ਪੰਨਾ:Macbeth Shakespeare in Punjabi by HS Gill.pdf/37

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਦਰਬਾਨ:ਸਾਹਿਬ, ਨਾਲ ਈਮਾਨ ਕਹਾਂ ਮੈਂ, ਪੀਂਦਿਆਂ ਪੀਂਦਿਆਂ ਮੁਰਗ਼ ਬੋਲਿਆ:
ਸਾਹਿਬ ਤੁਸੀਂ ਤਾਂ ਆਪ ਸਿਆਣੇ, ਦਾਰੂ ਤਿੰਨ ਚੀਜ਼ਾਂ ਨੂੰ ਬੜਾ ਉਕਸਾਉਂਦੀ।
ਮੈਕਡਫ:ਕਿਹੜੀਆਂ ਖਾਸ ਨੇ ਤਿੰਨੇ ਚੀਜ਼ਾਂ, ਦਾਰੂ ਜੀਹਨਾਂ ਇਉਂ ਭੜਕਾਉਂਦੀ?
ਦਰਬਾਨ:ਨੱਕ ਦੀ ਲਾਲੀ , ਨੀਂਦ ਪਿਆਰੀ , ਬਾਰ ਬਾਰ ਪੇਸ਼ਾਬ , ਜੁਨਾਬ।
ਕਾਮਫੂਸ 'ਚ ਸੁੱਟੇ ਤੀਲੀ, ਪਰ ਛੇਤੀ ਹੀ ਛਿੜਕੇ ਆਬ;
ਲਾ ਚੁਆਤੀ ਸ਼ਹਿਵਤ ਵਾਲੀ, ਸ਼ੀਘਰ ਪਤਨ ਦਾ ਹੱਲਾ ਕਰਦੀ ,
ਥੰਮ੍ਹੀ ਖਿੱਚ ਮਰਦਮੀ ਵਾਲੀ, ਥੋਥਾ ਟਾਂਡਾ ਮਰਦ ਦਾ ਕਰਦੀ :
'ਦਾਰੂ, ਕਾਮ' ਦੇ ਵਾਕਅੰਸ਼ ਹੀ, ਸਾਹਿਬ ! ਹਨ ਦੋ-ਅਰਥੇ:-
(ਪਾਣੀ ਵਾਂਗੂੰ ਸਤਾਅ ਬਰਾਬਰ, ਊਂਚ, ਨੀਚ ਨਹੀਂ ਕਰਦੇ)
ਏਹੋ ਇਹਨੂੰ ਹਯਾਤ ਬਖਸ਼ਦੀ, ਅਧਵਾਟੇ ਫਿਰ ਏਹੋ ਮਾਰੇ;
ਫੌਰਨ ਕੱਸੇ ਸਰੀਰ ਏਸਦਾ, ਫੌਰਨ ਢਿੱਲਿਆਂ ਕਰਦੀ ;
ਦੇਹ ਤਰਗ਼ੀਬ ਤਿਆਰ ਵੀ ਕਰਦੀ, ਦਿਲ ਵੀ ਛੋਟਾ ਕਰਦੀ;
ਸਾਵਧਾਨ ਕਹਿ ਖੜਾ ਕਰੇ, ਵਿਸ਼ਰਾਮ ਵੀ ਝਬਦੇ ਕਰਦੀ :
ਮੁਕਦੀ ਗੱਲ 'ਨੀਂਦ' ਵਿੱਚ ਵੀ, ਦੋ-ਅਰਥੀ ਹੀ ਗੱਲ ਇਹ ਕਰਦੀ :
ਲੰਮਾ ਪਿਆ ਛੱਡ ਕੇ ਪਿੱਛੇ, ਕੋਰਾ ਝੂਠਾ ਬੰਦਾ ਕਰਦੀ ।
ਮੈਕਡਫ:ਤਾਂ ਤੇ ਫਿਰ ਯਕੀਨ ਏ ਮੈਨੂੰ, ਇਸ ਦਾਰੂ ਨੇ ਰਾਤੀਂ ਤੈਨੂੰ,
ਆਪਾ ਵਿਸਰਾਇਆ, ਲੰਮਾ ਪਾਇਆ।
ਦਰਬਾਨ:ਜੀ , ਜੁਨਾਬ, ਇੰਝ ਹੀ ਕੀਤਾ ਇਹਨੇ, ਗਲ਼ ਤੋਂ ਮੈਨੂੰ ਕਾਬੂ ਕੀਤਾ;
ਐਪਰ ਮੈਂ ਵੀ ਘੱਟ ਨਹੀਂ ਸੀ, ਮੁੜਵਾਂ ਵਾਰ 'ਝੂਠ' ਤੇ ਕੀਤਾ;
ਖਿਆਲ 'ਚ ਮੇਰੇ ਮੈਂ ਤੱਗੜਾ ਸੀ, ਕਿਤੇ ਜ਼ਿਆਦਾ ਇਹਦੇ ਨਾਲੋਂ,
ਪੈਰੋਂ ਇਹਨੇ ਕੱਢ ਲਿਆ ਪਰ, ਬਦਲ ਪੈਂਤਰਾ ਮੈਂ ਡਟਿਆ ਸੀ,
ਲਾਹ ਸੁੱਟਣ ਨੂੰ ਇਹਨੂੰ ।
ਮੈਕਡਫ:ਮਾਲਿਕ ਤੇਰੇ ਉੱਠ ਖਲੋਤੇ?-
ਸਾਡੀ ਦਸਤਕ ਆਣ ਜਗਾਇਐ, ਆਉਂਦੇ ਨੇ ਉਹ ਸਾਹਵੇਂ।
{ਪ੍ਰਵੇਸ਼ ਮੈਕਬੈਥ}

ਲੈਨੌਕਸ:ਸ਼ੁਭ ਪ੍ਰਭਾਤ, ਸਾਊ ਸਰਕਾਰ!
ਮੈਕਬੈਥ:ਦੋਵਾਂ ਨੂੰ ਹੀ ਸ਼ੁਭ ਪ੍ਰਭਾਤ!
ਮੈਕਡਫ:ਮਹਾਰਾਜ ਜਾਗ ਪਏ, ਸਨਮਾਨਿਤ ਸਰਦਾਰ?
ਮੈਕਬੈਥ:ਅਜੇ ਨਹੀਂ।
ਮੈਕਡਫ:ਹੁਕਮ ਸੀ ਮੈਨੂੰ, ਵੇਲ਼ੇ ਸਿਰ ਆਵਾਂ, ਘੜੀ ਕੁ ਲਗਭਗ ਮੈਂ ਪਛੜਿਆਂ।
ਮੈਕਬੈਥ:ਆਓ, ਮੈਂ ਲੈ ਚਲਦਾਂ ਤੁਹਾਨੂੰ।
ਮੈਕਡਫ:ਜ਼ਹਿਮਤ ਮੁਆਫ; ਦਿੱਤੀ ਤਕਲੀਫ ਤੁਹਾਨੂੰ।

36