ਪੰਨਾ:Macbeth Shakespeare in Punjabi by HS Gill.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਇਹ ਤਾਂ ਨਿਰੋਲ ਡਰ ਹੈ ਉਹਦਾ, ਪਿਆਰ ਤੋਂ ਬਿਲਕੁਲ ਕੋਰਾ;
ਸਿਆਣਪ-ਵਿਆਣਪ ਕੁੱਝ ਨਹੀਂ ਹੈ, ਪਲਾਇਨ ਉਲਟ ਹੈ ਹਰ ਤਰਕ ਦੇ।
ਰੌਸ:ਭੈਣ ਮੇਰੀਏ, ਚਾਚੇ ਜਾਈਏ, ਅਰਜ਼ ਕਰਾਂ: ਸਮਝਾ ਲੈ ਖੁਦ ਨੂੰ:
ਕੰਤ ਤੇਰਾ ਕੁਲੀਨ, ਸਿਆਣਾ, ਨਿਆਂ-ਪਸੰਦ ਤੇ ਦਾਨਾ-ਬੀਨਾ,
ਨਜ਼ਾਕਤ ਵਕਤ ਦੀ ਖੂਬ ਪਛਾਣੇ। ਹੋਰ ਕਹਿਣ ਦੀ ਨਹੀਂ ਹੈ ਹਿੰਮਤ:
ਸਮਾਂ ਬੜਾ ਕਰੂਰ ਹੋ ਗਿਐ, ਅਣਜਾਣੇ ਗੱਦਾਰ ਹੋ ਜਾਈਏ;
ਜਦ ਅਸੀਂ ਅਫਵਾਹ ਕੋਈ ਸੁਣਦੇ, ਜਿਸ ਦਾ ਸਾਨੂੰ ਡਰ ਹੁੰਦਾ ਹੈ;
ਫਿਰ ਵੀ ਸਾਨੂੰ ਪਤਾ ਨਹੀਂ ਹੁੰਦਾ, ਡਰ ਕਿਸ ਸ਼ੈਅ ਦਾ ਹੁੰਦੈ,
ਐਪਰ ਖਾਈਏ ਡੱਕੇ ਡੋਲੇ, ਜਿਉਂ ਤੂਫਾਨੀ ਸਾਗਰ ਅੰਦਰ ਪੈਣ ਥਪੇੜੇ।
ਮੈਨੂੰ ਹੁਣ ਇਜਾਜ਼ਤ ਦੇਵੋ: ਝਬਦੇ ਗੇੜਾ ਫੇਰ ਮੈਂ ਮਾਰੂੰ:
ਮੰਦੇ ਹਾਲ ਅੰਤ ਮੁੱਕ ਜਾਂਦੇ, ਜਾਂ ਫਿਰ ਬਦਤਰ ਹੁੰਦੇ ਪਹਿਲਾਂ ਨਾਲੋਂ।-
ਚੰਗਾ, ਮੇਰੀ ਭੈਣ ਪਿਆਰੀ , ਰੱਬ ਦੀ ਤੁਧ ਤੇ ਰਹਿਮਤ ਹੋਵੇ!
ਲੇਡੀ ਮੈਕਡਫ:ਭਾਵੇਂ ਬੀਜ ਹੈ ਆਪਣੇ ਪਿਓ ਦਾ, ਪਿਓ ਬਾਹਰਾ ਪਰ ਅੱਜ ਖੜਾ ਹੈ।
ਰੌਸ:ਮੇਰੇ ਜਿਹਾ ਨਹੀਂ ਮੂਰਖ ਹੋਣਾ, ਜੇ ਮੈਂ ਹੋਰ ਅਟਕਿਆ ਏਥੇ,
ਜ਼ਿੱਲਤ, ਘਿਰਣਾ ਮੇਰੇ ਪੱਲੇ, ਦੁੱਖ, ਤਕਲੀਫਾਂ, ਤਸੀਹੇ ਤੈਨੂੰ:
ਤਾਂ ਤੇ ਤੁਰੰਤ ਆਗਿਆ ਮੰਗਦਾਂ।
{ਪ੍ਰਸਥਾਨ}

ਲੇਡੀ ਮੈਕਡਫ:ਪਿਓ ਮੋਇਆ ਏ ਤੇਰਾ ਬੱਚੇ;
ਬਿਨਾਂ ਬਾਪ ਹੁਣ ਕੀ ਕਰੇਂਗਾ? ਕਿੱਦਾਂ ਉਮਰ ਲੰਘਾਉਣੀ?
ਬੇਟਾ:ਜਿੱਦਾਂ ਜੀਂਦੇ ਪੰਛੀ, ਮਾਮਾ।
ਲੇਡੀ ਮੈਕਡਫ:ਮੱਖੀਆਂ ਕੀੜੇ ਖਾ ਕੇ?
ਬੇਟਾ:ਮੇਰਾ ਮਤਲਬ ਜਿੱਦਾਂ ਕਿੱਦਾਂ ਕਰੂੰ ਗੁਜ਼ਾਰਾ, ਜਿਉਂ ਪੰਛੀ ਨੇ ਕਰਦੇ।
ਲੇਡੀ ਮੈਕਡਫ:ਨੰਨ੍ਹੇ ਪੰਛੀ! ਪਤਾ ਨਹੀਂ ਤੈਨੂੰ, ਚੂਨਾ-ਚੀੜ੍ਹ ਤੇ ਜਾਲ, ਕੜੱਕੀ,
ਖਾਤਾ, ਫੰਦਾ ਕੀ ਹੁੰਦੇ ਨੇ।
ਬੇਟਾ:ਮੈਨੂੰ ਲੋੜ ਭਲਾ ਕੀ ਮਾਮਾ, ਇਹ ਸਭ ਜਾਣਾਂ ?
ਮਾੜੇ ਮੋਟੇ ਪੰਛੀ ਬੇਚਾਰੇ, ਇਹਨਾਂ ਲਈ ਨਹੀਂ ਰਾਖਵੇਂ ਹੁੰਦੇ।
ਨਾਲੇ ਬਾਪ ਮੇਰਾ ਨਹੀਂ ਮੋਇਆ ਹਾਲੇ, ਤੂੰ ਭਾਵੇਂ ਜੋ ਵੀ ਆਖੇਂ।
ਲੇਡੀ ਮੈਕਡਫ:ਹਾਂ, ਉਹ ਤਾਂ ਸੱਚੀਂ ਮੋਇਐ: ਹੁਣ ਤੂੰ ਕੀ ਕਰੇਂਗਾ ਪਿਓ ਦੇ ਬਾਝੋਂ?
ਬੇਟਾ:ਨਹੀਂ, ਪਰ ਤੂੰ ਕੀ ਕਰੇਂਗਾ ਕੰਤ ਦੇ ਬਾਝੋਂ?
ਲੇਡੀ ਮੈਕਡਫ:ਕਿਉਂ! ਮੰਡੀਓਂ ਭਾਵੇਂ ਵੀਹ ਲੈ ਆਵਾਂ।
ਬੇਟਾ:ਫਿਰ ਤਾਂ ਤੂੰ ਵਣਜ ਕਰੇਂਗੀ।
ਲੇਡੀ ਮੈਕਡਫ:ਆਹ ਸਿਆਣੀ ਗੱਲ ਕੀਤੀ ਤੂੰ; ਇਸ ਉਮਰੇ ਬੱਸ ਏਨੀ ਕਾਫੀ।

69