ਪੰਨਾ:Macbeth Shakespeare in Punjabi by HS Gill.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਪਹਿਲਾ ਝੂਠ ਇਸ ਜੀਵਨ ਦਾ, ਨਿੰਦਿਆ ਖੁਦ ਨੂੰ ਤੇਰੇ ਸਾਹਵੇਂ:
ਜੋ ਮੈਂ ਹਾਂ ਸੋ ਹਾਂ, ਨਾਲੇ ਮੇਰਾ ਦੇਸ ਬੇਚਾਰਾ, ਬੱਸ ਤੇਰੇ ਹਾਂ ਦੋਵੇਂ,
ਜਿੱਧਰ ਤੋਰੇਂ ਤੁਰੀਏ ਓਧਰ, ਜੋ ਬੋਲੇਂ ਸੋ ਕਰੀਏ, ਹੁਕਮ ਬਜਾਈਏ ਤੇਰਾ;
ਬਜ਼ੁਰਗ ਸੀਵਰਡ ਲੈ ਗਿਐ ਨਾਲੇ, ਦਸ ਹਜ਼ਾਰ ਜੋਧੇ, ਜੰਗਜੂ ਭਾਰੇ,
ਜੰਗ ਦੀ ਬੜੀ ਤਿਆਰੀ ਉਹਦੀ, ਹਮਲੇ ਲਈ ਤਿਆਰ ਖੜਾ ਹੈ:
ਹੁਣ ਆਪਾਂ ਵੀ ਹੋਗੇ ਕੱਠੇ, ਤੇ ਭਲਿਆਈ ਦਾ ਅਵਸਰ ਫਲ਼ਣੈ,
ਜੀਹਦੇ ਲਈ ਸੰਘਰਸ਼ ਹਾਂ ਕਰਦੇ। ਐਪਰ ਚੁੱਪ ਹੈਂ ਕਾਹਦੀ ਖਾਤਰ?
ਮੈਕਡਫ:'ਦੁਰ, ਦੁਰ' ਨਾਲੇ 'ਜੀ ਆਇਆਂ ਨੂੰ' ਇੱਕੋ ਵੇਲ਼ੇ ਇੱਕ ਜ਼ੁਬਾਨੋਂ!
ਗੱਲ ਕੁੱਝ ਮੇਰੇ ਦਿਲ ਨਹੀਂ ਲੱਗਦੀ ।
{ਪ੍ਰਵੇਸ਼ ਇੱਕ ਵੈਦ ਦਾ}

ਮੈਲਕੌਲਮ:ਚੰਗਾ ਫੇਰ, ਬਾਕੀ ਗੱਲ ਕਰਾਂਗੇ ਫੌਰਨ ਇਸ ਤੋਂ ਪਿੱਛੋਂ।-
(ਵੈਦ ਨੂੰ):ਅਰਜ਼ ਗੁਜ਼ਾਰਾਂ ਦੱਸੋ ਮੈਨੂੰ, ਪਧਾਰ ਰਹੇ ਨੇ ਸ਼ਾਹ ਸਲਾਮਤ?
ਵੈਦ:ਜੀ ਸਰਕਾਰ: ਬਦਬਖਤ ਰੂਹਾਂ ਦਾ ਝੁੰਡ ਜੁੜ ਗਿਐ,
ਸ਼ਫਾਯਾਬੀ ਦੀਆਂ ਸ਼ਾਹ ਦੇ ਕੋਲੋਂ ਕਰਨ ਉਡੀਕਾਂ:
ਦੀਰਘ ਰੋਗ ਉਨ੍ਹਾਂ ਦਾ, ਹਿਕਮਤ ਵਾਲੇ ਹੁਨਰ ਸ਼ਾਹੀ ਨੂੰ,
ਮੰਨਤਾਂ ਕਰ ਮਨਾਉਂਦੈ;
ਪਰ 'ਉੱਪਰ ਵਾਲੇ' ਹੱਥ ਸ਼ਾਹੀ ਨੂੰ, ਅਜਿਹਾ ਪਾਕ ਬਣਾਇਐ,
ਬੱਸ ਮਾਮੂਲੀ ਛੁਹ 'ਚ ਉਹਦੀ, ਤੁਰੰਤ ਸੰਪੂਰਨ ਸ਼ਫਾਯਾਬੀ ਦਾ
ਸੁਨਿਹਰੀ ਰਾਜ਼ ਲਕਾਇਐ।

ਮੈਲਕੌਲਮ:ਧੰਨਵਾਦ ਵੈਦ ਜੀ ਤੁਹਾਡਾ।

{ਵੈਦ ਜਾਂਦਾ ਹੈ

}

ਮੈਕਡਫ:ਕਿਸ ਰੋਗ ਦੀ ਗੱਲ ਇਹ ਕਰਦੈ?
ਮੈਲਕੌਲਮ:ਇਸ ਨੂੰ ਲੋਕੀ ਕਹਿਣ ਹਜੀਰਾਂ, ਗ਼ਦੂਦਾਂ ਦੀ ਇਹ ਤਪਦਿੱਕ ਹੁੰਦੀ:
ਏਥੇ ਰਹਿੰਦਿਆਂ ਅਕਸਰ ਵੇਖਿਐ, ਇਲਾਜ ਕਰਦਿਆਂ ਆਪੂੰ ਸ਼ਾਹ ਨੂੰ।
ਕਿੱਦਾਂ ਮੰਗੇ ਰਿਹਮਤ ਅੰਬਰੀ , ਕਿੱਦਾਂ ਬਖਸ਼ਿਸ਼ ਹੁੰਦੀ ਇਹਨੂੰ,
ਇਹ ਤਾਂ ਬੱਸ ਪਤਾ ਹੈ ਇਹਨੂੰ:-
ਅਜੀਬ-ਓ-ਗ਼ਰੀਬ ਨਾਸੂਰੀ ਫੋੜਿਆਂ ਵਾਲੇ, ਰੋਗੀ ਐਸੇ ਆਉਂਦੇ,
ਵੇਖਿਆਂ ਤਰਸ ਜਿਨ੍ਹਾਂ ਤੇ ਆਵੇ, ਜੱਰਾਹੀ ਵੀ ਜੁਆਬ ਦੇ ਜਾਂਦੀ,
ਐਪਰ ਸ਼ਫਾਯਾਬ ਹੋ ਜਾਂਦੇ, ਸ਼ਾਹ ਦੇ ਹੱਥ ਸ਼ਫਾ ਹੈ ਐਸੀ-;
ਰੋਗੀ ਦੇ ਗਲ਼ ਪਾਉਂਦੈ, ਸ਼ਾਹਮੁਖੀ ਸੋਨ-ਪੱਤਰਾ ਪ੍ਰਾਰਥਨਾਵਾਂ ਦਾ:
ਨਾਲੇ ਕਹਿੰਦੇ ਸ਼ਾਹੀ ਵਾਰਸਾਂ ਤਾਈਂ, ਸ਼ਫਾਯਾਬੀ ਦੀ ਇਹ ਬਖਸ਼ਿਸ਼,
ਸ਼ਾਹ ਤੋਂ ਵਿਰਸੇ ਵਿੱਚ ਹੈ ਮਿਲਣੀ।
ਅਦਭੁਤ ਬੜਾ ਹੋਰ ਵੀ ਸਦਗੁਣ, ਅੰਬਰਾਂ ਬਖਸ਼ਿਸ਼ ਕੀਤੈ ਇਹਨੂੰ:

76