ਪੰਨਾ:Macbeth Shakespeare in Punjabi by HS Gill.pdf/20

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਜੀਵਨ ਵਿੱਚ ਕੁੱਝ ਨਹੀਂ ਸੀ ਏਨਾ ਸੋਂਹਦਾ, ਸ਼ਾਨ ਜਿੰਨੀ ਸੀ ਮਰਨ 'ਚ ਉਹਦੇ;
ਏਦਾਂ ਮੋਇਆ ਮਰਦਾਂ ਵਾਂਗੂੰ, ਜਿਵੇਂ ਰੀਹਰਸਲ ਬੜੀ ਸੀ ਕੀਤੀ।
ਅਤਿ ਪਿਆਰੀ ਸ਼ੈਅ ਜਾਨ ਸੀ, ਇਉਂ ਵਗਾਹ ਕੇ ਮਾਰੀ
ਕਾਣੀ ਕੌਡੀ ਹੋਵੇ ਜਿੱਦਾਂ ਓਸ ਲਈ ਮਾਮੂਲੀ।
ਮਹਾਰਾਜ ਡੰਕਣ:ਕੋਈ ਐਸਾ ਇਲਮ ਨਹੀਂ ਹੈ, ਚਿਹਰਾ ਪੜ੍ਹ ਕੇ ਮਨ ਦੀ ਦੱਸੇ
ਸਾਊ, ਅਸੀਲ ਬੰਦਾ ਸੀ ਐਸਾ, ਪਰਮ ਵਿਸ਼ਵਾਸ ਸੀ ਮੇਰਾ ਉਸ ਤੇ।
{ਪ੍ਰਵੇਸ਼ ਮੈਕਬੈਥ, ਬੈਂਕੋ, ਰੌਸ, ਅਤੇ ਅੰਗਸ ਦਾ}
ਆਓ, ਅਤਿ ਸ੍ਰੇਸ਼ਟ, ਯੋਗ ਭਰਾਵਾ!
ਨਾਸ਼ੁਕਰੀ ਦਾ ਪਾਪ ਸੀ ਬੋਝਲ, ਹੁਣ ਥੀਂ ਦਿਲ ਤੇ ਮੇਰੇ:
ਲੰਘਿਆ ਸੀ ਤੂੰ ਏਨਾ ਮੂਹਰੇ, ਛੁਹ ਨਾਂਂ ਸਕੀ ਪੱਲਾ ਤੇਰਾ
ਹਵਾ ਵਾਂਗ ਇਨਾਮ-ਕਰਾਮ, ਅਤੇ ਤਲਾਫੀ ਫੌਰਨ ਘੱਲੀ।
ਘੱਟ ਦਾ ਵੀ ਹੱਕਦਾਰ ਜੇ ਹੁੰਦੋਂ, ਕਿੰਨਾ ਸ਼ੁਕਰ, ਖਜ਼ਾਨਾ ਕਿੰਨਾ,
ਇਹ ਅਨੁਪਾਤ ਤਾਂ ਮੇਰਾ ਈ ਹੁੰਦਾ!-
ਬੱਸ ਏਨਾ ਹੀ ਕਹਿਣਾ ਬਣਦੈ:-ਹੱਕ ਤੇਰਾ ਹੈ ਕਿਤੇ ਜ਼ਿਆਦਾ,
ਵੱਧ ਤੋਂ ਵੱਧ ਜੋ ਦੇ ਸਕਦਾ ਹਾਂ।
ਮੈਕਬੈਥ: ਖਿਦਮਤ ਸ਼ਾਹੀ , ਸੇਵਾ, ਬਦਲੇ ਜੋ ਇਵਜ਼ਾਨਾ ਮਿਲਦੈ,
ਹੱਕ ਅਦਾ ਕਰੀਂ ਉਹ ਜਾਂਦੈ।
ਮਹਾਰਾਜ ਅਧਿਰਾਜ ਦਾ ਕੰਮ ਹੈ:
ਫਰਜ਼-ਫਰਾਇਜ਼ ਬੱਸ ਅਸਾਡੇ, ਕਰਦੇ ਰਹਿਣ ਕਬੂਲ।-
ਫਰਜ਼-ਫਰਾਇਜ਼ ਬਣਦੇ ਸਾਡੇ, ਤਖਤ-ਤਾਜ, ਰਿਆਸਤ ਵੱਲੇ;
ਨੌਕਰ, ਚਾਕਰ, ਮੁਸਾਹਿਬ, ਬੱਚੇ, ਫਰਜ਼ ਨਿਭਾਵਣ ਏਹੋ ਸਾਰੇ;
ਪਤ ਸ਼ਾਹੀ ਤੇ ਮੋਹ ਦੀ ਖਾਤਰ, ਵਤਨਾਂ ਦੀ ਸੁਰੱਖਿਆ ਖਾਤਰ,
ਉਹ ਸਭ ਕਰ ਕੇ ਜੋ ਉਹਨਾਂ ਨੂੰ ਕਰਨਾ ਬਣਦੈ।
ਮਹਾਰਾਜ ਡੰਕਣ:ਜੀ ਆਇਆਂ ਨੂੰ! ਅੱਜ ਮੈਂ ਤੇਰਾ ਬੂਟਾ ਲਾ ਤਾ,
ਕਰੂੰ ਮਸ਼ੱਕਤ, ਲਾਊਂ ਪਾਣੀ, ਫਲ਼ ਵੀ ਪੱਕਾ ਲੱਗੂ ਤੈਨੂੰ।-
ਕੁਲੀਨ ਬੈਂਕੋ, ਤੇਰਾ ਹੱਕ ਵੀ ਘੱਟ ਨਹੀਂ ਹੈ,
ਨਾਂ ਫਿਰ ਲੱਗੇ ਦੁਨੀਆ ਤਾਈਂ, ਏਦੂੰ ਘੱਟ ਕਮਾਈ ਕੀਤੀ:-
ਆ ਤੈਨੂੰ ਮੈਂ ਜੱਫੀ ਪਾਵਾਂ, ਦਿਲ ਨਾਲ ਲਾ ਕੇ ਰੱਖਾਂ ਤੈਨੂੰ।
ਬੈਂਕੋ:ਜੇ ਜੜ੍ਹ ਲੱਗੇ ਮੇਰੀ ਐਸੀ ਥਾਂਵੇਂ, ਵਧਾਂ, ਫੁੱਲਾਂ ਤੇ ਫਲ਼ ਤੇ ਆਵਾਂ!
ਜੀਓ ਝਾੜ ਸਭ ਰਾਸ ਤਿਹਾਰੀ।
ਮਹਾਰਾਜ ਡੰਕਣ:ਖੁਸ਼ੀਆਂ ਅਤਿਅੰਤ ਭਰਪੂਰ ਮੇਰੀਆਂ,
ਚੰਚਲ, ਸ਼ੋਖ, ਸ਼ਰਾਰਤ ਭਰੀਆਂ, ਲੁੱਕਾ-ਛਿੱਪੀ ਖੇਡਦੀਆਂ ਨੇ
ਗ਼ਮ ਦੇ ਤਰਦੇ ਹੰਝੂਆਂ ਨਾਲ।

19