਪੰਨਾ:Macbeth Shakespeare in Punjabi by HS Gill.pdf/11

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸੀਨ-2


ਫੋਰੈਸ ਨੇੜੇ ਇੱਕ ਪੜਾਅ।

{ਅੰਦਰੋਂ 'ਖਬਰਦਾਰੀ' ਦੀ ਇਤਲਾਅ ਦੀ ਆਵਾਜ਼।
ਪ੍ਰਵੇਸ਼ ਮਹਾਰਾਜ ਡੰਕਣ, ਲੈਨੌਕਸ, ਸਹਾਇਕਾਂ ਅਤੇ ਚਾਕਰਾਂ ਨਾਲ; ਇੱਕ
ਲਹੂ-ਲਹਾਣ ਸੈਨਿਕ ਨੂੰ ਮਿਲਦੇ ਹਨ}

ਡੰਕਣ:ਕਿਹੜਾ ਹੈ ਇਹ ਲਹੂ-ਲਹਾਣ? ਦੇ ਸਕਦੈ ਇਤਲਾਅ ਆਪਣੀ;-
ਲਗਦੈ ਜਿਵੇਂ ਦਿੱਖ ਤੋਂ ਇਹਦੀ, ਤਾਜ਼ਾ ਅਤਿ ਖਬਰ ਲਿਆਇਐ:
ਕਿ ਕਿੱਥੋਂ ਤੀਕ ਬਗ਼ਾਵਤ ਪੁੱਜੀ।
ਮੈਲਕੌਲਮ:ਇਹ ਤਾਂ ਸਾਰਜੰਟ ਹੈ ਉਹੀ,
ਬੜੇ ਹੀ ਜੇਰੇ, ਜੋਸ਼ ਨਾਲ ਜਿਸ, ਲੜ ਬਚਾਇਆ ਕੈਦ ਤੋਂ ਮੈਨੂੰ।-
'ਜੀ ਆਇਆਂ ਨੂੰ' ਬਹਾਦੁਰ ਮਿੱਤਰ!
ਸ਼ਾਹ ਨੂੰ ਦੱਸ ਦੇ ਹਾਲਤ ਸਾਰੀ, ਓਸ ਲੜਾਈ ਵਾਲੀ,-
ਓਸ ਘੜੀ ਤੱਕ, ਜਦ ਤੂੰ ਰਣ ਨੂੰ ਛੱਡ ਕੇ ਆਇਆ।
ਸੈਨਿਕ:ਹਾਲਤ ਬੜੀ ਮਸ਼ਕੂਕ ਸੀ ਓਦੋਂ;
ਥੱਕੇ ਹਾਰੇ ਦੋ ਤੈਰਾਕ, ਇੱਕ ਦੂਜੇ ਨੂੰ ਜੱਫੇ ਪਾਵਣ, ਚੰਬੜੀਂ ਜਾਵਣ,
ਤੈਰਾਕੀ ਵਾਲੀ ਕਲਾ ਆਪਣੀ ਮੰਦੀ ਪਾਵਣ।
ਨਿਰਦਈ ਮੈਕਡੋਨਾਲਡ ਹੋਇਆ ਆਕੀ, ਆਕੀ ਹੋਣ ਦੇ ਲਾਇਕ ਹੈ ਬੱਸ-
ਕੁੱਲ ਦੁਸ਼ਟਤਾ ਪ੍ਰਕ੍ਰਿਤੀ ਦੀ- ਆਪੋ ਵਿੱਚ ਪਈ ਜ਼ਰਬਾਂ ਖਾਂਦੀ-
ਸਿਰ ਤੇ ਜੀਹਦੇ ਨਾਜ਼ਲ ਹੋਈ;
ਪੱਛਮੀ ਦੀਪਾਂ ਵੱਲੋਂ ਆਏ, ਸਹਾਇਕ ਉਹਦੇ ਬੇਸ਼ੁਮਾਰ,-
ਅਣਗਿਣਤ ਪਿਆਦੇ, ਸ਼ਾਹਸਵਾਰ;
'ਹੋਣੀ' ਦੀ ਮੁਸਕਾਣ ਵੀ ਏਦਾਂ ਦੇਵੇ ਥਾਪੀ, ਜਿਉਂ ਬਾਗ਼ੀ ਦੀ ਰੰਡੀ ਹੋਵੇ!
ਐਪਰ ਸਭ ਕਮਜ਼ੋਰ ਪਿਆ ਸੀ: ਸੂਰਾ ਪੂਰਾ ਮੈਕਬੈਥ ਜੋ ,
ਠੀਕ ਹੀ ਨਾਮ ਧਰਾਇਆ ਓਹਨੇ:-ਲਲਕਾਰ ਪਛਾੜਿਆ ਹੋਣੀ ਤਾਈਂ,
ਖੜਗ ਫੌਲਾਦੀ ਐਸੀ ਵਾਹੀ, ਐਸੇ ਐਸੇ ਕੀਤੇ ਕਾਰੇ:
ਖੱਪਰ ਲੱਥਣ, ਉੱਡਣ ਭਾਫਾਂ, ਲਹੂ ਤੇਜ਼ਾਬੀ ਧਰਤੀ ਸਾੜੇ;-
ਆਪ 'ਵੀਰਤਾ' ਘੱਲਿਆ ਨਾਇਕ, ਵੱਢ-ਕੱਟ ਉਹਨੇ ਰਾਹ ਬਣਾਇਆ,-
ਮਰਦੂਦ ਨਫਰ ਜਦ ਸਨਮੁਖ ਆਇਆ; ਤੇ ਫਿਰ ਹੱਥ ਮਿਲਾਇਆ ਨਾਂਹੀ,
ਨਾਂ ਕੋਈ ਅਲਵਿਦਾਆ ਹੀ ਆਖੀ,-
ਸਿਰ ਤੋਂ ਨਾਭੀ ਤੱਕ ਬੱਸ ਉਹਨੂੰ ਚੀਰ ਹੀ ਦਿੱਤਾ;

10