ਪੰਨਾ:Macbeth Shakespeare in Punjabi by HS Gill.pdf/31

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸੇਵਾ-ਖਾਤਰ ਵਿੱਚ ਨਹੀਂ ਤਾਂ, ਘਾਟ ਨਹੀਂ ਸੀ ਬਿਲਕੁਲ ਰਹਿਣੀ ।
ਬੈਂਕੋ:ਸਭ ਕੁੱਝ ਠੀਕ ਠਾਕ ਹੋ ਗਿਐ-।
ਰਾਤੀਂ ਮੈਨੂੰ ਖਾਬ 'ਚ ਦਿੱਸੀਆਂ, ਤਿੰਨੇ ਭੈਣਾਂ ਉਹ ਚੁੜੇਲਾਂ:
ਜੀਵਨ ਦੇ ਇੱਕ 'ਸੱਚ' ਦੇ ਤੁਹਾਨੂੰ, ਜੀਹਨਾਂ ਦਰਸ ਕਰਾਏ।
ਮੈਕਬੈਥ:ਉਹਨਾਂ ਬਾਰੇ ਮੈਂ ਨਾਂ ਸੋਚਾਂ: ਫੁਰਸਤ ਵੇਲ਼ੇ ਫੇਰ ਕਦੀ ਪਰ,
ਇਸ ਬਾਰੇ ਕੋਈ ਗੱਲ ਕਰਾਂਗੇ, ਜੇ ਕੁੱਝ ਸਮਾਂ ਤੁਸਾਂ ਨੇ ਦਿੱਤਾ।
ਬੈਂਕੋ:ਹਾਜ਼ਰਿ-ਖਿਦਮਤ ਸਦਾ ਆਪਦੀ!
ਮੈਕਬੈਥ:ਬ-ਖੁਸ਼ੀ ਜੇ ਤੁਸੀਂ ਹਾਮੀ ਭਰ ਲੀ, ਮੰਨ ਲਈ ਜੇ ਮਰਜ਼ੀ ਮੇਰੀ ,
ਇੱਜ਼ਤ ਬਾਲਾ ਹੋ ਜੂ ਤੁਹਾਡੀ।
ਬੈਂਕੋ:ਕੀ ਘਟਣਾ ਹੈ ਮੇਰਾ ਫਿਰ ਤਾਂ, ਜੇ ਐਸਾ ਮੈਂ ਚਾਹਾਂ,
ਐਪਰ ਇਜ਼ੱਤ ਕਰਨ ਨੂੰ ਬਾਲਾ, ਸੋਚ-ਸਮਝ ਨਹੀਂ ਗਿਰਵੀ ਕਰਨੀ,
ਵਫਾਦਾਰੀ ਨੂੰ ਦਾਗ਼ ਨਹੀਂ ਲਾਉਣਾ, ਬਾਕੀ ਜੋ ਵੀ ਹੁਕਮ ਤੁਹਾਡਾ।
ਮੈਕਬੈਥ:ਚੰਗਾ ਫਿਰ ਆਰਾਮ ਕਰੋ; ਸ਼ੁਭ ਰਾਤ੍ਰੀ!
ਬੈਂਕੋ:ਸ਼ੁਕਰੀਆ, ਜੁਨਾਬ, ਸ਼ੁਭ ਰਾਤ੍ਰੀ!
{ਪ੍ਰਸਥਾਨ ਬੈਂਕੋ ਅਤੇ ਫਲੀਐਂਸ}

ਮੈਕਬੈਥ (ਨੌਕਰ ਨੂੰ):ਜਾਹ ਮਾਲਕਿਨ ਨੂੰ ਹੁਕਮ ਸੁਣਾ:
ਜਾਮ ਤਿਆਰ ਹੋਏ ਜਦ ਮੇਰਾ, ਟੱਲੀ ਮਾਰ ਬੁਲਾਵੈ ਮੈਨੂੰ।
ਇਸ ਉਪ੍ਰੰਤ ਤੂੰ ਜਾ ਕੇ ਮੱਲਾ, ਮੰਜੀ ਮੱਲ।
{ਨੌਕਰ ਜਾਂਦਾ ਹੈ}

ਆਹ ਭਲਾ ਕੀ ਖੰਜਰ ਹੈਸੀ, ਹੱਥ ਵੱਲ ਮੇਰੇ ਦਸਤਾ ਜੀਹਦਾ,-
ਸਾਹਵੇਂ ਨਜ਼ਰ ਜੋ ਆਈਂ ਜਾਂਦੈਂ?
ਆ ਖਾਂ ਤੈਨੂੰ ਕੱਸ ਕੇ ਫੜ ਲਾ, ਤੱਗੜੇ ਹੱਥ 'ਚ ਆਪਣੇ :
ਐਪਰ ਤੂੰ ਤਾਂ ਹੱਥ ਨਹੀਂ ਆਉਂਦਾ, ਭਾਵੇਂ ਦਿੱਸੀਂ ਜਾਨੈਂ-।
ਮਾਰੂ, ਓ ਖਿਆਲ ਦੀ ਮੂਰਤ ਬਿਲਕੁਲ ਸੁਪਨ ਜਿਹੀ,
ਨਜ਼ਰ ਨੂੰ ਜਿਉਂ ਅਹਿਸਾਸ ਹੈ ਤੇਰਾ, ਛੁਹ ਨੂੰ ਕਿਉਂ ਅਹਿਸਾਸ ਨਹੀਂ?
ਜਾਂ ਫਿਰ ਹੈਂ ਤੂੰ ਬਿਰਥਾ ਕੋਈ, ਮਨ ਮੇਰੇ ਦੀ ਕਲਪਿਤ ਸਿਰਜਣ,
ਦਗ਼ਦੇ ਜੋ ਦਿਮਾਗ਼ ਦੇ ਮੇਰੇ, ਭਖ-ਵਾਸ਼ਪਾਂ ਵਿੱਚੋਂ ਉਪਜੀ-?
ਜੋ ਵੀ ਹੈਂ ਤੂੰ ਨਜ਼ਰੀਂ ਆਉਨੈਂ, ਓਨਾਂ ਹੀ ਅਹਿਸਾਸ ਹੈ ਤੇਰਾ,
ਜਿੰਨਾਂ ਇਹਦਾ ਜਿਹੜਾ ਹੁਣ ਮੈਂ, ਮਿਆਨੋਂ ਸੱਚੀਂ ਸੂਤ ਰਿਹਾਂ-।
ਮੰਜ਼ਲ ਆਪਣੀ ਵੱਲ ਜਿਸ ਰਾਹੇ, ਮੈਂ ਤੁਰਿਆ ਸੀ ਜਾਂਦਾ,
ਉਤਵਲ ਮੈਨੂੰ ਲਈਂ ਜਾਨੈਂ, ਬਾਇੱਜ਼ਤ ਤੂੰ ਅਗਵਾਈ ਕਰਦੈਂ,

30