ਪੰਨਾ:Macbeth Shakespeare in Punjabi by HS Gill.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਬਗ਼ਾਵਤ ਦਾ ਸਿਰ ਮੁੜ ਨਹੀਂ ਉੱਠਣਾ, ਬਣ ਬਿਰਨਮ ਦਾ ਉਠ ਨਹੀਂ ਤੁਰਨਾ,
ਭੋਗੂ ਮੈਕਬੈਥ ਸਿੰਘ ਆਸਨ ਨੂੰ, ਪ੍ਰਕ੍ਰਿਤੀ ਜੋ ਮੌਕਾ ਦਿੱਤਾ,
ਦਮ ਆਖਰੀ ਰਸਮ-ਏ-ਫਾਨੀ, ਕਾਲ ਨੇ ਜਦ ਥੀਂ ਲੇਖਾ ਮੰਗਣਾ।-
ਐਪਰ ਰਿਦਾ ਧੜਕਦੈ ਮੇਰਾ, ਇਹ ਜਾਨਣ ਲਈ -ਜੇ ਦੱਸ ਸਕਨੈ-
ਕਿ ਬੈਂਕੋ ਦੀ ਔਲਾਦ ਕਿਸੇ ਨੇ, ਕਦੇ ਦੇਸ਼ ਤੇ ਰਾਜ ਵੀ ਕਰਨੈ-?
ਚੁੜੇਲਾਂ:ਹੋਰ ਨਾਂ ਪੁੱਛ ਹੁਣ।
ਮੈਕਬੈਥ:ਪੱਕੀ ਕਰਾਓ ਤਸੱਲੀ ਮੇਰੀ , ਨਹੀਂ ਤਾਂ ਸ਼ਾਪ ਸਦੀਵੀ ਸਿਰੀਂ ਤੁਹਾਡੇ!
ਦੱਸੋ ਮੈਨੂੰ:ਹੁਣ ਭੱਠੀ ਕਿਉਂ ਇਹ ਬਹਿੰਦੀ ਜਾਂਦੀ?
ਤੇ ਕੇਹਾ ਇਹ ਸ਼ੋਰ ਸ਼ਰਾਬਾ?
{ਸ਼ਹਿਨਾਈ ਵਾਦਕਾਂ ਦਾ ਪ੍ਰਵੇਸ਼}

ਚੁੜੇਲ-1:ਵਖਾਓ ਇਹਨੂੰ!
ਚੁੜੇਲ-2:ਵਖਾਓ!
ਚੁੜੇਲ-3:ਵਖਾਓ!
ਸਾਰੀਆਂ:ਵਖਾਓ ਅੱਖਾਂ ਨੂੰ, ਰਿਦਾ ਰੁਲਾਓ; ਆਓ ਬਣੋ ਪਰਛਾਵੇਂ,ਤੇ ਫਿਰ ਕੂਚ ਕਰੋ!
{ਅੱਠ ਬਾਦਸ਼ਾਹਾਂ ਦਾ ਜਲੂਸ ਨਜ਼ਰ ਆਉਂਦਾ ਹੈ, ਆਖਰੀ ਦੇ ਹੱਥ ਦਰਪਨ ਹੈ,
ਪਿੱਛੇ ਬੈਂਕੋ ਚੱਲ ਰਿਹੈ}

ਮੈਕਬੈਥ:ਰੂਹ ਬੈਂਕੋ ਦੀ ਵਰਗਾ ਲਗਦੈਂ; ਜਾਹ ਕਿਧਰੇ ਮਰ ਖਪ ਜਾ ਜਾਕੇ!
ਮੁਕਟ ਤੇਰਾ ਇਹ ਨੈਣੀਂ ਮੇਰੇ, ਅਗਨ ਚੁਆਤੀ ਲਾਵੇ:
ਤੇ ਦੂਜੇ ਦੇ ਵਾਲ਼ ਸੁਨਹਿਰੀ, ਮਸਤਕ ਆਭਾ ਪਹਿਲੇ ਵਰਗੀ :
ਤੀਜਾ ਵੀ ਹੈ ਦੂਜੇ ਵਰਗਾ।
ਮਲੀਨ ਖੂਸਟੋ! ਕਿਉਂ ਇਹ ਤੁਸੀਂ ਵਖਾਇਐ ਮੈਨੂੰ?
ਚੌਥਾ ਵੀ ਏ ਓਹੀ !-ਅੱਖੀਓ ਪਾਟੋ ! ਕੀ ਇਹ ਪਾਲ਼ ਹਸ਼ਰ ਥੀਂ ਚੱਲੂ?
ਆਹ ਇੱਕ ਹੋਰ!-ਆਹ ਸੱਤਵਾਂ?-ਮੈਂ ਨਹੀਂ ਹੋਰ ਵੇਖਣਾ ਇਹਨੂੰ:
ਐਪਰ ਆਹ ਅੱਠਵਾਂ ਆਉਂਦੈ ! ਹੱਥ 'ਚ ਫੜਿਐ ਦਰਪਨ ਉਹਦੇ,
ਪਾਲ਼ ਜੋ ਹੋਰ ਵਖਾਏ ਲਮੇਰੀ ;
ਕਈਆਂ ਦੇ ਹੱਥ ਪ੍ਰਭੂਸੱਤਾ ਦੇ ਦੁਹਰੇ ਗੋਲ਼ੇ, ਰਾਜਡੰਡ ਤਿੰਨ ਫੜੇ ਨੇ;
ਘੋਰ ਭਿਆਨਕ ਦ੍ਰਿਸ਼ ਇਹ ਕਿੰਨਾ!
ਹੁਣ ਪਰ ਸਮਝ ਗਿਆਂ ਇਹ ਸੱਚ ਹੈ;
ਲਹੂ 'ਚ ਲਥਪਥ, ਲਟਾਂ ਉਲਝੀਆਂ ਗਲ਼ ਵਿੱਚ ਪਾਈਂ,
ਪ੍ਰੇਤ ਬੈਂਕੋ ਦਾ ਤਾਂਹੀ,ਵੇਖ ਮੈਨੂੰ ਮੁਸਕਾਈਂ ਜਾਂਦੈ,
ਨਾਲੇ ਕਰੇ ਇਸ਼ਾਰੇ ਇਨ ਸ਼ਾਹਾਂ ਵੱਲ, ਕਿ ਇਹ ਹਨ ਵਾਰਿਸ ਪੁੱਤਰ ਉਹਦੇ।

66