ਪੰਨਾ:Macbeth Shakespeare in Punjabi by HS Gill.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਇੱਕ ਦੂਜੇ ਨੂੰ ਉਨ੍ਹਾਂ ਜਗਾਇਆ, ਸੁਣਦਾ ਰਿਹਾ ਮੈਂ ਆਪ ਖਲੋਤਾ:
ਐਪਰ ਕਰ ਅਰਦਾਸ ਉਹ ਦੋਵੇਂ, ਮੁੜਕੇ ਸੌਣ ਤਿਆਰੀ ਲੱਗੇ-।
ਲੇਡੀ ਮੈਕਬੈਥ:ਉਹ ਦੋਵੇਂ ਜੋ ਕੱਠੇ ਸੁੱਤੇ।
ਮੈਕਬੈਥ:ਇੱਕ ਚਿੱਲਾਇਆ 'ਰੱਬ ਨਿਵਾਜੇ '! ਦੂਜੇ ਫਿਰ 'ਆਮੀਨ' ਆਖਿਆ;
ਵੇਖੇ ਉਹਨਾਂ ਹੱਥ ਜੱਲਾਦੀ ਮੇਰੇ, ਰੱਬ ਦੀ ਜਦ ਨਿਵਾਜ਼ਸ਼ ਮੰਗੀ
'ਆਮੀਨ' ਕਿਹਾ ਗਿਆ ਨਹੀਂ ਮੈਥੋਂ, ਸੁਣ ਸਹਿਮੀ ਆਵਾਜ਼ ਉਨ੍ਹਾਂ ਦੀ।
ਲੇਡੀ ਮੈਕਬੈਥ:ਏਨੀ ਫਿਕਰ ਕਰੋ ਨਾਂ ਇਹਦੀ।
ਮੈਕਬੈਥ:ਐਪਰ ਕਿਹੜੀ ਗੱਲੋਂ, 'ਆਮੀਨ' ਮੈਥੋਂ ਕਿਹਾ ਗਿਆ ਨਾਂ?
ਮੈਨੂੰ ਲੋੜ ਬੜੀ ਸੀ 'ਰਹਿਮਤ' ਵਾਲੀ, ਕਿਉਂ ਫਿਰ ਆਮੀਨ ਗਲ਼ 'ਚ ਫਸਿਆ?
ਲੇਡੀ ਮੈਕਬੈਥ:ਐਸੇ ਕਰਮ, ਤਰੀਕੇ ਐਸੇ, ਫਿਕਰ ਕਰਨ ਦਾ ਵਿਸ਼ਾ ਨਹੀਂ ਹੁੰਦੇ;
ਨਹੀਂ ਤਾਂ ਪਾਗਲ ਹੋ ਜੇ ਬੰਦਾ।
ਮੈਕਬੈਥ:ਮੈਨੂੰ ਲਗਦੈ ਆਵਾਜ਼ ਸੁਣੀ ਸੀ,-ਸੌਣਾ ਹੋਰ ਮਨਾਂ ਹੈ!-
ਮੈਕਬੈਥ ਨੇ ਕਤਲ ਨੀਂਦ ਦਾ ਕੀਤੈ,- ਮਾਸੂਮ ਨੀਂਦ ਦਾ:-
ਨੀਂਦ ਜੋ ਮੁੜ ਰਫੂ ਕਰ ਦੇਂਦੀ, ਆਸਤੀਨ ਫਿਕਰ ਦੀ ਫੀਤਾ ਫੀਤਾ,
ਹਰ ਦਿਨ ਦਾ ਜੋ ਅੰਤ ਹੈ ਹੁਮਦਿ, ਮੁਸ਼ੱਕਤ ਨੂੰ ਅਸ਼ਨਾਨ ਕਰਾਉਂਦੀ,
ਦੁਖੀ ਮਨਾਂ ਦੀ ਮਰਹਮ ਹੁਮਦਿ, ਪ੍ਰਕ੍ਰਿਤੀ ਦੇ ਭੋਜਨਾਲੇ ਦਾ ਦੋਮ ਪਰੋਸਾ,
ਜੀਵਨ ਦੀ ਜ਼ਿਆਫਤ ਅੰਦਰ, ਪਰਮ ਪੌਸ਼ਟਿਕ ਸ਼ਕਤੀ ਦਾਤਾ-।
ਲੇਡੀ ਮੈਕਬੈਥ:ਕੀ ਆਖਦੇ, ਮਤਲਬ ਕੀ ਏ?
ਮੈਕਬੈਥ:ਫਿਰ ਵੀ ਉਹਨੇ ਪੂਰੇ ਘਰ ਨੂੰ ਕੂਕ ਸੁਣਾਇਆ:-'ਹੋਰ ਨਹੀਂ ਹੁਣ ਸੌਣਾ'!
ਗਲਾਮਿਜ਼ ਨੇ ਨੀਂਦ ਮਾਰ ਤੀ : ਕਾਡਰ ਨੇ ਵੀ ਹੁਣ ਨਹੀਂ ਸੌਣਾ,-
ਮੈਕਬੈਥ ਨੇ ਵੀ ਹੁਣ ਨਹੀਂ ਸੌਣਾ !
ਲੇਡੀ ਮੈਕਬੈਥ:ਕੌਣ ਸੀ ਉਹ ਜੋ ਇਉਂ ਚੀਖਿਆ?
ਕਿਉਂ ਭਲਾ ਸਨਮਾਨਤ ਸਰਦਾਰਾ, ਜ਼ਿਹਨੀ ਕਿਸੇ ਬੀਮਾਰ ਵਾਂਗਰਾਂ,
ਬੇਮਾਅਨੀ ਗੱਲਾਂ ਸੋਚ ਸਾਚ ਕੇ, ਉਤੱਮ ਆਪਣੀ ਸ਼ਕਤੀ ਤਾਈਂ
ਢਿੱਲੀ ਛੱਡ ਕਮਜ਼ੋਰ ਬਣਾਉਨੇਂ?-ਜਾਹ ਕਿਧਰੋਂ ਕੁੱਝ ਪਾਣੀ ਲੈ ਕੇ
ਗੰਦੀ ਇਹ ਗਵਾਹੀ ਧੋ ਦੇ, ਹੱਥ ਆਪਣੇ ਤੂੰ ਨਿਰਮਲ ਕਰ ਲੈ।-
ਆਹ ਖੰਜਰ ਕਿਉਂ ਨਾਲ ਲਿਆਇਐਂ? ਉਥੇ ਹੀ ਛੱਡਣੇ ਸੀ ਇਹੇ:
ਜਾਹ ਹੁਣ ਲੈ ਜਾ ਇਹ ਵੀ ਨਾਲੇ; ਸੁੱਤੇ ਚੌਕੀਦਾਰਾਂ ਨੂੰ ਜਾਹ ਰੱਤ ਲਬੇੜ।
ਮੈਕਬੈਥ:ਹੁਣ ਤਾਂ ਮੈਂ ਨਹੀਂ ਜਾਣਾ ਉਥੇ:-
ਇਸ ਕਾਰੇ ਨੂੰ ਸੋਚ ਕੇ ਹੀ ਹੁਣ ਤਾਂ ਡਰ ਪਿਆ ਆਉਂਦੈ
ਫੇਰ ਨਜ਼ਰ ਭਰ ਵੇਖਾਂ ਇਹਨੂੰ, ਏਡਾ ਜਿਗਰ ਹੈ ਨਹੀਂ ਮੇਰਾ।
ਲੇਡੀ ਮੈਕਬੈਥ:ਅਜ਼ਮ, ਇਰਾਦੇ ਦਾ ਹੈਂ ਕੱਚਾ-!
ਲਿਆ ਫੜਾ ਇਹ ਖੰਜਰ ਮੈਨੂੰ: ਸੁੱਤੇ, ਮੋਏ, ਇੱਕ ਬਰਾਬਰ ਮੂਰਤਾਂ ਵਰਗੇ:

33