ਪੰਨਾ:Macbeth Shakespeare in Punjabi by HS Gill.pdf/6

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੋ ਸ਼ਬਦ

ਇੱਕ ਭਾਸ਼ਾ ਦੇ ਕਿਸੇ ਸ਼ਾਹਕਾਰ ਦਾ ਦੂਜੀ ਜ਼ੁਬਾਨ ਵਿੱਚ ਅਨੁਵਾਦ ਇੱਕ ਬੜੀ ਵੱਡੀ ਚੁਣੌਤੀ ਹੁੰਦਾ ਹੈ। ਭਾਸ਼ਾਵਾਂ ਦੇ ਆਪਣੇ ਵਿਲੱਖਣ ਸੁਭਾਅ ਹੁੰਦੇ ਹਨ, ਵਿਲੱਖਣ ਰੰਗ ਅਤੇ ਵਿਲੱਖਣ ਰੂਪ ਹੁੰਦੇ ਹਨ। ਆਤਮਾਵਾਂ ਭਾਵੇਂ ਇੱਕ ਹੁੰਦੀਆਂ ਹਨ, ਪਰ ਸ਼ਰੀਰ ਤਾਂ ਭਿੰਨ ਹੁੰਦੇ ਹਨ, ਅਤੇ ਉਨ੍ਹਾਂ ਦੇ ਵਕਰ, ਝੁਕਾ ਅਤੇ ਪ੍ਰਵਿਰਤੀਆਂ ਮੂਲੋਂ ਹੀ ਭਿੰਨ ਹੁੰਦੀਆਂ ਹਨ।ਹਰ ਭਾਸ਼ਾ ਦਾ ਮੁਹਾਵਰਾ ਆਪਣਾ ਵਿਸ਼ੇਸ਼ ਮੁਹਾਵਰਾ ਹੁੰਦਾ ਹੈ ਜਿਸ ਵਿੱਚ ਬੁਹਤ ਸਾਰੀਆਂ ਨਾਕਾਬਲੇ ਅਨੁਵਾਦ ਲੈ-ਮਈ ਨਫਾਸਤਾਂ ਅਤੇ ਬਾਰੀਕੀਆਂ ਹੁੰਦੀਆਂ ਹਨ, ਜਿਨ੍ਹਾਂ ਤੇ ਸਹਿਜੇ ਹੀ ਅਬੂਰ ਪਾ ਲੈਣਾ ਮੁਸ਼ਕਲ ਹੀ ਨਹੀਂ ਸਗੋਂ ਕਈ ਵਾਰ ਨਾਮੁਮਕਿਨ ਵੀ ਹੁੰਦਾ ਹੈ। ਸ਼ੇਕਸਪੀਅਰ ਦਾ ਅਨੁਵਾਦ ਤੇ ਉਹ ਵੀ ਪੰਜਾਬੀ ਵਿੱਚ, ਕੁੱਝ ਇਸੇ ਤਰਾਂ ਦੀ ਨਾਮੁਮਕਿਨ ਨੂੰ ਮੁਮਕਿਨ ਕਰਨ ਦੀ ਮਹਾਨ ਚੁਣੌਤੀ ਹੈ ਜਿਸ ਨੂੰ ਮੈਂ ਬੜੀ ਆਜਜ਼ੀ ਸਹਿਤ ਕਬੂਲਿਆ ਹੈ; ਅਤੇ 'ਜੂਲੀਅਸ ਸੀਜ਼ਰ' ਆਪਣੀ ਪਹਿਲੀ ਕਾਵਸ਼ ਵਜੋਂ ਸਾਹਿਤ ਰਸੀਆਂ ਦੀ ਖਿਦਮਤ ਵਿੱਚ ਪੇਸ਼ ਕਰਦਾ ਹਾਂ; ਇਸ ਉਮੀਦ ਨਾਲ ਕਿ ਕੁਝ ਨਾ ਕੁਝ ਹੌਸਲਾਅਫਜ਼ਾਈ ਤਾਂ ਜ਼ਰੂਰ ਕਰਨਗੇ ਭਾਵੇਂ ਫੁੱਲਾਂ ਦੇ ਨਾਲ ਦੋ ਚਾਰ ਤਿੱਖਮੂਹੀਆਂ ਸੂਲਾਂ ਵੀ ਕਿਉਂ ਨਾਂ ਬਖਸ਼ਣ ਪਰ ਬਖਸ਼ਣਗੇ ਜ਼ਰੂਰ।

ਇਸ ਨਾਟਕ ਦਾ ਅਨੁਵਾਦ ਕਰਦਿਆਂ ਮੈਂ ਆਮ ਪੰਜਾਬੀ ਰੰਗ ਕਰਮੀਆਂ ਅਤੇ ਉਨ੍ਹਾਂ ਸਾਹਿੱਤ ਰਸੀਆਂ ਨੂੰ ਨਜ਼ਰ 'ਚ ਰੱਖਿਆ ਹੈ ਜੋ ਕਿਸੇ ਮਜਬੂਰੀ ਕਾਰਨ ਜਾਂ ਫਿਰ ਅੰਗਰੇਜ਼ੀ ਭਾਸ਼ਾ ਵਿੱਚ ਹੱਥ ਤੰਗ ਹੋਣ ਕਾਰਨ ਸ਼ੇਕਸਪੀਅਰ ਦਾ ਉਸ ਦੀ ਆਪਣੀ ਭਾਸ਼ਾ ਵਿੱਚ ਆਨੰਦ ਨਹੀਂ ਮਾਣ ਸਕਦੇ। ਇਸ ਲਈ ਮੈਨੂੰ ਇਹ ਕਹਿਣ ਵਿੱਚ ਰਤਾ ਵੀ ਸੰਕੋਚ ਨਹੀਂ ਕਿ ਇਹ ਅਨੁਵਾਦ ਵਿਦਵਾਨਾਂ ਅਤੇ ਪੰਡਤਾਈ ਦੇ ਦਾਅਵੇਦਾਰਾਂ ਲਈ ਨਹੀਂ ਹੈ; ਅਤੇ ਇਸੇ ਲਈ ਇਸ ਵਿੱਚ ਗੂੜ੍ਹ ਅਤੇ ਭਾਰੀ ਭਰਕਮ ਸੰਸਕ੍ਰਿਤ ਆਧਾਰਤ ਸ਼ਬਦਾਂ ਤੋਂ ਜਾਣ ਬੁੱਝ ਕੇ ਪਰਹੇਜ਼ ਕੀਤਾ ਗਿਆ ਹੈ ਤਾਕਿ ਆਮ ਪੜ੍ਹਣ ਵਾਲੇ ਨੂੰ ਸ਼ਬਦਕੋਸ਼ਾਂ ਦੇ ਵਰਕੇ ਨਾਂ ਫੋਲਣੇ ਪੈਣ। ਇਹੋ ਕਾਰਨ ਹੈ ਕਿ ਬਿਨਾ ਲੋੜ ਤੋਂ ਏਧਰੋਂ ਓਧਰੋਂ ਜੰਕ ਚੋਂ ਟੁੱਟੇ ਭੱਜੇ ਕਲ ਪੁਰਜ਼ੇ ਜੋੜ ਜਾੜ ਕੇ ਨਵੇਂ ਸ਼ਬਦ ਘੜਨ ਤੋਂ ਵੀ ਪਰਹੇਜ਼ ਕੀਤਾ ਗਿਆ ਹੈ। ਪਰ ਉਹ ਸ਼ਬਦ ਜੋ ਪਿਛਲੇ ਕਈ ਸੌ ਵਰ੍ਹਿਆਂ ਤੋਂ ਸਾਡੀ ਮਾਂ ਬੋਲੀ ਦਾ ਅਟੁੱਟ ਅੰਗ ਹੀ ਨਹੀਂ ਸਗੋਂ ਸ਼ਿੰਗਾਰ ਵੀ ਬਣ ਚੁੱਕੇ ਹਨ, ਨਿਸੰਕੋਚ ਵਰਤੇ ਗਏ ਹਨ ਬਿਨਾਂ ਕਿਸੇ ਭਾਸ਼ਾਈ ਆਧਾਰ ਦੇ ਵਿਤਕਰੇ ਤੋਂ। ਅਜੇਹੇ ਸ਼ਬਦ, ਵਾਕ-ਅੰਸ਼ ਅਤੇ ਮੁਹਾਵਰੇ ਆਦਿ ਮਾਂ ਬੋਲੀ ਨੇ ਬੜੇ ਪਿਆਰ ਨਾਲ ਆਪਣੀ ਬੁੱਕਲ਼ ਸਮੇਟੇ ਹੋਏ ਹਨ, ਅਤੇ ਉਹ ਇਸ ਦਾ ਅਟੁੱਟ ਅੰਗ ਬਣ ਚੁੱਕੇ ਹਨ। ਅਜਿਹੇ ਸ਼ਬਦਾਂ, ਵਾਕ ਅੰਸ਼ਾਂ ਤੇ ਮੁਹਾਵਰਿਆਂ ਤੋਂ ਪਰਹੇਜ਼ ਕਰਨਾ ਤਾਂ ਜਾਣ ਬੁੱਝ ਕੇ ਕੀਤੇ ਅਪਰਾਧ ਤੋਂ ਕਿਸੇ ਸੂਰਤ ਘੱਟ ਨਹੀਂ ਹੋ ਸਕਦਾ।

ਅੰਤ ਵਿੱਚ ਸਾਹਿਤ ਪਰੇਮੀਆਂ ਨੂੰ ਸਨਿਮਰ ਗੁਜ਼ਾਰਿਸ਼ ਹੈ ਕਿ ਆਪਣੇ ਬਹੁਮੁੱਲੇ ਸੁਝਾਵਾਂ ਨਾਲ ਜ਼ਰੂਰ ਨਿਵਾਜਣ। ਰਿਣੀ ਹੋਵਾਂਗਾ।

ਐਚ-ਐਸ-ਗਿੱਲ

5