ਪੰਨਾ:Macbeth Shakespeare in Punjabi by HS Gill.pdf/13

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਬੜਾ ਪਤਵੰਤਾ, ਬੜਾ ਹੈ ਜੋਧਾ।
ਲੈਨੌਕਸ:ਕਿੰਨੀ ਕਾਹਲੀ ਪਈ ਹੈ ਇਹਨੂੰ, ਨਜ਼ਰ ਅੱਖਾਂ ਚੋਂ ਆਵੇ!
'ਦਿੱਖ' ਵੀ ਵੇਖੋ, ਲੱਗੇ ਅਜਨਬੀ, ਅਜਬ ਹੀ ਬਾਤਾਂ ਪਾਵੇ!

{ਪ੍ਰਵੇਸ਼ ਸਰਦਾਰ ਰੌਸ ਦਾ}

ਰੌਸ:ਸ਼ਾਹ ਸਲਾਮਤ, ਜ਼ਿੰਦਾਬਾਦ!
ਡੰਕਣ ਮਹਾਰਾਜ:ਕਿੱਧਰੋਂ ਆਇਐਂ ਬਹਾਦੁਰ ਸਰਦਾਰਾ?
ਰੌਸ:ਮਹਾਰਾਜ ਅਧਿਰਾਜ, ਫਾਈਫ ਤੋਂ ਆਇਆਂ;
ਪ੍ਰਚਮ ਜਿੱਥੇ ਨੌਰਵੇ ਵਾਲੇ, ਨੇਮ ਅੰਬਰ ਦੇ ਤੋੜੀਂ ਜਾਂਦੇ,
ਸਾਡੇ ਲੋਕਾਂ ਨੂੰ ਮਾਰ ਕੇ ਪੱਖਾ, ਲਹੂ ਰਗਾਂ ਵਿੱਚ ਠਾਰੀਂ ਜਾਂਦੇ।
ਟਿੱਡੀ ਦਲ ਲੈ ਚੜ੍ਹਿਆ ਨੌਰਵੇ, ਲੈ ਸਰਦਾਰ ਕਾਡਰ ਦਾ ਨਾਲੇ,-
ਆਕੀ ਮਹਾਨ, ਦੇਸ਼ ਧ੍ਰੋਹੀ, ਕੂੜ, ਕਮੀਨਾ, ਮੱਕਾਰ ਕਮਾਲੇ
ਵਿਸ਼ਵਾਸ ਘਾਤੀ, ਨਿਸ਼ਠਾਹੀਣ, ਮਹਾਂ ਵਿਦਰੋਹੀ,-
ਦੋਵਾਂ ਰਲ਼ ਉਤਪਾਤ ਮਚਾਇਆ;-
'ਰਣ-ਚੰਡੀ' ਫਿਰ ਘੱਲਿਆ ਸੂਰਾ, ਪਹਿਰਨ ਲੋਹ-ਸੰਜੋਆ ਪਾ ਕੇ,
ਜੀਹਨੇ ਜਾ ਫਿਰ ਆਢਾ ਲਾਇਆ:
ਵਾਰ ਦੇ ਬਦਲੇ ਵਾਰ ਮੋੜਿਆ, ਹੱਥ-ਪਲੱਥਾ ਪੂਰਾ ਕੀਤਾ;-
ਜੰਗ ਦੀ ਤੱਕੜੀ ਦੋਵੇਂ ਪੱਲੀਂ, ਪਾ ਕੇ ਖੁਦ ਨੂੰ ਨਾਲ ਓਸਦੇ,
ਡੰਡੀ ਐਸੀ ਕਰ ਤੀ ਸਿੱਧੀ : ਜੋਸ਼ ਨੂੰ ਉਹਦੇ ਕਰ ਤਾ ਠੰਡਾ;-
ਮੁੱਕੀ ਗੱਲ, ਬੱਸ ਜੰਗ ਜਿੱਤ ਲੀ।
ਮਹਾਰਾਜ ਡੰਕਣ:ਵਾਹਵਾ! ਲੱਖ ਖੁਸ਼ੀਆਂ ਪਾਤਸ਼ਾਹੀਆਂ !
ਰੌਸ:ਤੇ ਹੁਣ ਸ਼ਾਹ ਸਵੀਨੋ ਨੌਰਵੇ ਵਾਲਾ, ਕਰੇ ਗੁਜ਼ਾਰਸ਼ ਸੁਲਹ ਕਰਨ ਦੀ,
ਜੋ ਸਾਨੂੰ ਮਨਜ਼ੂਰ ਨਹੀਂ ਹੈ;
ਇੰਚਕੌਮ ਚਰਚ 'ਚ ਲਾਸ਼ਾਂ, ਦਫਨਾਉਣ ਅਸੀਂ ਨਹੀਂ ਦਿੰਦੇ,
ਮਹਾਰਾਜ ਡੰਕਣ:ਕਾਡਰ ਦੇ ਸਰਦਾਰ ਅਸਾਡੇ ਦਿਲੀ ਹਿਤਾਂ ਨੂੰ,
ਹੁਣ ਹੋਰ ਦਗ਼ਾ ਨਹੀਂ ਦੇਣਾ ਏਦਾਂ:-
ਜਾਓ, ਮੌਤ ਤੁਰੰਤ ਉਹਦੀ ਦਾ, ਆਮ ਐਲਾਨ ਕਰ ਦਿਓ ਜਾ ਕੇ,
ਤੇ ਪਦਵੀ, ਜਾਗੀਰ ਓਸ ਦੀ, ਮਹਾਨ ਮੈਕਬੈਥ ਦੀ ਝੋਲੀ ਪਾਓ।
ਰੌਸ:ਜੀ, ਹੁਕਮ ਸਰਕਾਰ!
ਮਹਾਰਾਜ ਡੰਕਣ:ਜੋ ਉਸ ਖੋਇਆ, ਸਾਊ ਮੈਕਬੈਥ ਨੇ ਹੈ ਪਾਇਆ।
{ਪ੍ਰਸਥਾਨ}

12