ਪੰਨਾ:Macbeth Shakespeare in Punjabi by HS Gill.pdf/69

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਐਪਰ ਇਸ ਉਪ੍ਰੰਤ ਹੱਥ ਵੀ ਚੱਲੂ ਮਨ ਦੇ ਨਾਲੇ,
ਜੋ ਵੀ ਆਊ ਦਿਲ 'ਚ ਪਹਿਲਾਂ, ਓਹੀ ਹੱਥ ਕਰੂਗਾ ਪਹਿਲਾਂ।
ਤੇ ਹੁਣ 'ਸੋਚ' ਦੇ ਸਿਰ 'ਕਰਮ' ਦਾ ਸਿਹਰਾ ਬੰਨ੍ਹਣ ਖਾਤਰ,
ਜੋ ਸੋਚਣੈ, ਸੋਚਣ ਸਾਰ ਬੱਸ ਕਰ ਹੀ ਦੇਣੈ:
ਮੈਕਡਫ ਕਿਲੇ ਅਚਾਨਕ ਜਾ ਕੇ ਧਾਵਾ ਕਰਨੈ; ਫਿਰ ਫਾਈਫ ਤੇ ਕਬਜ਼ਾ ਕਰਨੈ;
ਤਲਵਾਰ ਦੀ ਧਾਰ ਉਤਾਰ ਦੇਣੇ ਨੇ, ਤੀਵੀਂ ਉਹਦੀ, ਬੱਚੇ ਉਹਦੇ,
ਨਾਲੇ ਬਦਬਖਤ ਸਾਰੀਆਂ ਜਿੰਦਾਂ, ਜੋ ਕਹਿਲਾਵਣ ਵਾਰਸ ਉਹਦੇ।
ਮੂਰਖ ਵਾਲੀ ਨਹੀਂ ਇਹ ਸ਼ੇਖੀ ;
ਠੰਡਾ ਮਕਸਦ ਹੋਣ ਤੋਂ ਪਹਿਲਾਂ, ਇਹ 'ਕਾਰਾ' ਮੈਂ ਕਰ ਹੀ ਦੇਣੈ:
ਐਪਰ ਹੋਰ ਨਹੀਂ ਹੁਣ ਮਨ ਦੇ ਮੰਜ਼ਰ! ਕਿੱਥੇ ਨੇ ਉਹ ਹਰਕਾਰੇ?
ਆਓ, ਲੈ ਕੇ ਚੱਲੋ ਮੈਨੂੰ ਉਹਨਾਂ ਕੋਲੇ।
{ਪ੍ਰਸਥਾਨ}

ਸੀਨ-2


ਫਾਈਫ-
{ਮੈਕਡਫ ਦੇ ਕਿਲੇ 'ਚ ਇਕ ਕਮਰਾ}

{ਪ੍ਰਵੇਸ਼ ਲੇਡੀ ਮੈਕਡਫ, ਉਹਦਾ ਪੁੱਤਰ, ਅਤੇ ਰੌਸ}

ਲੇਡੀ ਮੈਕਡਫ:ਕੀ ਕੀਤੈ ਉਸ, ਜੋ ਭੱਜਿਐ ਦੇਸੋਂ?
ਰੌਸ:ਸ਼ਾਂਤ ਰਹੋ ਮਾਦਾਮ, ਰੱਖੋ ਸਬਰ ਸਬੂਰੀ ।
ਲੇਡੀ ਮੈਕਡਫ:ਕੁੱਝ ਨਹੀਂ ਸੀ ਉਹਨੇ ਕੀਤਾ: ਪਾਗਲਪਣ ਸੀ ਪਲਾਇਨ ਉਹਦਾ:
ਕਰਮੀਂ ਅਸੀਂ ਗੱਦਾਰ ਨਹੀਂ ਹੁੰਦੇ, ਡਰ ਸਾਨੂੰ ਗੱਦਾਰ ਬਣਾਉਂਦਾ।
ਰੌਸ:ਕਹਿ ਨਹੀਂ ਸਕਦੇ ਤੁਸੀਂ ਡਰ ਸੀ ਜਾਂ ਸਿਆਣਪ ਉਹਦੀ।
ਲੇਡੀ ਮੈਕਡਫ:ਸਿਆਣਪ! ਆਪਣੇ ਬੀਵੀ ਬੱਚਿਆਂ ਤਾਂਈਂ ਮੰਝਧਾਰੇ ਛੱਡਣਾ,
ਆਪਣਾ ਘਰ-ਘਾਟ, ਜਗੀਰਾਂ, ਰੁਤਬੇ, ਪਿੱਛੇ ਛੱਡ ਕੇ ਆਪੂੰ ਭੱਜਣਾ!
ਸਾਡੇ ਨਾਲ ਪਿਆਰ ਨਹੀਂ ਉਹਨੂੰ;
ਪ੍ਰਕ੍ਰਿਤੀ ਵਾਲੀ ਫਿਤ੍ਰਤ ਦੀ ਘਾਟ ਹੈ ਉਸ ਵਿੱਚ;
ਸਾਰੇ ਪੰਛੀਆਂ ਨਾਲੋਂ ਨਿੱਕੀ, ਇੱਕ ਮਾਮੂਲੀ ਚਿੜੀਆ,
ਬੱਚਿਆਂ ਨੂੰ ਬਚਾਵਣ ਖਾਤਰ, ਉੱਲੂ ਨਾਲ ਵੀ ਲੜ ਜਾਂਦੀ ਹੈ,
ਜੋ ਆਲ੍ਹਣੇ ਉਸ ਦੇ ਹੱਲਾ ਕਰਦਾ।


੬੮

68