ਪੰਨਾ:Macbeth Shakespeare in Punjabi by HS Gill.pdf/16

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਤੇ ਕਿਹੜੇ ਦਾਣੇ ਫੋਕਾ ਜਾਣਾ? ਗੱਲ ਕਰੋ ਬੱਸ ਮੇਰੇ ਨਾਲ;
ਨਾਂ ਤਾਂ ਕੋਈ ਮੰਗ ਹੈ ਮੇਰੀ, ਨਾਂਹੀ ਭੈ ਕਿਸੇ ਦੀ ਮੰਨਾਂ
ਖੈਰਖਾਹੀ ਜਾਂ ਰੂ-ਰਿਆਇਤ ਕੁੱਝ ਨਾਂ ਤੁਹਾਤੋਂ ਚਾਹਾਂ,
ਬਿਨਾਂ ਕਿਸੇ ਨਫਰਤ ਤੋਂ ਦੱਸੋ ਜੋ ਭਵਿੱਖ 'ਚ ਪੱਲੇ ਪੈਣੈ"।
ਪਹਿਲੀ ਚੁੜੇਲ:'ਜੀ ਆਇਆਂ ਨੂੰ'!
ਦੂਜੀ ਚੁੜੇਲ:'ਜੀ ਆਇਆਂ ਨੂੰ'!
ਤੀਜੀ ਚੁੜੇਲ:'ਜੀ ਆਇਆਂ ਨੂ'!
ਪਹਿਲੀ ਚੁੜੇਲ:ਮੈਕਬੈਥ ਨਾਲੋਂ ਘੱਟ ਹੈਂ ਥੋੜਾ, ਪਰ ਹੈਂ ਮਹਾਨ।
ਦੂਜੀ ਚੁੜੇਲ:ਭਾਵੇਂ ਓਨਾਂ ਖੁਸ਼ ਨਹੀਂ ਹੈਂ, ਪਰ ਖੁਸ਼ ਬੜਾ ਹੈਂ।
ਤੀਜੀ ਚੁੜੇਲ:ਸ਼ਾਹ ਜਣੇਂਗਾ, ਪਰ ਆਪ ਕਦੇ ਨਹੀਂ ਬਣਨਾ ਸ਼ਾਹ
ਸੋ 'ਜੀ ਆਇਆਂ ਨੂੰ', ਮੈਕਬੈਥ ਅਤੇ ਬੈਂਕੋ! ਜੈ, ਦੋਵਾਂ ਦੀ।
ਪਹਿਲੀ ਚੁੜੇਲ:ਬੈਂਕੋ ਅਤੇ ਮੈਕਬੈਥ, 'ਜੀ ਆਇਆਂ ਨੂੰ'!
ਮੈਕਬੈਥ:ਠਹਿਰੋ ਜ਼ਰਾ ਅਪੂਰਨ ਵਕਤੇ, ਹੋਰ ਕੁੱਝ ਵੀ ਦੱਸੋ ਮੈਨੂੰ
ਸਿੰਨਲ ਦੀ ਮੌਤ ਬਣਾਇਆ ਮੈਨੂੰ ਗਲਾਮਿਜ਼ ਦਾ ਸਰਦਾਰ,-
ਏਨੀ ਗੱਲ ਤਾਂ ਮੈ ਜਾਣਦਾਂ; ਪਰ ਕਾਡਰ ਦੀ ਸਰਦਾਰੀ ਕਿੱਦਾਂ?
ਕਾਡਰ ਸਰਦਾਰ ਤਾਂ ਹਾਲੀਂ ਜਿਉਂਦੈ, ਧਨੀ ਬੜਾ ਸ਼ਰੀਫ ਹੈ ਬੰਦਾ;
ਤੇ ਤਖਤ ਨਸ਼ੀਨੀ?-
ਕਾਡਰ ਦੀ ਸਰਦਾਰੀ ਨਾਲੋਂ ਕਿਤੇ ਘੱਟ ਵਿਸ਼ਵਾਸ ਹੈ ਆਉਂਦਾ।
ਕੌਡੀ ਕਿੱਥੋਂ ਇਹ ਦੂਰ ਦੀ ਲੱਭੀ, ਦੱਸੋ ਮੈਨੂੰ ?
ਕਿਉਂ ਫਿਰ ਏਸ ਵੀਰਾਨੇ ਅੰਦਰ ਰੋਕਿਆ ਸਾਨੂੰ, ਸਲਾਮ ਕਹਿਣ ਨੂੰ,
ਅਜੀਬ-ਓ-ਗ਼ਰੀਬ ਭਵਿੱਖ ਕਹਿਣ ਨੂੰ?
ਬੋਲੋ, ਹੁਕਮ ਹੈ ਮੇਰਾ ਤੁਹਾਨੂੰ।
{ਚੁੜੇਲਾਂ ਅਲੋਪ ਹੋ ਜਾਂਦੀਆਂ ਹਨ}
ਬੈਂਕੋ:ਜਲ ਦੇ ਹੋਣ ਬੁਲਬੁਲੇ ਜਿੱਦਾਂ, ਥਲ ਦੇ ਆਪਣੇ ਹੋਣ ਬੁਲਬੁਲੇ;
ਇਹ ਵੀ ਹੈ ਸਨ ਉਹਨਾਂ ਵਿੱਚੋਂ-ਕਿੱਧਰ ਹੁਣ ਅਲੋਪ ਹੋ ਗੀਆਂ?
ਮੈਕਬੈਥ:ਵਿੱਚ ਹਵਾ ਅਲੋਪ ਹੋਗੀਆਂ;- ਸਰੀਰ ਠੋਸ ਜੋ ਦਿੱਸੇ ਸਾਨੂੰ,
ਖੁਰ ਗਏ ਵਾਂਗ ਪ੍ਰਾਣਾਂ, ਪੌਣ ਦੇ ਅੰਦਰ।-
ਕਾਸ਼! ਕਿ ਥੋੜਾ ਹੋਰ ਰੁਕਦੀਆਂ!
ਬੈਂਕੋ:ਸੱਚੀਂ ਸਨ ਉਹ ਸ਼ੈਆਂ ਏਥੇ, ਗੱਲ ਜਿਨ੍ਹਾਂ ਦੀ ਆਪਾਂ ਕਰਦੇ,
ਜਾਂ ਜੜ੍ਹ ਧਤੂਰਾ ਘੋਟ ਕੇ ਪੀਤੀ, ਤਰਕ ਨੂੰ ਜਿਹੜੀ ਜੰਦਰਾ ਮਾਰੇ?
ਮੈਕਬੈਥ:ਸ਼ਾਹ ਹੋਣਗੇ ਬੱਚੇ ਤੇਰੇ।
ਬੈਂਕੋ:ਤੇ ਤੂੰ ਆਪੂੰ ਸ਼ਾਹ ਹੋ ਜਾਣੈ।
ਮੈਕਬੈਥ:ਕਾਡਰ ਦਾ ਸਰਦਾਰ ਵੀ ਬਣਨੈ; ਗੱਲ ਨਹੀਂ ਸੀ ਏਦਾਂ ਤੁਰਦੀ?

15