ਪੰਨਾ:Macbeth Shakespeare in Punjabi by HS Gill.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸਾਰੀਆਂ:'ਹੋਣੀ' ਜਾਈਓ ਡਾਕਣੀਓ, ਹੱਥ ਹੱਥਾਂ 'ਚ ਪਾਓ ਭੈਣੋ,
ਜਲ-ਥਲ ਸਾਰੇ ਫੇਰੀ ਪਾਈਏ, ਏਦਾਂ, ਓਦਾਂ ਚੱਕਰ ਲਾਈਏ,
ਤਿੰਨ ਤੇਰੇ ਵੱਲ, ਤਿੰਨ ਮੇਰੇ ਵੱਲ, ਤਿੰਨ ਦੁਬਾਰਾ ਨੌਂ ਤੱਕ ਗਿਣੀਏ:-
ਖਾਮੋਸ਼!-ਕਿ ਮੰਤਰ ਪੂਰਾ ਹੋਇਆ।
{ਪ੍ਰਵੇਸ਼ ਮੈਕਬੈਥ ਅਤੇ ਬੈਂਕੋ ਦਾ}
ਮੈਕਬੈਥ:ਏਨਾ ਚੰਗਾ, ਏਨਾ ਮੰਦਾ ਦਿਹੁੰ ਕਦੇ ਨੀਂ ਡਿੱਠਾ।
ਬੈਂਕੋ:ਕਿੰਨੀ ਦੂਰ ਹੈ ਫੌਰੈਸ ਏਥੋਂ?-ਪਰ ਆਹ ਕੌਣ ਨੇ,
ਸੁੱਕੀਆਂ, ਸੜੀਆਂ; ਪਹਿਰਨ ਪਹਿਨੇ ਜੰਗਲੀ ਏਨੇ:
ਏਸ ਦੁਨੀ ਦੀਆਂ ਨਹੀਂ ਇਹ ਵਾਸੀ; ਪਰ ਏਥੇ ਹੀ ਖੜੀਆਂ!
ਹੋਰ ਗ੍ਰਹਿ ਤੋਂ ਆਈਆਂ ਲੱਗਣ?
ਓ ਬੋਲੋ ! ਜੀਵਤ ਹੋ ਕਿ… ?
ਜਾਂ ਫਿਰ ਹੋਂ ਕੁੱਝ ਐਸੀ 'ਮਾਇਆ', ਪੁੱਛੇ ਬੰਦਾ ਜੀਹਦੇ ਬਾਰੇ?
ਲਗਦੈ ਗੱਲ ਸਮਝ ਲੀ ਮੇਰੀ , ਤਾਂ ਹੀ ਇੱਕ-ਦਮ ਹਰ ਇੱਕ ਨੇ,
ਸੁੱਕੀ, ਸੜੀ ਉਂਗਲ ਆਪਣੀ, ਰੱਖ ਲੀ ਫਟਿਆਂ ਬੁੱਲ੍ਹਾਂ ਉੱਤੇ:-
ਮੈਨੂੰ ਤਾਂ ਤੁਸੀਂ ਤੀਵੀਆਂ ਲੱਗੋਂ, ਦਾੜ੍ਹੀਆਂ ਉਲਟੀ ਦੇਣ ਗਵਾਹੀ:
ਸਾਬਤ ਕਰਨ ਕੁੱਝ ਹੋਰ ਤੁਹਾਨੂੰ।
ਮੈਕਬੈਥ:ਬੋਲੋ, ਜੇਕਰ ਜੀਭ ਮਿਲੀ ਹੈ:-ਕੌਣ ਤੁਸੀਂ ਹੋ?
ਪਹਿਲੀ ਚੁੜੇਲ:ਜ਼ਿੰਦਾਬਾਦ ਮੈਕਬੈਥ! ਜੈ ਹੋ ਤੇਰੀ, ਗਲਾਮਿਜ਼ ਦੇ ਸਰਦਾਰ!
ਦੂਜੀ ਚੁੜੇਲ:ਜ਼ਿੰਦਾਬਾਦ ਮੈਕਬੈਥ! ਜੈ ਹੋ ਤੇਰੀ, ਕਾਡਰ ਦੇ ਸਰਦਾਰ!
ਤੀਜੀ ਚੁੜੇਲ:ਜ਼ਿੰਦਾਬਾਦ ਮੈਕਬੈਥ! ਜੈ ਹੋ ਤੇਰੀ, ਜਿਸ ਤਖਤ ਬੈਠਣਾ,
ਤਾਜ ਪਹਿਨਣਾ!
ਬੈਂਕੋ:ਸਾਊ ਸਾਹਿਬ, ਇਹ ਤ੍ਰਭਕਣ, ਚੌਂਕਾਹਟ ਕੈਸੀ?
ਹਾਲਾਤ ਤਾਂ ਏਨੇ ਸੁਹਣੇ ਦਿੱਸਣ, ਡਰ ਕਿਉਂ ਤੁਹਾਨੂੰ ਲਗਦਾ ਜਾਪੇ?-
ਧਰਮ ਨਾਲ ਤੁਸੀਂ ਆਖੋ: ਕਿ ਨਹੀਂ ਸੁਪਨਿਆਂ ਦੇ ਵਣਜਾਰੇ,
ਜਾਂ ਫਿਰ ਅੰਦਰੋਂ ਬਾਹਰੋਂ ਇੱਕੋ, ਨਹੀਂ ਹੋ ਭੇਖਾਧਾਰੀ?-
"ਭਾਈਵਾਲ ਪਤਵੰਤੇ ਦੀ ਤੁਸੀਂ ਜੈ-ਜੈਕਾਰ ਬੜੀ ਹੈ ਕੀਤੀ,
ਵਰਤਮਾਨ ਦੀ ਮਿਹਰ-ਮਾਇਆ ਦਾ ਜ਼ਿਕਰ ਵੀ ਕੀਤੈ:-
ਭਵਿੱਖਬਾਣੀ ਵੀ ਉੱਤਮ ਕੀਤੀ:- ਸੁਖ-ਸਮ੍ਰਿਧੀ , ਮਰਾਤਬ ਮਿਲਨੇ,
ਤਖਤ-ਤਾਜ ਦੀ ਆਸ ਬੰਨ੍ਹਾਈ;-
ਸੁੰਦਰ ਸੁਪਨ 'ਚ ਖੜਾ ਹੈ ਖੋਇਆ, ਹੋਸ਼ ਨਹੀਂ ਹੈ ਕਾਈ:-
ਮੇਰੇ ਨਾਲ ਹੀ ਗੱਲ ਕਰੋ ਹੁਣ, ਬੀਜ ਸਮੇਂ ਦੇ ਜੇ ਪਹਿਚਾਣੋਂ,
ਦੱਸੋ ਜੇ ਦੱਸ ਸੱਕੋਂ:
ਕਿਹੜਾ ਅੰਕੁਰ ਕਦੋਂ ਫੁੱਟਣਾ, ਕਿਸ ਦਾਣੇ ਦੇ ਵਿੱਚੋਂ,

14