ਪੰਨਾ:Macbeth Shakespeare in Punjabi by HS Gill.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਆ ਨੀ, ਰਾਤ ਹਨੇਰੀ , ਕਾਲੀ-ਬੋਲੀ ,
ਕਾਲੇ ਭੂਰੇ ਧੂੰਏਂ ਵਾਲਾ ਤੱਪੜ ਪਹਿਰੀਂ ਆ ਜਾ-- ਛਾ ਜਾ,
ਨੇਰ੍ਹ ਦੇ ਡੂੰਘੇ ਸਾਗਰ ਅੰਦਰ ਡੋਬ ਦੇ ਧਰਤੀ !
ਤਿੱਖੀ ਨਜ਼ਰ ਖੰਜਰ ਦੀ ਮੇਰੇ, ਵੇਖ ਸੱਕੇ ਨਾਂ ਘਾਓ ਜੋ ਕੀਤਾ,
ਨਾਂ ਹੀ ਅੰਬਰ ਮਾਰੇ ਝਾਤੀ, ਕਾਲਖ ਦੇ ਕੰਬਲ ਨੂੰ ਫਾੜੇ:
ਤੇ ਫਿਰ ਕੂਕੇ ਆਪਮੁਹਾਰਾ, "ਰੁਕ ਜਾ, ਰੁਕ ਜਾ, ਰੁਕ ਜਾ।"
{ਪ੍ਰਵੇਸ਼ ਮੈਕਬੈਥ}

ਮਹਾਨ ਗਲਾਮਿਜ਼! ਸਨਮਾਨਿਤ ਕਾਡਰ!
ਦੋਵਾਂ ਨਾਲੋਂ ਕਿਤੇ ਮਹਾਨ! ਇਸ ਛਿਣ ਪਿੱਛੋਂ ਸਾਰਿਆਂ ਕਰਨੀ
ਸਦਾ ਹੀ ਤੇਰੀ ਜੈ ਜੈਕਾਰ!
ਤੇਰੇ ਖਤਾਂ ਨੇ ਚੁੱਕ ਪੁਚਾਇਐ, ਬੇਖਬਰ ਇਸ 'ਅੱਜ' ਦੇ ਪਾਰ,
ਮਹਿਸੂਸ ਕਰਾਂ ਮੈਂ ਹਥਲੇ ਛਿਣ ਵਿੱਚ, ਭਵਿੱਖ ਦਾ ਖੁੱਲ੍ਹਾ ਦੁਆਰ।
ਮੈਕਬੈਥ:ਪਰਮ ਪਿਆਰੀ ਮਹਿਬੂਬਾ ਮੇਰੀ, ਅੱਜ ਰਾਤੀਂ ਸ਼ਾਹ ਡੰਕਨ ਆਉਣੈ।
ਲੇਡੀ ਮੈਕਬੈਥ:ਤੇ ਫਿਰ ਕਦ ਉਸ ਵਾਪਸ ਜਾਣੈ?
ਮੈਕਬੈਥ:ਕੱਲ ਹੀ ਜਾਣ ਦੀ ਮਨਸ਼ਾ ਉਹਦੀ।
ਲੇਡੀ ਮੈਕਬੈਥ:
ਓ, ਕੱਲ ਦਾ ਸੂਰਜ ਕਦੇ ਨਹੀਂ ਚੜ੍ਹਨਾ!
ਚਿਹਰਾ ਤੇਰਾ ਮੇਰੇ ਸਰਦਾਰਾ, ਖੁੱਲ੍ਹੀ ਪੋਥੀ ਐਸੀ,
ਅਚਰਜ ਤੇਰੇ ਰਾਜ਼, ਮਾਮਲੇ, ਪੜ੍ਹ ਲੈਂਦਾ ਜੋ ਚਾਹੇ:-
ਸਮੇਂ ਨਾਲ ਜੇ ਫਰੇਬ ਕਮਾਈਏ, ਸਮੇਂ ਵਾਂਗ ਹੀ ਹੋ ਕੇ ਰਹੀਏ;
ਹੱਥ, ਨਜ਼ਰ, ਜ਼ੁਬਾਂ ਤਿੰਨੇ ਹੀ, 'ਜੀ ਆਇਆਂ ਨੂੰ ' ਆਖਣ ਕੱਠੇ:
ਦਿੱਖ ਫੁੱਲ ਮਾਸੂਮਾਂ ਜਿਹੀ, ਵਿੱਚੋਂ ਰਹੀਏ ਨਾਗ ਨਿਖੱਟੇ।
ਖਾਤਰ-ਸੇਵਾ ਕਰਨੀ ਪੈਣੀ, ਪ੍ਰਾਹੁਣਾ ਆਇਐ ਆਪਣੇ ਵਿਹੜੇ;
ਕਾਰਜ ਮਹਾਨ ਇਸ ਰਾਤ੍ਰੀ ਵਾਲਾ, ਤੁਸੀਂ ਲਾ ਦਿਓ ਮੇਰੇ ਜ਼ਿੰਮੇ;
ਦਿਨ-ਰੈਣ ਸਭ ਭਵਿੱਖ ਸਾਡੇ ਦੇ, ਰੌਸ਼ਨ ਇਹਨੇ ਕਰ ਨੇ ਦੇਣੇ
ਸੰਪੂਰਨ ਸੱਤਾ ਸੁਲਤਾਨੀ ਦੇਣੀ, ਮੁਲਕ-ਮਿਲਖ ਕੁੱਲ ਦੇਣੇ ਇਹਨੇ।
ਮੈਕਬੈਥ:ਅੱਛਾ, ਇਸ ਬਾਰੇ ਫਿਰ ਗੱਲ ਕਰਾਂਗੇ।
ਲੇਡੀ ਮੈਕਬੈਥ:ਬੱਸ ਨਿਰਭੈ, ਨਿਰਛਲ਼ ਰੱਖੋ ਚਿਹਰਾ;
ਕਰਮ ਤੇ ਕਿਰਪਾ ਸਜ਼ਾ ਹੋ ਜਾਂਦੇ, ਭੈ ਜੇ ਪੀਲ਼ਾ ਪਾਵੇ :
ਬਾਕੀ ਗੱਲ ਮੇਰੇ ਤੇ ਛੱਡੋ।
{ਪ੍ਰਸਥਾਨ}

23