ਪੰਨਾ:Macbeth Shakespeare in Punjabi by HS Gill.pdf/40

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਜੀਵਨ-ਮਦਰਾ ਮੁੱਕੀ ਸਾਰੀ , ਸ਼ਰਾਬਖਾਨੇ ਦੀ ਸ਼ੇਖੀ ਜੋਗੀ ,
ਬੱਸ ਥੱਲੇ ਦੀ ਤਲਛਟ ਰਹਿ ਗੀ।
{ਮੈਲਕੌਲਮ ਅਤੇ ਡੋਨਲਬੇਨ ਦਾ ਪ੍ਰਵੇਸ਼}

ਡੋਨਲਬੇਨ:ਕੀ ਹੋ ਗਿਆ?
ਮੈਕਬੈਥ:ਤਾਂ ਤੇ ਤੈਨੂੰ ਪਤਾ ਨਹੀਂ ਹੈ!
ਉਹ ਝਰਨਾ ਜੋ ਸਿਰ ਸੀ ਤੇਰਾ, ਲਹੂ ਤੇਰੇ ਦਾ ਸੋਮਾ ਹੈਸੀ :
ਬੰਦ ਹੋ ਗਿਆ; ਧੁਰੋਂ ਸਮਝ, ਸਰੋਤ ਏਸ ਦਾ ਠੱਪ ਹੋ ਗਿਆ।
ਮੈਕਡਫ:ਪਿਤਾ ਮਹਾਰਾਜ ਤੁਹਾਡੇ ਦਾ ਅੱਜ ਕਤਲ ਹੋ ਗਿਆ।
ਮੇਲਕੌਲਮ:ਓ, ਇਹ ਕਿਸ ਕੀਤਾ?
ਲੈਨੌਕਸ:ਲਗਦੈ ਉਹਦੇ ਕਮਰੇ ਵਾਲਿਆਂ ਕੀਤਾ:
ਮੂੰਹ, ਸਿਰ, ਹੱਥ ਉਨ੍ਹਾਂ ਦੇ ਸਾਰੇ, ਲਹੂ 'ਚ ਲਥਪਥ ਹੋਏ ਪਏ ਸੀ ;
ਖੰਜਰ ਵੀ ਸਨ ਰੱਤ ਦੇ ਭਿੱਜੇ, ਅਣਪੂੰਝੇ ਮਿਲੇ ਸਰ੍ਹਾਣਿਆਂ ਉੱਤੇ:
ਅੱਖਾਂ ਟੱਡੀਂ ਵੇਖ ਰਹੇ ਸੀ ਪਾਗਲਾਂ ਵਾਂਗੂੰ;
ਭਰੋਸਾ ਨਹੀਂ ਸੀ ਕਿਸੇ ਜੀਵਨ ਦਾ, ਅਜਿਹੇ ਦੁਸ਼ਟਾਂ ਲਾਗੇ।
ਮੈਕਬੈਥ:ਹਾਏ, ਹੁਣ ਪਛਤਾਵਾ ਹੁੰਦੈ, ਹੜ੍ਹ ਗ਼ੁੱਸੇ ਦਾ ਕਾਹਨੂੰ ਆਇਆ,
ਤੈਸ਼ ਤੂਫਾਨੀ ਅੰਦਰ ਕਿਉਂ ਮੈਂ, ਇਉਂ ਦੁਸ਼ਟਾਂ ਨੂੰ ਮਾਰ ਮੁਕਾਇਆ।
ਮੈਕਡਫ:ਇਹ ਕਿਉਂ ਕੀਤਾ?
ਮੈਕਬੈਥ:ਹੈ ਕੋਈ ਐਸਾ? ਇੱਕੋ ਵੇਲ਼ੇ, ਹੈਰਾਨ, ਸਿਆਣਾ, ਧੀਰ ਵੀ ਹੋਵੇ,
ਵਫਾਦਾਰ, ਸਮਪੱਖੀ ਵੀ , ਤੈਸ਼ 'ਚ ਅੰਨ੍ਹਾ ਵੀਰ ਵੀ ਹੋਵੇ।
ਐਸਾ ਤਾਂ ਕੋਈ ਹੋ ਨਹੀਂ ਸਕਦਾ :
ਪ੍ਰਚੰਡ ਪਿਆਰ ਮੇਰੇ ਦੀ ਤੇਜ਼ ਤੱਰਾਰੀ, ਤਰਕ-ਰੋਕ ਨੂੰ ਕਰ ਗਈ ਲਾਂਭੇ।
ਡੰਕਨ ਮਿਰਤ ਪਿਆ ਸੀ ਓਥੇ:
ਚਾਂਦੀ-ਰੰਗੀ ਚਮੜੀ ਉਹਦੀ, ਸੁਨਹਿਰੀ ਲਹੂ ਦੀ ਝਾਲਰ ਵਾਲੀ ;
ਖੁੱਲ੍ਹੇ ਮੂੰਹ ਫੱਟਾਂ ਦੇ ਉਹਦੇ, ਪ੍ਰਕ੍ਰਿਤੀ ਵਿੱਚ ਪੈ ਗੇ ਪਾੜੇ:
ਜਿਉਂ ਤਬਾਹਕੁਨ ਬਰਬਾਦੀ ਵਾਲੇ, ਕੱਢੇ ਹੋਣ ਦਰਵਾਜ਼ੇ:
ਆਪਣੇ ਕਾਰੇ ਦੇ ਰੰਗ ਰੰਗੇ, ਖੰਜਰ ਗੁਸਤਾਖ ਰੱਤ ਦੇ ਭਿੱਜੇ,
ਕਾਤਲਾਂ ਕੋਲ ਪਏ ਸੀ ਓਥੇ:
ਫੇਰ ਭਲਾ ਰੁਕ ਸਕਦਾ ਕਿੱਦਾਂ, ਪਰੇਮੀ ਦਿਲ ਕੋਈ ਜੇਰੇ ਵਾਲਾ,
ਜੁਰਅਤ ਜੋ ਕਰ ਸਕਦਾ ਹੋਵੇ, ਪਿਆਰ ਵਖਾਵਣ ਵਾਲੀ ?
ਲੇਡੀ ਮੈਕਬੈਥ:ਮੈਨੂੰ ਕੋਈ ਲੈ ਚੱਲੋ ਏਥੋਂ, ਹੋ!
ਮੈਕਡਫ:ਜਾਓ, ਸੰਭਾਲੋ ਬੇਗਮ ਤਾਈਂ।
ਮੈਲਕੌਲਮ:ਸਾਡੇ ਮੂੰਹ ਭਲਾ ਕਿਉਂ ਬੰਦ, ਦਲੀਲਾਂ ਸਾਡੀਆਂ ਵਰਤਣ ਇਹੇ?

39