ਪੰਨਾ:Macbeth Shakespeare in Punjabi by HS Gill.pdf/74

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਡਰ ਨਹੀਂ ਹੈ ਪੂਰਨ ਤੇਰਾ;
ਮੈਂ ਸਮਝਦਾਂ ਦੇਸ ਅਸਾਡਾ, ਗ਼ੁਲਾਮੀ ਅੰਦਰ ਧਸਦਾ ਜਾਂਦੈ;
ਲਹੂ 'ਚ ਲਥਪਥ ਰੋਈਂ ਜਾਂਦੈ; ਨਿੱਤ ਨਵੇਂ ਦਿਨ ਘਾਓ ਅਵੱਲੇ ਖਾਈਂ ਜਾਂਦੈ,
ਜ਼ਖਮਾਂ ਵਾਲੀ ਗਿਣਤੀ ਆਪਣੀ ਹੋਰ ਵਧਾਈਂ ਜਾਂਦੈ:
ਮੈਂ ਜਾਣਦਾਂ ਹੱਕ 'ਚ ਮੇਰੇ, ਹੱਥ ਉੱਠਣ ਗੇ ਹੋਰ ਵੀ ਓਥੇ;
ਨਾਲੇ ਮਿਹਰਬਾਨ ਬਰਤਾਨੀ ਸ਼ਾਹ ਨੇ, ਪੇਸ਼ ਕੀਤੇ ਨੇ ਹਜ਼ਾਰਾਂ ਸੈਨਿਕ:
ਐਪਰ ਇਹ ਸਭ ਹੁੰਦਿਆਂ ਸੁੰਦਿਆਂ,ਜਦ ਮੈਂ ਕੁਚਲੂੰ ਸਿਰ ਜ਼ੁਲਮੀ ਦਾ,
ਜਾਂ ਤਲਵਾਰ ਦੀ ਧਾਰ ਤੇ ਰੱਖੂੰ;
ਦੇਸ ਤਾਂ ਮੇਰਾ ਹੋਰ ਵਧੇਰੇ ਝੱਲੂ, ਪਹਿਲਾਂ ਨਾਲੋਂ ਵੱਡੀਆਂ ਬਦੀਆਂ;
ਬਰਦਾਸ਼ਤ ਹੋਰ ਵੀ ਕਰਨੇ ਪੈਣੇ ਉਹਨੂੰ, ਦੁੱਖ ਦਰਦ ਅਨੇਕ ਕਿਸਮ ਦੇ,
ਜੋ ਵੀ ਮੁਕਟ ਕੰਡਿਆਂ ਵਾਲਾ ਸੀਸ ਸਜਾਊ।
ਮੈਕਡਫ:ਕੌਣ ਹੋਊਗਾ ਐਸਾ ਕੋਈ?
ਮੈਲਕੌਲਮ:ਮੇਰਾ ਮਤਲਬ ਮੈਂ ਹੀ ਹੋਊਂ:
ਮੈਂ ਜਾਣਦਾਂ ਰਿਦੇ 'ਚ ਮੇਰੇ,'ਕਲਮਾਂ' ਕਿੰਨੀਆਂ ਬਦੀ ਦੀਆਂ ਲੱਗੀਆਂ,
ਜਦ ਉਹ ਫੁੱਟੀਆਂ ਮੈਕਬੈਥ ਕਾਲਾ, ਕੋਹਰੇ ਵਰਗਾ ਪਾਕ ਹੀ ਦਿਸਣੈ;
ਤੁਲਣਾ ਜਦ ਲਾਚਾਰ ਰਿਆਸਤ ਕੀਤੀ, ਲੇਲ਼ੇ ਜਿਹਾ ਮਾਸੂਮ ਲੱਗਣੈ,
ਬੇਸ਼ੁਮਾਰ ਮੇਰੇ ਨੁਕਸਾਂ ਨਾਲ।
ਮੈਕਡਫ:ਘੋਰ ਭਿਆਨਕ ਨਰਕ ਦੇ ਅੰਦਰ, ਬੇਸ਼ੁਮਾਰ ਸ਼ੈਤਾਨ ਜੋ ਰਹਿੰਦੇ,
ਉਹਨਾਂ ਦਾ ਸਿਰਤਾਜ ਵੀ ਕੋਈ, ਮੈਕਬੈਥ ਨਾਲੋਂ ਨਹੀਂ ਭਿਆਨਕ।
ਮੈਲਕੌਲਮ:ਮੈਂ ਮੰਨਦਾਂ ਉਹ ਖੂਨੀ , ਕਾਤਲ, ਅਯਾਸ਼, ਲਫੰਗਾ,
ਧੋਖੇਬਾਜ਼ ਬੜਾ ਹੀ ਝੂਠਾ, ਲਾਲਚੀ ਕੁੱਤਾ, ਮਹਾਂ ਕਮੀਨਾ,
ਮੌਤ ਭਿਅੰਕਰ, ਹੱਥ ਦਾ ਕਾਹਲਾ, ਦੋਸ਼ ਦੁਵੈਖ ਦਾ ਭਰਿਆ ਭਾਂਡਾ,
ਬੂ ਮਾਰਦਾ ਹਰ ਬਦੀ ਦੀ , ਜੋ ਵੀ ਦੁਨੀ 'ਚ ਨਾਂਅ ਧਰਾਵੇ:
ਐਪਰ ਮੇਰੇ ਹਵਸ, ਨਫਸ ਦਾ ਪੇਂਦਾ ਹੈ ਨਹੀਂ, ਥਾਹ ਨਹੀਂ ਕੋਈ:
ਰਈਅਤ ਦੀਆਂ ਸਭ ਬਹੂ ਬੇਟੀਆਂ, ਸੁਆਣੀਆਂ ਸੁੰਦਰ, ਅੱਲੜ ਮੁਟਿਆਰਾਂ,
ਖਾਤਾ ਮੇਰੀ ਸ਼ਹਿਵਤ ਵਾਲਾ, ਸਭ ਤੋਂ ਮਿਲ ਕੇ ਭਰ ਨਹੀਂ ਹੋਣਾ:
ਬੇਸ਼ੁਮਾਰ ਭੁੱਖਾਂ ਬਾਕੀ ਨੇ ਫਿਰ, ਰੋਕ ਰੁਕਾਵਟ, ਕੁੱਲ ਬੰਦਸ਼ਾਂ,
ਅੜਾਖੋਟ ਸਭ ਟੱਪ ਜਾਣੇ ਨੇ, ਜੋ ਨਫਸ ਮੇਰੇ ਦੇ ਰਾਹ ਵਿੱਚ ਆਏ:
ਕਿਤੇ ਜ਼ਿਆਦਾ ਚੰਗਾ ਮੈਕਬੈਥ, ਅਜਿਹੇ ਰਾਜੇ ਨਾਲੋਂ।
ਮੈਕਡਫ:ਅਸੀਮ, ਅਸੰਜਮ ਸੁਭਾਅ ਤਾਂ ਮੰਨੋ, ਜ਼ੁਲਮ ਹੀ ਹੁੰਦੈ;
ਹਸਦੇ ਵਸਦੇ ਤਖਤ ਬੜੇ ਇਸ, ਬੇਵਕਤੇ ਹੀ ਸੁੰਨੇ ਕੀਤੇ,
ਬੜੇ ਸ਼ਾਹਾਂ ਦਾ ਪਤਨ ਕਰਾਇਐ।
ਐਪਰ ਫਿਕਰ ਦੀ ਲੋੜ ਨਹੀਂ ਹੈ, ਆਪਣੀ ਸ਼ੈਅ ਤੇ ਕਾਬੂ ਕਰਨੈ:

73